Tuesday, July 13, 2010

ਅਸੀਂ ਪੰਜਾਬੀ ਕਿਉਂ ਸਿੱਖੀਏ?

ਪੰਜਾਬੀ ਭਾਈਚਾਰਾ ਹੁਣ ਅੰਤਰਰਾਸ਼ਟਰੀ ਹੋ ਗਿਆ ਹੈ।ਪੰਜਾਬੀ ਦੁਨੀਆਂ ਦੇ ਹਰ ਕੋਨੇ ਵਿੱਚ ਵਸੇ ਹਨ
ਪੰਜਾਬੀ ਦੁਨੀਆਂ ਵਿਚ 120 ਮਿਲੀਅਨ ਲੋਕਾਂ ਦੀ ਮਾਂ ਬੋਲੀ ਹੈ। ਬੋਲੀਆਂ ਜਾਣ ਵਾਲੀਆਂ ਬੋਲੀਆਂ ਚ ਪੰਜਾਬੀ 12ਵੀਂ ਬੋਲੀ ਹੈ ਅਤੇ ਇਹੀ ਦਰਜਾ ਫਰੈਂਚ ਦਾ ਹੈ। ਇਹ ਦਰਜਾ ਤਾਂ ਸੇੰਸੇਕ੍ਸ ਦੇ ਆਧਾਰ ਤੇ ਹੈ। ਜੇ ਸਾਰੇ ਪੰਜਾਬੀ ਬੋਲਣ ਵਾਲੇ ਅਪਣੀ ਮਾਂ ਬੋਲੀ ਪੰਜਾਬੀ ਲਿਖਾਉਣ ਤਾਂ ਇਹ ਦਰਜਾ ਹੋਰ ਵੀ ਉੱਚਾ ਹੋ ਸਕਦਾ ਹੈ।
ਵਿਸ਼ਵੀਕਰਨ ਅਤੇ ਉਦਾਰੀਕਰਨ ਨਾਲ ਸੰਸਾਰ ਭਰ ਵਿੱਚ ਇੱਕ ਸਾਂਝਾ ਸੱਭਿਆਚਾਰ ਜਨਮ ਲੈ ਰਿਹਾ ਹੈ।ਪੰਜਾਬੀ ਵਿਰਸੇ ਅਤੇ ਸੱਭਿਆਚਾਰ ਵਿੱਚ ਇੰਨੀ ਸਮਰਥਾ ਹੈ ਕਿ ਇਸ ਉੱਭਰ ਰਹੇ ਵਿਸ਼ਵ-ਸੱਭਿਆਚਾਰ ਵਿੱਚ ਆਪਣਾ ਯੋਗਦਾਨ ਪਾ ਕੇ ਵਿਸ਼ੇਸ ਸਥਾਨ ਪ੍ਰਾਪਤ ਕਰ ਸਕਦਾ ਹੈ।ਇਸ ਲਈ ਸਾਡੇ ਲਈ ਜ਼ਰੂਰੀ ਹੈ ਕਿ ਅਸੀਂ ਆਪਣੀ ਅਤੇ ਆਪਣੇ ਸੱਭਿਆਚਾਰ ਦੀ ਪਛਾਣ ਕਰੀਏ ਤੇ ਇਸ ਨੂੰ ਬੱਚਿਆਂ ਤੱਕ ਪਹੁੰਚਾਈਏ। ਇਹ ਮਾਂ ਬੋਲੀ ਪੰਜਾਬੀ ਤੋਂ ਬਿਨਾਂ ਸੰਭਵ ਨਹੀ ਹੈ।
ਕਿਸੇ ਸਿਆਣੇ ਵਿਅਕਤੀ ਦਾ ਕਹਿਣਾ ਹੈ ਕਿ ਕਿਸੇ ਵੀ ਮਾਂ ਪਿਓ ਵਲੋਂ ਬੱਚਿਆਂ ਨੂੰ ਦੇਣ ਲਈ ਸਭ ਤੋਂ ਵੱਡਾ ਤੋਹਫਾ ਮਾਂ ਬੋਲੀ ਅਤੇ ਸੱਭਿਆਚਾਰ ਦੀ ਸਿੱਖਿਆ ਹੈ।
ਜਦੋਂ ਅਸੀਂ ਬੋਲਦੇ ਹਾਂ ਤਾਂ ਪੰਜਾਬੀ ਵਿੱਚ ਕਈ ਇਹੋ ਜਿਹੀਆਂ ਧੁਨੀਆਂ/ਸਵਰ ਹਨ ਜਿਹੜੀਆਂ ਪੱਛਮੀ ਬੋਲੀਆਂ ਬੋਲਣ ਵੇਲੇ ਨਾ ਤਾਂ ਪੈਦਾ ਹੁੰਦੀਆਂ ਹਨ ਅਤੇ ਨਾਂ ਹੀ ਉਹ ਲੋਕ ਉਹਨਾਂ ਨੂੰ ਸਮਝ ਸਕਦੇ ਹਨ ਅਤੇ ਨਾਂ ਹੀ ਕਿਆਸ (conceptual) ਕਰ ਸਕਦੇ ਹਨ। ਜਿਵੇਂ ੜ (ਲੜਕਾ, ਗੜਬੜ) ਦੀ ਅਵਾਜ਼ ਹੈ।ਇਸ ਤਰ੍ਹਾਂ ਪੰਜਾਬੀ ਬੋਲਣ ਵਾਲਿਆਂ ਦੀ ਉਚਾਰਨ ਸ਼ਕਤੀ/ਸਮਰਥਾ ਵਿਸ਼ਾਲ ਹੈ।

ਜ਼ੁਬਾਨ ਸਾਡਾ ਇਕ ਆਪਸ ਵਿੱਚ ਗੱਲਬਾਤ ਜਾਂ ਸੰਪਰਕ (communicate) ਕਰਨ ਜਾਂ ਰੱਖਣ ਦਾ ਸਾਧਨ ਹੈ। ਜਦੋਂ ਇੱਕ ਬੱਚਾ ਜਨਮ ਲੈਂਦਾ ਹੈ ਉਹ ਆਪਣੀ ਮਾਂ ਕੋਲੋਂ ਮਾਂ ਬੋਲੀ ਸਿੱਖਦਾ ਹੈ। ਅਤੇ ਘਰ ਦੇ ਮਾਹੌਲ ਚੋਂ ਬੋਲੀ ਦੇ ਨਾਲ ਨਾਲ ਸੱਭਿਆਚਾਰ, ਧਰਮ, ਰਸਮੋ ਰਿਵਾਜ਼, ਅਤੇ ਹੋਰ ਸਮਾਜਕ ਕਦਰਾਂ ਕੀਮਤਾਂ ਵੀ ਸਿੱਖਦਾ ਹੈ।ਇਹ ਧਾਰਮਕ ਅਤੇ ਸੱਭਿਆਚਾਰਕ ਕਦਰਾਂ ਕੀਮਤਾਂ ਦੀ ਸਿੱਖਿਆ ਉਸ ਨੂੰ ਭਵਿੱਖ ਵਿੱਚ ਗਲਤ ਤੇ ਸਹੀ ਦੀ ਪਛਾਣ ਕਰਾਉਂਦੀ ਰਹਿੰਦੀ ਹੈ।ਬੱਚੇ ਦੀ ਸਖਸ਼ੀਅਤ ਉੱਤੇ ਉਸ ਦੇ ਮਾਹੌਲ ਦਾ ਬਹੁਤ ਅਸਰ ਹੂੰਦਾ ਹੈ। ਧਰਮ, ਸੱਭਿਆਚਾਰ ਅਤੇ ਬੋਲੀ ਤਿੰਨੋ ਚੀਜ਼ਾਂ ਕਿਸੇ ਸਮਾਜ, ਪ੍ਰੀਵਾਰ ਜਾਂ ਭਾਈਚਾਰੇ ਵਿੱਚ ਗੂੰਦ (glue) ਦਾ ਕੰਮ ਕਰਦੇ ਹਨ। ਜੇ ਕਿਸੇ ਇੱਕ ਨੂੰ ਹਟਾ ਦੇਈਏ ਜਾਂ ਨਾ ਵਰਤੀਏ ਤਾਂ ਸਾਡਾ ਸਮਾਜ, ਪ੍ਰੀਵਾਰ, ਜਾਂ ਭਾਈਚਾਰਾ ਟੁੱਟ ਜਾਵੇਗਾ।

ਸਿੱਖਾਂ ਲਈ ਬੱਚਿਆਂ ਨੂੰ ਪੰਜਾਬੀ ਸਿਖਾਉਣੀ ਬਹੁਤ ਜ਼ਰੂਰੀ ਹੈ। ਜੇ ਨਾ ਸਿਖਾਈ, ਬੋਲੀ ਦੇ ਨਾਲ ਨਾਲ ਧਰਮ ਵੀ ਖਤਮ ਹੋ ਜਾਏਗਾ

ਸਾਡੇ ਬੱਚਿਆਂ ਨੂੰ ਅੰਗਰੇਜ਼ੀ ਵਿੱਚ ਪੂਰੀ ਮੁਹਾਰਤ ਹੋਣੀ ਚਾਹੀਦੀ ਹੈ ਤਾਂ ਜੋ ਉਹ ਚੰਗਾ ਰੁਜ਼ਗਾਰ ਪ੍ਰਾਪਤ ਕਰ ਸਕਣ ਅਤੇ ਹਰ ਇੱਕ ਨੂੰ ਉਹਨਾ ਤੇ ਮਾਣ ਹੋਵੇ।ਪਰ ਨਾਲ ਦੀ ਨਾਲ ਪੰਜਾਬੀ ਵੀ ਸਿੱਖਣੀ ਚਾਹੀਦੀ ਹੈ ਤਾਂ ਜੋ ਇੱਕ ਪੰਜਾਬੀਅਤ ਦੀ ਤੰਦ ਜੋ ਸਾਨੂੰ ਜੋੜਦੀ ਹੈ ਉਹ ਨਾ ਟੁੱਟੇ।

ਮਾਂ ਬੋਲੀ ਕਿਸੇ ਆਦਮੀ ਦਾ ਸਾਰਾ ਵਿਅਕਤੀਤਵ ਹੈ, ਜਿੰਦਗੀ ਹੈ। ਮਨੁੱਖ ਸਮਾਜਕ ਪ੍ਰਾਣੀ ਹੈ। ਬੋਲੀ ਸਮਾਜ ਨਾਲ ਸੰਬੰਧ ਰੱਖਣ ਦਾ ਸਾਧਨ ਹੈ ਜਿਸ ਨਾਲ ਮਨੁੱਖ ਜਿਉਂਦਾ ਰਹਿੰਦਾ ਹੈ। ਜੇ ਸਾਨੂੰ ਅਜਿਹੀ ਥਾਂ ਰਹਿਣਾ ਪਵੇ ਜਿੱਥੇ ਸਮਾਜ ਵਿੱਚ ਮਾਂ ਬੋਲੀ ਨਹੀਂ ਹੈ ਉੱਥੇ ਅਸੀਂ ਮਾਨਸਿਕ ਤੌਰ ਤੇ, ਸੱਭਿਆਚਾਰਕ ਤੌਰ ਤੇ ਅਤੇ ਸਰੀਰਕ ਤੌਰ ਤੇ ਮਰ ਜਾਵਾਂਗੇ। ਬੋਲੀ ਦੇ ਵਿੱਚ ਹੀ ਸੱਭਿਆਚਾਰਕ ਜਿੰਦਗੀ ਦੇ ਅਹਿਸਾਸ ਹਨ, ਸੰਵੇਦਨਸ਼ੀਲਤਾ ਹੈ। ਇਹ ਕਦੇ ਨਹੀਂ ਹੁੰਦਾ ਕਿ ਦੋ ਪੰਜਾਬੀ ਇੱਕ ਦੂਜੇ ਕੋਲੋਂ ਬਿਨਾ ਮੁਸਕਰਾਏ ਲੰਘ ਜਾਣ।ਸਾਡੇ ਬੱਚਿਆਂ ਨੇ ਜੇਕਰ ਪੰਜਾਬੀ ਨਾ ਸਿੱਖੀ ਤਾਂ ਉਹ ਇੱਕ ਦੂਜੇ ਨੂੰ ਅਜਨਬੀਆਂ ਦੀ ਤਰ੍ਹਾਂ ਮਿਲਣਗੇ ਜੋ ਬਿਲਕੁਲ ਚੰਗਾ ਨਹੀ ਹੋਵੇਗਾ।

ਆਧੁਨਿਕ ਪੰਜਾਬੀ ਸਾਹਿਤ ਵੀ ਬਹੁਤ ਅਮੀਰ ਹੈ।ਸਾਹਿਤਕਾਰਾਂ ਨੇ, ਲੇਖਕਾਂ ਨੇ ਦੁਨੀਆਂ ਦੇ ਹਰ ਵਰਤਾਰੇ ਨਾਲ ਪ੍ਰਤੀਕਿਰਿਆ ਕੀਤੀ ਅਤੇ ਸਾਹਿਤ ਰਚਿਆ ਹੈ। ਪੰਜਾਬੀ ਬੋਲੀ ਦੀਆਂ ਕਹਾਵਤਾਂ, ਅਖਾਉਤਾਂ, ਅਖਾਣਾਂ, ਲਤੀਫੇ, ਮੁਹਾਵਰੇ ਗਿਆਨ ਦਾ ਅਤੇ ਅਨੁਭਵ ਦਾ ਬਡਮੁੱਲਾ ਖਜ਼ਾਨਾ ਹਨ। ਪੰਜਾਬੀ ਬੋਲੀ ਸੱਤਵੀਂ ਅੱਠਵੀਂ ਸਦੀ ਤੋਂ ਬੜੇ ਧੜੱਲੇ ਨਾਲ ਪੰਜਾਬ ਦੀ ਲੋਕ ਬੋਲੀ ਦੇ ਤੌਰ ਤੇ ਪ੍ਰਚੱਲਤ ਰਹੀ ਹੈ। ਬਾਬਾ ਫਰੀਦ ਦੁਆਰਾ ੧੨ ਵੀਂ ਸਦੀ ਵਿੱਚ ਪੰਜਾਬੀ ਵਿੱਚ ਬਾਣੀ ਦਾ ਉਚਾਰਨਾ ਅਤੇ ਲਿਖਣਾ ਇਹ ਦਰਸਾਉਂਦਾ ਹੈ ਕਿ ਇਹ ਬੋਲੀ ਉਸ ਸਮੇਂ ਲੋਕਾਂ ਦੀ ਬੋਲੀ ਸੀ ਅਤੇ ਪੂਰੀ ਤਰਾਂ ਵਿਕਸਤ ਹੋ ਚੁੱਕੀ ਸੀ। ਜਿਨ੍ਹਾਂ ਲੋਕਾਂ ਨੇ ਇਸ ਬੋਲੀ ਨੂੰ ਸੰਭਾਲਿਆ, ਵਿਕਸਤ ਕੀਤਾ ਅਤੇ ਲੋਕਾਂ ਦੀ ਜ਼ੁਬਾਨ ਤੇ ਚੜ੍ਹਾਇਆ ਉਹ ਸਨ ਸੂਫੀ ਸੰਤ ਕਵੀ, ਭਗਤ, ਗੁਰੂ ਅਤੇ ਲੋਕ ਕਵੀ।ਇਹਨਾਂ ਨੇ ਸਾਨੂੰ ਬੋਲੀ ਦੇ ਨਾਲ ਨਾਲ ਵਿਰਸੇ ਵਿੱਚ ਜ਼ਿੰਦਗੀ ਦੇ ਤਜ਼ਰਬਿਆਂ ਚੋਂ ਕੱਢੇ ਤੱਤ ਦਿੱਤੇ, ਆਜ਼ਾਦ ਸੋਚ, ਖੁਦਮੁਖਤਿਆਰੀ ਅਤੇ ਸੱਚ ਬੋਲਣ ਦੀ ਜੁਰੱਅਤ ਦਿੱਤੀ।ਸਮੇਂ ਦੀਆਂ ਸਮਾਜਿਕ, ਧਾਰਮਿਕ ਅਤੇ ਰਾਜਨੀਤਕ ਕੁਰੀਤੀਆਂ ਦੇ ਵਿਰੁੱਧ ਬੋਲਣ ਦੀ ਜੁਰੱਅਤ ਦਿੱਤੀ।ਅਧਿਆਤਮਿਕ ਅਤੇ ਸਮਾਜਿਕ ਸਿਧਾਂਤ ਦਿੱਤੇ।ਮਨੁੱਖਤਾ ਦਾ ਸਨੇਹਾ ਦਿੱਤਾ। ਇਹੀ ਪੰਜਾਬੀਆਂ ਦਾ ਵਿਰਸਾ ਹੈ। ਜੇ ਬੋਲੀ ਸਿੱਖੋਗੇ ਤਾਂ ਹੀ ਵਿਰਾਸਤ ਪਾਉਂਗੇ। ਇਹੋ ਜਿਹੀ ਵਿਰਾਸਤ ਦੁਨੀਆਂ ਦੇ ਕਿਸੇ ਵੀ ਕੋਨੇ ਦੇ ਸੱਭਿਆਚਾਰ ਨੂੰ ਅਮੀਰ ਬਣਾ ਸਕਦੀ ਹੈ।No comments:

Post a Comment

All Suggestions welcome