Thursday, April 22, 2010

ਪੰਜਾਬ ਦੇ ਰਸਮ-ਰਿਵਾਜ਼

ਰਸਮ-ਰਿਵਾਜ, ਰਹੁ-ਰੀਤਾਂ ਤੇ ਸੰਸਕਾਰ ਭਾਈਚਾਰਕ ਜੀਵਾਂ ਦੇ ਮਨਾਂ ਦੀਆਂ ਸਿੱਕਾਂ, ਸਧਰਾਂ ਤੇ ਜਜ਼ਬਿਆਂ ਦੀ ਤਰਜਮਾਨੀ ਕਰਦੇ ਹਨ। ਭਾਈਚਾਰਕ ਜੀਵਾਂ ਦੇ ਜਨਮ, ਮਰਨ ਤੇ ਵਿਆਹ-ਸ਼ਾਦੀ ਦੇ ਮੌਕੇ ਤੇ ਇਹਨਾਂ ਦਾ ਅਸਲੀ ਰੂਪ ਸਾਹਮਣੇ ਆਉਂਦਾ ਹੈ। ਜੀਵਨ-ਨਾਟਕ ਦੀਆਂ ਇਹਨਾਂ ਤਿੰਨਾਂ ਝਾਕੀਆਂ ਦੇ ਰੰਗ ਮੰਚ ਆਮ ਤੌਰ ਤੇ ਸਾਡੇ ਘਰਾਂ ਦੇ ਵਿਹੜੇ ਹੁੰਦੇ ਹਨ। ਇਹਨਾਂ ਦੇ ਪਾਤਰ ਸਾਡੇ ਪਰਵਾਰ ਦੇ ਹਾਜ਼ਰ ਦੇਵਤਾ ਜਲ ਤੇ ਬੈਸੰਤਰ ਭਾਵ ਜਲ-ਪਰਮੇਸਰ ਤੇ ਬਸੰਤਰ ਦੇਵਤਾ ਹੁੰਦੇ ਹਨ। ਅਗਵਾਈ ਵਾਸਤੇ ਅਸੀਂ ਕਿਸੇ ਪੰਡਤ, ਪ੍ਰੋਹਤ, ਨਾਈ, ਭਾਈ, ਦਾਈ ਜਾਂ ਮੁੱਲਾਂ ਮੁਲਾਣੇ ਨੂੰ ਸੱਦ ਲੈਂਦੇ ਹਾਂ।

ਇਹ ਸੰਸਕਾਰ ਕਿਵੇਂ ਉਪਜੇ ਅਤੇ ਇਹਨਾਂ ਦੇ ਪਿੱਛੇ ਕੀ ਕੀ ਮਨੋਰਥ ਕੰਮ ਕਰ ਰਹੇ ਸਨ, ਇਹ ਬੜਾ ਦਿਲਚਸਪ ਵਿਸ਼ਾ ਹੈ। ਮੁੱਢਲੇ ਮਨੁੱਖ ਨੂੰ ਦੈਵੀ ਤਾਕਤਾਂ ਦਾ ਭੈ ਸਾਥੋਂ ਜ਼ਿਆਦਾ ਸੀ। ਬਹੁਤ ਸਾਰੇ ਸੰਸਕਾਰਾਂ ਦਾ ਆਰੰਭ ਇਹਨਾਂ ਦੇਵੀ ਤਾਕਤਾਂ ਨੂੰ ਪਤਿਆਉਣ ਜਾਂ ਰੀਝਾਉਣ ਵਿੱਚੋ ਲੱਭਿਆ ਜਾ ਸਕਦਾ ਹੈ।

ਕੁਝ ਸੰਸਕਾਰ, ਖ਼ੁਸ਼ੀਆਂ ਦੇ ਪ੍ਰਗਟਾਵੇ ਤੋਂ ਵੀ ਪੈਦਾ ਹੋਏ ਸਿੱਧ ਹੁੰਦੇ ਹਨ। ਮਨੂ ਦੀ ਭਾਈਚਾਰਕ ਵੰਡ ਅਨੁਸਾਰ ਮਨੁੱਖ ਦੇ ਜੀਵਨ ਨੂੰ ਚਾਰ ਭਾਗਾਂ-ਬ੍ਰਹਮਚਰਜ, ਗ੍ਰਿਹਸਥ, ਬਾਨਪ੍ਰਸਥ ਤੇ ਸੰਨਿਆਸ-ਵਿੱਚ ਵੰਡਿਆ ਗਿਆ ਸੀ ਅਤੇ ਹਰ ਭਾਗ ਦੇ ਵੱਖ-ਵੱਖ ਸੰਸਕਾਰ ਬੱਝੇ ਹੋਏ ਸਨ। ਇਹਨਾਂ ਦੀ ਮਰਿਆਦਾ ਵਿੱਚ ਬੱਝੇ ਸਾਡੇ ਵਡਾਰੂ ਰੋਜ਼ਾਨਾ ਜੀਵਨ ਦੀਆਂ ਅਨੇਕ ਸਮੱਸਿਆਵਾਂ ਦੀ ਚਿੰਤਾ ਦਾ ਭਾਰ ਆਪਣੇ ਮਨ ਉੱਤੇ ਪਾਉਣ ਦੀ ਥਾਂ ਇਹਨਾਂ ਉੱਤੇ ਦਿੰਦੇ ਸਨ। ਹੁਣ ਇਹਨਾਂ ਵਿੱਚੋਂ ਬਹੁਤੇ ਸੰਸਕਾਰ ਸਾਡੇ ਭਾਈਚਾਰੇ ਵਿੱਚੋਂ ਲੋਪ ਹੁੰਦੇ ਜਾਂਦੇ ਹਨ। ਇਹੋ ਕਾਰਨ ਹੈ ਕਿ ਇਹਨਾਂ ਦੀ ਸਾਂਭ-ਸੰਭਾਲ ਤੇ ਵਰਣਨ ਬੜਾ ਜ਼ਰੂਰੀ ਹੋ ਗਿਆ ਹੈ।

ਸਾਡੇ ਬਹੁਤ ਸੰਸਕਾਰ ਅਗਨੀ, ਪਾਣੀ, ਲੋਹੇ, ਅਨਾਜ ਅਤੇ ਬਿਰਛਾਂ ਦੀਆਂ ਟਹਿਣੀਆਂ ਰਾਹੀਂ ਨੇਪਰੇ ਚਾੜ੍ਹੇ ਜਾਂਦੇ ਹਨ। ਅਗਨੀ ਚਾਨਣ ਦਾ ਚਿੰਨ੍ਹ ਹੈ; ਪਾਣੀ ਸ਼ੁੱਧਤਾ ਦਾ, ਲੋਹਾ ਬਚਾਉ ਦਾ, ਅਨਾਜ ਚੜ੍ਹਾਵੇ ਦਾ ਅਤੇ ਬਿਰਛ ਦੀ ਟਹਿਣੀ ਜਾਂ ਰਹੀ ਘਾਹ ਜਿਸ ਨੂੰ 'ਦੁੱਬ' ਵੀ ਕਹਿੰਦੇ ਹਨ, ਚੰਗੇ ਸ਼ਗਨਾਂ ਦਾ ਸੂਚਕ ਮੰਨਿਆ ਜਾਂਦਾ ਹੈ। ਸਭ ਤੋਂ ਪਹਿਲਾਂ ਅਸੀਂ ਗਰਭ-ਸੰਸਕਾਰ ਬਾਰੇ ਗੱਲ ਕਰਦੇ ਹਾਂ। ਪ੍ਰੇਤ-ਰੂਹਾਂ ਤੋਂ ਬਚਣ ਲਈ ਗਰਭ ਦੇ ਤੀਜੇ, ਪੰਜਵੇ ਜਾਂ ਸੱਤਵੇ ਮਹੀਨੇ ਵਿੱਚ ਇਸਤਰੀ ਦੇ ਪੱਲੇ ਨਾਲ ਅਨਾਜ ਬੰਨ੍ਹਿਆ ਜਾਂ ਉਸ ਦੇ ਪੱਲੇ ਪਾਇਆ ਜਾਂਦਾ ਹੈ। (ਜੇ ਕੁੜੀ ਸਹੁਰੇ ਘਰ ਹੋਵੇ ਤਾਂ ਇਹ ਅਨਾਜ ਮਾਪੇ ਭੇਜਦੇ ਹਨ।) ਉਹ ਇਸ ਨੂੰ ਰਿੰਨ੍ਹ ਕੇ ਖਾਂਦੀ ਹੈ ਤੇ ਭਾਈਚਾਰੇ ਵਿੱਚ ਵੰਡਦੀ ਹੈ। ਵਧੇਰੇ ਕਰਕੇ, ਖਾਸ ਕਰ ਪਹਿਲੇ ਬੱਚੇ ਦਾ ਜਨਮ ਉਸ ਦੇ ਨਾਨਕੇ ਪਿੰਡ ਹੁੰਦਾ ਸੀ। ਇਸ ਸੂਰਤ ਵਿੱਚ ਇਹ ਰਸਮ ਕਰਨ ਵੇਲੇ ਦੋਵੇਂ ਪਤੀ-ਪਤਨੀ, ਪਤਨੀ ਦੇ ਸਹੁਰਿਆਂ ਵਲੋਂ ਘੱਲੇ ਹੋਏ ਕੱਪੜੇ ਪਹਿਨ ਕੇ, ਜਠੇਰਿਆਂ ਦੀ ਪੂਜਾ ਕਰਦੇ ਹਨ। ਚੇਤੇ ਰਹੇ ਕਿ ਪੰਜਾਬ ਵਿੱਚ ਪਹਿਲਾਂ ਬੱਚਾ ਹੋਣ ਸਮੇਂ ਕੁੜੀ ਨੂੰ ਉਸ ਦੇ ਪੇਕੇ ਭੇਜ ਦਿੰਦੇ ਸਨ। ਪੇਕੇ ਭੇਜਣ ਦਾ ਕਾਰਨ ਇਹ ਦੱਸਿਆ ਜਾਂਦਾ ਹੈ ਕਿ ਉਸ ਦੀ ਮਾਂ ਉਸ ਦੀਆਂ ਸਰੀਰਕ ਲੋੜਾਂ ਤੋਂ ਸਹੁਰੇ ਘਰ ਨਾਲੋਂ ਵਧੇਰੇ ਜਾਣੂੰ ਹੁੰਦੀ ਸੀ।

ਜਣੇਪੇ ਦੀਆਂ ਰਸਮਾਂ ਵਿੱਚ ਜਣੇਪੇ ਤੋਂ ਪਿੱਛੇ ਬੱਚਾ ਤੇ ਜੱਚਾ ਨੂੰ ਧੂਪ ਦਿੱਤੀ ਜਾਂਦੀ ਸੀ ਜਾਂ ਦੀਵਾ ਬਾਕੇ ਰੱਖਿਆ ਜਾਂਦਾ ਸੀ ਜਾਂ ਦੀਵਾ ਬਾਕੇ ਰੱਖਿਆ ਜਾਂਦਾ ਸੀ ਜਿਹੜਾ ਦਸ ਦਿਨ ਲਗਾਤਾਰ ਜਲਦਾ ਰਹਿੰਦਾ ਸੀ । ਮੁੰਡਾ ਜਮਿਆਂ ਹੋਵੇ ਤਾਂ ਪਿੰਡ ਦੇ ਲਾਗੀ ਅਤੇ ਭਾਈਚਾਰੇ ਦੇ ਹੋਰ ਬੰਦੇ ਵਧਾਈਆਂ ਲੈ ਕੇ ਆ ਜਾਂਦੇ ਸਨ। ਦੁੱਬ ਨੂੰ ਖ਼ਸ਼ੀ ਦੇ ਮੌਕੇ ਉੱਤੇ ਵਧਾਈ ਦਾ ਚਿੰਨ੍ਹ ਮੰਨਿਆ ਜਾਂਦਾ ਸੀ।ਵਧਾਈਆਂ ਲੈ ਕੇ ਲਾਗੀਆਂ ਨੂੰ ਸ਼ਰਧਾ ਅਨੁਸਾਰ ਲਾਗ ਅਤੇ ਭਾਈਚਾਰੇ ਵਿੱਚ ਗੁੜ, ਮਿਸਰੀ ਜਾਂ ਪਤਾਸੇ ਵੰਡੇ ਜਾਂਦੇ ਸਨ। ਇਹ ਰੀਤਾਂ ਹਾਲੀਂ ਵੀ ਕਾਇਮ ਹਨ।

ਜਨਮ ਤੋਂ ਪਿੱਛੋਂ ਗੁੜ੍ਹਤੀ ਦੀ ਪਰਮ ਮਹੱਤਵਪੂਰਨ ਮੰਨੀ ਜਾਂਦੀ ਹੈ। ਬੱਚੇ ਨੂੰ ਦਿੱਤੀ 'ਗੁੜ੍ਹਤੀ' ਦਾ ਬੱਚੇ ਦੇ ਸੁਭਾਉ ਉਤੇ ਚੋਖਾ ਅਸਰ ਹੁੰਦਾ ਮਨਿਆ ਜਾਦਾ ਹੈ। ਕਈ ਵਾਰੀ ਗਰਭਵਤੀਆਂ ਬੱਚੇ ਦੇ ਜਨਮ ਤੋਂ ਪਹਿਲਾਂ ਹੀ ਉਸ ਬੰਦੇ ਨੂੰ ਮਨ ਵਿੱਚ ਧਾਰ ਲੈਂਦੀਆਂ ਹਨ ਜਿਸ ਤੋਂ ਗੁੜ੍ਹਤੀ ਦਿਵਾਉਣੀ ਹੁੰਦੀ ਹੈ। ਉਹ ਆਪਣੇ ਬੱਚੇ ਨੂੰ ਉਸੇ ਵਰਗਾ ਬਣਦਾ ਵੇਖਣ ਦੀਆਂ ਚਾਹਵਾਨ ਹੁੰਦੀਆਂ ਹਨ। ਗੁੜ੍ਹਤੀ ਮਿਸਰੀ ਦੀ ਡਲੀ ਜਾਂ ਕਿਸੇ ਬੱਕਰੀ ਦੇ ਦੁੱਧ ਦੀ ਦਿੱਤੀ ਜਾਂਦੀ ਹੈ ਗੁੜ੍ਹਤੀ ਦੇਣ ਦੇ ਸਮੇਂ ਤੱਕ ਮਾਂ ਆਪਣੇ ਬੱਚੇ ਨੂੰ ਦੁੱਧ ਨਹੀਂ ਚੁੰਘਾਉਂਦੀ।

ਜਣੇਪੇ ਤੋਂ ਪੰਜ ਦਿਨ ਪਿੱਛੋਂ 'ਪੰਜਵੀਂ-ਨਹਾਉਣ' ਦੀ ਰੀਤ । ਪੰਜਵੇਂ ਦਿਨ ਮਾਵਾਂ ਪਾਣੀ ਵਿੱਚ ਸੇਂਜੀ,ਮੇਥੀ ਜਾਂ ਵਣ ਦੇ ਪੱਤੇ ਉਬਾਲ ਕੇ ਨ੍ਹਾਉਂਦੀਆਂ ਹਨ। ਇਹ 'ਪੰਜਵੀਂ-ਨਹਾਉਣ' ਦਾਈ ਕਰਾਉਂਦੀ ਹੈ। ਨਾਉਣ ਤੋਂ ਪਹਿਲਾਂ ਉਹ ਮਾਂ ਦੀਆਂ ਤਲੀਆਂ ਥੱਲੇ ਕੁਝ ਨਕਦੀ ਰਖਾ ਲੈਂਦੀ ਹੈ, ਜਿਹੜੀ ਬਾਦ ਵਿੱਚ ਉਸੇ ਨੂੰ ਦੇ ਦਿੱਤੀ ਜਾਂਦੀ ਹੈ।

ਛੇਵੇਂ ਦਿਨ ਚੌਂਕ ਪੂਰ ਕੇ ਮਾਂ ਨੂੰ ਰੋਟੀ ਖੁਆਈ ਜਾਂਦੀ ਹੈ। ਇਸ ਰੀਤ ਨੂੰ ਪੰਜਾਬ ਵਿੱਚ 'ਛਟੀ' ਕਹਿੰਦੇ ਹਨ।ਇਸ ਵੇਲੇ ਮਾਂ ਰੱਜ ਕੇ ਖਾਂਦੀ ਹੈ। ਵਿਸ਼ਵਾਸ ਕੀਤਾ ਜਾਂਦਾ ਹੈ ਕਿ ਉਹ ਜਿੰਨਾ ਨੀਅਤ ਭਰ ਕੇ ਖਾਏਗੀ, ਓਨੀ ਹੀ ਉਸ ਦੇ ਬੱਚੇ ਦੀ ਨੀਅਤ ਭਰੀ ਰਹੇਗੀ।

ਪੰਜਾਬ ਵਿੱਚ 'ਬਾਹਰ ਵਧਾਉਣ' ਦੀ ਰਸਮ ਤੇਰ੍ਹਵੇਂ ਦਿਨ ਕੀਤੀ ਜਾਂਦੀ ਹੈ।ਮੁੰਡਾ ਹੋਵੇ ਤਾਂ ਇਸੇ ਸਮੇਂ ਸਾਰੇ ਲਾਗੀ ਤੋਹਫੇ਼ ਲੈ ਕੇ ਵਧਾਈਆਂ ਦੇਣ ਆਉਂਦੇ ਹਨ।ਮਹਿਰਾ ਮੌਲੀ ਵਿੱਚ ਸਰੀਂਹ ਦੇ ਪੱਤਿਆਂ ਦਾ ਸਿਹਰਾ, ਤਰਖਾਣ ਗੁੱਲੀ-ਡੰਡਾ,ਮੋਚੀ ਮੌਜੇ,ਘੁਮਿਆਰ ਨ੍ਹਾਉਣ ਵਾਲਾ ਢੋਰਾ ਜਾਂ ਝੱਜਰ ਤੇ ਦਾਈ ਬੱਚੇ ਵਾਸਤੇ ਤੜਾਗੀ ਪੇਸ਼ ਕਰਦੀ ਹੈ। ਇਹਨਾਂ ਤੋਹਫਿ਼ਆਂ ਤੇ ਵਧਾਈਆਂ ਦੇ ਬਦਲੇ ਉਹਨਾਂ ਨੂੰ ਬਣਦਾ-ਸਰਦਾ ਲਾਗ ਦਿੱਤਾ ਜਾਂਦਾ ਹੈ। ਘਰ ਵਾਲੇ ਲਾਗੀਆਂ ਨੂੰ ਲਾਗ ਦੇ ਕੇ ਭਾਈਚਾਰੇ ਵਿੱਚ ਪਾਣੀ ਦੀ ਗੜਵੀ ਲੈ ਕੇ ਬਾਹਰ ਜਾਂਦੀ ਹੈ। ਬਾਹਰੋਂ ਚੰਗੇ ਸ਼ਗਨਾਂ ਵਾਸਤੇ ਉਹ ਹਰਾ ਘਾਹ ਪੁੱਟ ਲਿਆਉਂਦੀ ਹੈ ਅਤੇ ਇਸ ਨੂੰ ਲਿਆ ਕੇ ਆਪਣੇ ਸਿਰ੍ਹਾਣੇ ਰਖ ਲੈਂਦੀ ਹੈ। ਇਹ ਘਾਹ ਹਰ ਪ੍ਰਕਾਰ ਉਸ ਦੀ ਰਾਖੀ ਕਰਦਾ ਮੰਨਿਆ ਜਾਂਦਾ ਹੈ।

ਮੁੰਡਾ ਹੋਵੇ ਤਾਂ ਬਹੁਤੀ ਥਾਈਂ ਇਸੇ ਦਿਹਾੜੇ ਦਾਦਕਿਆਂ ਨੂੰ ਨਾਈ ਦੇ ਹੱਥ ਦੁੱਬ, ਖੰਮਣੀ ਤੇ ਗੁੜ ਦੀ ਭੇਲੀ ਭੇਜਦੇ ਹਨ। ਥੋੜ੍ਹਾ ਬਹੁਤ ਸ਼ਗਨ ਬਾਕੀ ਅੰਗਾਂ-ਸਾਕਾਂ ਨੂੰ ਵੀ ਭੇਜਿਆ ਜਾਂਦਾ ਹੈ। ਉਹ ਅੱਗੇ ਭੇਲੀ ਦੇ ਬਦਲੇ ਆਪਣੀ ਨੂੰਹ ਲਈ ਗਹਿਣੇ, ਕੱਪੜੇ ਅਤੇ ਨਾਈ ਤੇ ਦਾਈ ਨੂੰ ਲਾਗ ਵਜੋਂ ਤਿਉਰ ਆਦਿ ਘੱਲਦੇ ਹਨ। ਉਂਞ ਭੇਲੀ ਪਹੁੰਚਣ ਤੇ ਮੁੰਡੇ ਦੇ ਨਾਨਕਿਆਂ ਵੱਲੋਂ 'ਛੂਛਕ' ਭੇਜਣ ਦਾ ਰਿਵਾਜ ਆਮ ਹੈ। ਮੁੰਡੇ ਦੇ ਜਨਮ ਤੋਂ ਪਿੱਛੋਂ ਆਉਣ ਵਾਲੀ ਲੋਹੜੀ ਉੱਤੇ ਮੁੰਡੇ-ਕੁੜੀਆਂ ਭੇਲੀ ਮੰਗ ਕੇ ਖਾਂਦੇ ਹਨ।

ਪੰਜਾਬ ਵਿੱਚ 'ਨਾਂ ਰੱਖਣ' ਵਾਸਤੇ ਕੋਈ ਖਾਸ 'ਨਾਮ-ਸੰਸਕਾਰ' ਨਹੀਂ ਮਨਾਇਆ ਜਾਂਦਾ। ਕਈ ਵਾਰੀ ਭਰਾਈ ਜਿਹੜਾ ਨਾਮ ਦੱਸ ਦੇਵੇ ਰੱਖ ਲੈਂਦੇ ਹਨ ਤੇ ਕਈ ਵਾਰੀ ਆਪਣੀ-ਆਪਣੀ ਧਾਰਮਿਕ ਪੁਸਤਕ ਦਾ ਕੋਈ ਪੰਨਾ ਪਿੰਡ ਦੇ ਗ੍ਰੰਥੀ, ਮੌਲਵੀ ਜਾਂ ਪੰਡਤ ਤੋਂ ਖੁੱਲ੍ਹਵਾ ਕੇ ਪੰਨੇ ਦੇ ਪਹਿਲੇ ਅੱਖਰ ਤੋਂ ਕੋਈ ਨਾਂ ਰੱਖ ਲੈਂਦੇ ਹਨ।

ਹਿੰਦੂ ਪਰਿਵਾਰਾਂ ਵਿੱਚ 'ਮੁੰਡਨ ਸੰਸਕਾਰ' ਤੀਜੇ ਤੋਂ ਪੰਜਵੇਂ ਸਾਲ ਵਿੱਚ ਕੀਤਾ ਜਾਂਦਾ ਹੈ। ਆਮ ਤੌਰ ਤੇ ਇਹ ਸੰਸਕਾਰ ਅਜਿਹੇ ਸਥਾਨ ਉੱਤੇ ਕੀਤਾ ਜਾਂਦਾ ਹੈ ਜਿੱਥੇ ਦੀ ਬੱਚੇ ਦੇ ਮਾਪਿਆਂ ਨੇ ਸੁੱਖ ਸੁੱਖੀ ਹੋਵੇ। ਮੁੰਡਨ ਤੋਂ ਪਿੱਛੋਂ, 'ਜਨੇਊ ਪਹਿਨਣ' ਤੱਕ ਪੰਜਾਬ ਦੇ ਹਿੰਦੂ ਆਮ ਤੌਰ ਤੇ ਹੋਰ ਕੋਈ ਵਿਸ਼ੇਸ਼ ਸੰਸਕਾਰ ਨਹੀਂ ਕਰਦੇ।

ਜਿਵੇਂ ਹਿੰਦੂ ਜਨੇਊ ਪਹਿਨਦੇ ਹਨ ਉਸੇ ਤਰ੍ਹਾਂ ਸਿੱਖ ਅੰਮ੍ਰਿਤ ਛਕਦੇ ਹਨ। ਮੋਟੇ ਰੂਪ ਵਿੱਚ ਬਚਪਨ ਤੋਂ ਜਵਾਨੀ ਤੱਕ ਦੇ ਇਹੀ ਮੁੱਖ ਸੰਸਕਾਰ ਹਨ ਜਿਹੜੇ ਹਿੰਦੂ, ਸਿੱਖ, ਮੁਸਲਮਾਨ ਸਭ ਕਰਦੇ ਹਨ। ਭਾਵੇਂ ਹਰ ਫ਼ਿਰਕਾ ਆਪਣੇ ਆਪਣੇ ਧਰਮ ਦੀ ਮਰਿਆਦਾ ਤੇ ਸ਼ਰ੍ਹਾ ਅਨੁਸਾਰ ਇਹਨਾਂ ਵਿੱਚ ਤਬਦੀਲੀ ਕਰ ਲੈਂਦਾ ਹੈ।

ਪਰ ਇਹ ਸਾਰੇ ਚਾਉ-ਮਲ੍ਹਾਰ ਤੇ ਰਸਮਾਂ-ਰੀਤਾਂ ਮੁੰਡਿਆਂ ਲਈ ਹੀ ਕੀਤੀਆਂ ਜਾਂਦੀਆਂ ਸਨ। ਧੀ ਜੰਮਦੀ ਸੀ ਤਾਂ ਮਾਪਿਆਂ ਦੇ ਭਾ ਦਾ ਪਹਾੜ ਡਿਗ ਪੈਂਦਾ ਸੀ। ਨਾ ਕੋਈ ਵਧਾਈ ਦਿੰਦਾ ਸੀ ਤੇ ਨਾ ਹੀ ਕਿਸੇ ਨੂੰ ਲੱਡੂ ਵੰਡੇ ਜਾਂਦੇ ਸਨ। ਧੀਆਂ ਦਾ 'ਨਾਮ ਕਰਨ ਸੰਸਕਾਰ' ਵੀ ਕੋਈ ਨਹੀਂ ਸੀ ਹੁੰਦਾ, 'ਕੰਨ-ਵਿੱਧ ਸੰਸਕਾਰ' ਵੀ ਨਾਂ ਮਾਤਰ ਹੀ ਹੁੰਦਾ ਸੀ। ਕੋਈ ਵਣਜਾਰਾ ਵੰਙਾਂ ਚੜ੍ਹਾਉਣ ਆਵੇ ਤਾਂ ਕੰਨ ਵਿਨ੍ਹ ਜਾਂਦਾ ਸੀ। ਕੁੜੀਆਂ ਉਸ ਨੂੰ ਗੁੜ ਦੀ ਰੋੜੀ ਤੇ ਆਪਣੀ ਮਾਂ ਤੋਂ ਦੁਆਨੀ-ਚੁਆਨੀ ਲੈ ਕੇ ਦੇ ਦਿੰਦੀਆਂ ਸਨ। ਪਰ ਹੁਣ ਧੀਆਂ ਪ੍ਰਤੀ ਦ੍ਰਿਸ਼ਟੀ ਕੋਣ ਬਦਲ ਰਿਹਾ ਹੈ। ਛੋਟੇ ਪਰਿਵਾਰਾਂ ਦੀ ਲੋੜ ਨੇ ਮਾਪਿਆਂ ਦਾ ਹਰ ਬੱਚੇ ਪ੍ਰਤੀ ਰੁਝਾਨ ਬਦਲ ਦਿੱਤਾ ਹੈ। ਉਂਞ ਵੀ ਧੀਆਂ ਕਮਾਉਣ ਲੱਗ ਪਈਆਂ ਹਨ। ਭਾਰ ਨਾ ਬਣਨ ਕਾਰਨ ਉਹਨਾਂ ਦਾ ਘਰ ਵਿੱਚ ਸਤਿਕਾਰਯੋਗ ਸਥਾਨ ਹੋ ਗਿਆ ਹੈ ਤੇ ਹੋ ਰਿਹਾ ਹੈ।

ਮੁੰਡੇ-ਕੁੜੀ ਦੇ ਜਵਾਨ ਹੋਣ ਤੇ ਵਿਆਹ ਦੀਆਂ ਰਸਮਾਂ ਦੀ ਲੜੀ ਸ਼ੁਰੂ ਹੋ ਜਾਂਦੀ ਹੈ। ਪਹਿਲਾਂ, 'ਰੋਕਣ' ਜਾਂ 'ਠਾਕਣ' ਦੀ ਰਸਮ ਹੁੰਦੀ ਹੈ। ਕੁੜੀ ਵਾਲੇ ਨਾਈ ਦੇ ਹੱਥ ਮੁੰਡੇ ਨੂੰ ਇੱਕ ਰੁਪਈਆ ਭੇਜ ਦਿੰਦੇ ਹਨ ਜਿਸ ਦਾ ਭਾਵ ਇਹ ਹੁੰਦਾ ਹੈ ਕਿ ਕੁੜਮਾਈ ਜਾਂ ਮੰਗਣੀ ਭਾਵੇਂ ਕਦੀ ਵੀ ਹੋਵੇ, ਨਾਤਾ ਪੱਕਾ ਹੈ। ਪਰ ਹੁਣ ਇਸ ਦੇ ਵੀ ਰੂਪ ਬਦਲ ਰਹੇ ਹਨ।

ਵਰ ਲੱਭ ਕੇ ਨਾਤਾ ਤੈਅ ਹੋ ਜਾਣ ਤੋਂ ਪਿੱਛੋਂ 'ਕੁੜਮਾਈ' ਜਾਂ 'ਸਗਾਈ' ਦੀ ਰਸਮ ਹੁੰਦੀ ਹੈ। ਕੁੜੀ ਵਾਲੇ ਨਾਈ ਦੇ ਹੱਥ ਖੰਮਣੀ, ਰੁਪਈਆ, ਪੰਜ ਮਿਸਰੀ ਦੇ ਕੂਜੇ, ਪੰਜ ਛੁਆਰੇ, ਕੇਸਰ ਆਦਿ ਦੇ ਕੇ ਮੁੰਡੇ ਦੇ ਘਰ ਨੂੰ ਘੱਲ ਦਿੰਦੇ ਹਨ। ਮੁੰਡੇ ਵਾਲਿਆਂ ਨੇ ਰਿਸ਼ਤੇਦਾਰਾਂ ਅਤੇ ਸਰੀਕੇ ਵਿੱਚ ਸੱਦਾ ਭੇਜਿਆ ਹੁੰਦਾ ਹੈ। ਮੁੰਡੇ ਦੇ ਮਾਮੇ ਤੇ ਪਿਤਾ ਪੰਚਾਇਤ ਦੀ ਹਜ਼ੂਰੀ ਵਿੱਚ ਮੁੰਡੇ ਨੂੰ ਚੌਕੀ ਤੇ ਬਿਠਾ ਲੈਂਦੇ ਹਨ ਅਤੇ ਨਾਈ ਆਪਣੇ ਨਾਲ ਲਿਆਂਦੀਆਂ ਚੀਜਾਂ ਉਸ ਦੀ ਝੋਲੀ ਵਿੱਚ ਪਾ ਕੇ ਕੇਸਰ ਦਾ ਟਿੱਕਾ ਉਸ ਦੇ ਮੱਥੇ ਉੱਤੇ ਲਾ ਦਿੰਦਾ ਹੈ। ਕੁੜੀ ਦਾ ਬਾਪ ਜਾਂ ਵਿਚੋਲਾ ਪੱਲੇ ਵਾਲੀਆਂ ਚੀਜ਼ਾਂ ਵਿੱਚੋਂ ਇੱਕ ਛੁਆਰਾ ਤੇ ਮਿਸਰੀ ਮੁੰਡੇ ਦੇ ਮੂੰਹ ਵਿੱਚ ਪਾ ਦਿੰਦਾ ਹੈ। ਬਾਕੀ ਛੁਆਰੇ ਮੁੰਡੇ ਦੇ ਅਜਿਹੇ ਹਾਣੀਆਂ ਨੂੰ ਦਿੱਤੇ ਜਾਂਦੇ ਹਨ ਜਿਨ੍ਹਾਂ ਦੀ ਛੇਤੀ ਹੀ ਮੰਗਣੀ ਹੋਣ ਦੀ ਆਸ ਹੁੰਦੀ ਹੈ। ਭਾਈਚਾਰੇ ਦੀਆਂ ਇਸਤਰੀਆਂ ਇੱਕ-ਇੱਕ ਰੁਪਈਆ ਤੇ ਠੂਠੀ ਵਾਰ ਕੇ ਮੁੰਡੇ ਦੀ ਝੋਲੀ ਵਿੱਚ ਪਾਉਂਦੀਆਂ ਹਨ। ਮੁੰਡੇ ਦਾ ਮਾਮਾ ਉਸ ਨੂੰ ਚੁੱਕ ਕੇ ਜਾਂ ਸਹਾਰਾ ਦੇ ਕੇ ਚੌਂਕੀ ਤੋਂ ਉਤਾਰ ਲੈਂਦਾ ਹੈ। ਨਾਈ ਨੂੰ ਲਾਗ ਤੇ ਖ਼ਰਚਾ ਦੇ ਕੇ ਵਿਦਾ ਕਰ ਦਿੰਦੇ ਹਨ।

ਮੁੰਡੇ ਵਾਲੇ ਨਾਈ ਦੇ ਹੱਥ ਮੰਗੇਤਰ ਕੁੜੀ ਵਾਸਤੇ ਸੂਟ, ਜੁੱਤੀ, ਗਹਿਣਾ, ਲਾਲ ਪਰਾਂਦੀ, ਮਹਿੰਦੀ, ਮੌਲੀ, ਖੰਡ, ਚੌਲ, ਛੁਹਾਰੇ ਤੇ ਨਕਦੀ ਆਦਿ ਘੱਲਦੇ ਹਨ। ਕੁੜੀ ਆਪਣੇ ਘਰ ਨ੍ਹਾ ਧੋ, ਜੁੱਤੀ, ਕੱਪੜੇ ਤੇ ਲਾਲ ਪਰਾਂਦੀ ਪਹਿਨ ਕੇ ਚੜ੍ਹਦੇ ਵੱਲ ਮੁੰਹ ਕਰ ਕੇ ਪੀੜ੍ਹੇ ਤੇ ਬੈਠ ਜਾਂਦੀ ਹੈ। ਪਿੰਡ ਦੀ ਨਾਇਣ ਸਹੁਰਿਆਂ ਦੀ ਭੇਜੀ ਨਕਦੀ ਉਸ ਦੀ ਝੋਲੀ ਵਿੱਚ ਪਾ ਕੇ ਖੰਡ ਤੇ ਛੁਹਾਰਾ ਉਸ ਦੇ ਮੁੰਹ ਵਿੱਚ ਪਾ ਦਿੰਦੀ ਹੈ। ਇਸ ਤਰ੍ਹਾਂ ਉਸ ਦੀ ਵੀ ਸਗਾਈ ਹੋ ਜਾਂਦੀ ਹੈ। ਲਾਲ ਪਰਾਂਦੀ ਉਸ ਦੀ ਸਗਾਈ ਦੀ ਨਿਸ਼ਾਨੀ ਹੁੰਦੀ ਹੈ, ਇਸ ਨੂੰ ਕੁੜੀ ਓਨਾ ਚਿਰ ਨਹੀਂ ਲਾਹੁੰਦੀ ਜਿੰਨਾ ਚਿਰ ਕਿ ਇਹ ਟੁੱਟ ਨਹੀਂ ਜਾਂਦੀ। ਸਹੁਰਿਆਂ ਵੱਲੋਂ ਆਏ ਚੌਲ ਉਸ ਨੂੰ ਤੇ ਉਸ ਦੀਆਂ ਕੁਆਰੀਆਂ ਸਹੇਲਿਆਂ ਨੂੰ ਖੁਆਏ ਜਾਂਦੇ ਹਨ। ਥੋੜ੍ਹੇ ਥੋੜ੍ਹੇ ਸ਼ਗਨਾਂ ਦੇ ਚੌਲ ਭਾਈਚਾਰੇ ਵਿੱਚ ਵੀ ਵੰਡੇ ਜਾਂਦੇ ਹਨ। ਮੰਗਣੀ ਨਾਲ ਨਾਤਾ ਪੱਕਾ ਹੋ ਜਾਂਦਾ ਹੈ। ਕੁੜਮਾਈ ਤੋਂ ਵਿਆਹ ਤੱਕ ਹੋਰ ਕੋਈ ਰਸਮ ਨਹੀਂ ਹੁੰਦੀ।

ਮੰਗਣੀ ਤੋਂ ਪਿੱਛੋਂ ਕਿਸੇ ਸ਼ੁਭ ਮਹੀਨੇ ਦੀ ਤਿੱਥ ਤੇ ਘੜੀ ਵਿਆਹ ਲਈ ਨੀਅਤ ਕਰ ਲਈ ਜਾਂਦੀ ਹੈ। ਇਸ ਨੂੰ 'ਸਾਹਾ ਕਢਾੳਣਾ' ਕਹਿੰਦੇ ਹਨ।

ਇਸ ਤੋਂ ਪਿੱਛੋਂ ਜਦ ਵਿਆਹ ਵਿੱਚ ਥੋੜ੍ਹੇ ਦਿਨ ਰਹਿ ਜਾਣ ਤਾਂ ਕੁੜੀ ਵਾਲੇ 'ਸਾਹੇ ਚਿੱਠੀ' ਜਾਂ 'ਲਗਨ' ਲਿਖਾਉਂਦੇ ਹਨ। ਚਿੱਠੀ ਨੂੰ ਦੁੱਬ, ਚੌਲ, ਹਲਦੀ, ਖੰਮਣੀ ਆਦਿ ਵਿੱਚ ਵਲ੍ਹੇਟ ਕੇ ਨਾਈ, ਪੰਡਤ, ਵਿਚੋਲੇ ਆਦਿ ਦੇ ਹੱਥ ਮੁੰਡੇ ਵਾਲਿਆਂ ਨੂੰ ਭੇਜਿਆ ਜਾਂਦਾ ਹੈ। ਇਹ ਚਿੱਠੀ ਪੰਚਾਇਤ ਅਤੇ ਮੁੰਡੇ ਨੂੰ ਬਿਠਾ ਕੇ ਸਭ ਦੀ ਹਾਜ਼ਰੀ ਵਿੱਚ ਖੋਲ੍ਹੀ ਅਤੇ ਪੜ੍ਹੀ ਜਾਂਦੀ ਹੈ। ਨਾਈ ਜਾਂ ਪ੍ਰੋਹਤ ਨੂੰ ਲਾਗ ਦੇ ਕੇ ਵਾਪਸ ਭੇਜ ਦਿੱਤਾ ਜਾਂਦਾ ਹੈ।

ਸਾਹੇ ਦੀ ਚਿੱਠੀ ਤੋਂ ਪਿੱਛੋਂ ਦੋਹਾਂ ਘਰਾਂ ਵਿੱਚ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ। ਕੁੜੀ ਵਾਲੇ ਭਾਈਚਾਰੇ ਵਿੱਚ ਮੌਲੀ ਜਾਂ ਰੂੰ ਕੱਤਣ ਤੇ ਪੀਹਣ ਲਈ ਦਾਣੇ ਵੰਡ ਦਿੰਦੇ ਹਨ। ਅੱਜ-ਕੱਲ੍ਹ ਅਜਿਹੇ ਕੰਮ ਮਸ਼ੀਨਾਂ ਤੇ ਕਰਾ ਲਏ ਜਾਂਦੇ ਹਨ। ਫੇਰ ਵੀ ਕੁੜੀ ਦਾ ਵਿਆਹ ਸਾਰੇ ਭਾਈਚਾਰੇ ਦਾ ਕੰਮ ਸਮਝਿਆ ਜਾਂਦਾ ਹੈ, ਜਿਸ ਵਿੱਚ ਵਿੱਤ ਅਨੁਸਾਰ ਸਭ ਦੇ ਸਭ ਹਿੱਸਾ ਪਾਉਂਦੇ ਹਨ। ਮੁੰਡੇ ਵਾਲੇ ਵੀ ਆਪਣੇ ਘਰ ਵਰੀ ਆਦਿ ਤਿਆਰ ਕਰਨ ਲਗ ਜਾਂਦੇ ਹਨ।

ਜਿਸ ਦਿਨ ਤੋਂ ਲਗਨ ਭੇਜ ਦਿੱਤਾ ਜਾਂਦਾ ਹੈ, ਕੁੜੀ ਤੇ ਮੁੰਡੇ ਦਾ ਬਾਹਰ ਨਿਕਲਣਾ, ਕਿਸੇ ਨਾਲ ਹੱਸਣਾ ਬੋਲਣਾ ਤੇ ਕੰਮ ਕਰਨਾ ਮਨ੍ਹਾਂ ਹੋ ਜਾਂਦਾ ਹੈ। ਇਸ ਨੂੰ 'ਸਾਹੇ ਲੱਤ ਬੰਨ੍ਹਣਾ' ਜਾਂ 'ਥੜ੍ਹੇ ਪਾਉਣਾ' ਕਹਿੰਦੇ ਹਨ। ਅਜਿਹਾ ਕਿਸੇ ਵੀ ਪ੍ਰਕਾਰ ਦੀ ਦੁਰਘਟਨਾ ਤੋਂ ਬਚਣ ਲਈ ਕੀਤਾ ਜਾਂਦਾ ਹੈ।

ਇਸ ਤੋਂ ਪਿੱਛੋਂ ਸੱਤ ਸੁਹਾਗਣ ਇਸਤਰੀਆਂ ਇੱਕਠੀਆਂ ਕਰ ਕੇ ਉਹਨਾਂ ਨੂੰ ਗੁੜ ਆਦਿ ਦਿੱਤਾ ਜਾਂਦਾ ਹੈ। ਇਹ ਸੱਤ ਸੁਹਾਗਣਾਂ ਵਿਆਹ ਦੇ ਹਰ ਕੰਮ ਲਈ ਇੱਕਠੀਆਂ ਹੁੰਦੀਆਂ ਹਨ। ਇੱਕ ਸਮਾਂ ਉਹ ਵੀ ਸੀ ਕਿ ਇਹਨਾਂ ਵਿੱਚੋਂ ਇੱਕ ਵੀ ਘੱਟ ਹੋਵੇ ਤਾਂ ਕੋਈ ਰਸਮ ਸ਼ੁਰੂ ਨਹੀਂ ਸੀ ਹੁੰਦੀ।

ਸੱਤ ਜਾਂ ਨੌ ਦਿਨ ਪਹਿਲਾਂ 'ਕੜਾਹੀ ਚੜ੍ਹਾਈ' ਜਾਂਦੀ ਹੈ। ਵਿਆਂਹਦੜ ਦੀ ਮਾਂ ਇਸ ਕੜਾਹੀ ਵਿੱਚ ਤਿਆਰ ਕੀਤੇ ਗੁਲਗੁਲੇ ਆਪਣੇ ਪੇਕਿਆਂ ਨੂੰ ਲੈ ਕੇ ਜਾਂਦੀ ਹੈ ਤੇ ਉਹਨਾਂ ਨੂੰ ਵਿਆਹ ਦਾ ਦਿਨ ਦੱਸ ਆਉਂਦੀ ਹੈ। ਉਹ 'ਨਾਨਕੀ ਛੱਕ' ਦੀ ਤਿਆਰੀ ਕਰਨ ਲਗ ਜਾਂਦੇ ਹਨ। ਵਿਆਹ ਤੋਂ ਪਹਿਲਾਂ ਵੱਡੀ ਰੀਤ ਕੇਵਲ ਵਟਣੇ ਜਾਂ ਮਾਈਏ ਦੀ ਹੁੰਦੀ ਹੈ। ਬੰਨੜੇ ਜਾਂ ਬੰਨੜੀ ਦੇ ਸਿਰ ਉੱਤੇ ਚਾਰ ਕੁੜੀਆਂ ਚਾਰੇ ਕੰਨੀਆਂ ਫੜ ਕੇ ਪੀਲੀ ਚਾਦਰ ਦਾ ਚੰਦੋਆ ਤਾਣ ਕੇ ਖੜ੍ਹੀਆਂ ਹੋ ਜਾਂਦੀਆਂ ਹਨ। ਇੱਕ ਠੂਠੀ ਵਿੱਚ ਤੇਲ ਪਾਣੀ ਤੇ ਹਲਦੀ ਮਿਲਾ ਕੇ ਵਟਣਾ ਤਿਆਰ ਕੀਤਾ ਹੁੰਦਾ ਹੈ। ਇਹ ਵਟਣਾ ਘਾਹ ਦੀ ਗੁੱਟੀ ਨਾਲ ਲਾ ਲਾ ਕੇ ਮੁੰਡੇ ਜਾਂ ਕੁੜੀ ਦੇ ਵਾਲ ਦੀ ਲਿਟ ਨੂੰ ਲਾਇਆ ਜਾਂਦਾ ਹੈ। ਇਸ ਤੋਂ ਪਿਛੋਂ ਇਹ ਹੱਥਾਂ, ਪੈਰਾਂ ਅਤੇ ਚਿਹਰੇ ਤੇ ਦੱਬ-ਦੱਬ ਕੇ ਮਲਿਆ ਜਾਂਦਾ ਹੈ। ਇਹ ਵਿਆਹ ਵਾਲੇ ਦਿਨ ਤੱਕ ਲਗਦਾ ਰਹਿੰਦਾ ਹੈ।

ਵਿਆਹ ਤੋਂ ਇੱਕ ਦਿਨ ਪਹਿਲਾਂ ਸੱਦੇ ਹੋਏ ਅੰਗ ਸਾਕ ਪਹੁੰਚਣੇ ਸ਼ੁਰੂ ਹੋ ਜਾਂਦੇ ਹਨ। ਸਭ ਤੋਂ ਵਧੇਰਾ ਮੇਲ ਨਾਨਕਿਆਂ ਦਾ ਹੁੰਦਾ ਹੈ, ਜਿਹੜੇ ਆਪਣੀ ਦੋਹਤਰੀ ਜਾਂ ਦੋਹਤਮਾਨ ਲਈ ਗਹਿਣੇ, ਬਿਸਤਰੇ, ਪਲੰਘ, ਬਰਤਣ ਤੇ ਕੱਪੜੇ-ਲੀੜੇ ਲੈ ਕੇ ਆਉਂਦੇ ਹਨ। ਇਹ ਵੀ ਆਮ ਹੈ ਕਿ ਮਾਮੇ ਮਾਮੀ ਨੇ ਇੱਕ ਦੂਜੇ ਦਾ ਲੜ ਫੜਿਆ ਹੁੰਦਾ ਹੈ। ਬਾਕੀ ਮੇਲ, ਚੋਹਲ ਕਰਦਾ ਤੇ ਬੰਬੀਹਾ ਬਲਾਉਂਦਾ ਪਿੰਡ ਦੀ ਜੂਹ ਵਿੱਚ ਵੜਦਾ ਹੈ। ਵਿਆਂਹਦੜ ਦੀ ਮਾਂ ਆਪਣੇ ਭਰਾ ਭਰਜਾਈ ਦੇ ਸਵਾਗਤ ਲਈ ਉਡੀਕ ਰਹੇ ਹੁੰਦੇ ਹਨ।

ਦੂਜੇ ਦਿਨ ਸੂਰਜ ਚੜ੍ਹਨ ਤੋਂ ਪਹਿਲਾਂ ਮੁੰਡੇ ਨੂੰ ਆਖ਼ਰੀ ਵਟਣਾ ਮਲ ਕੇ ਨੁਹਾ ਦਿੰਦੇ ਹਨ। ਨੁਹਾ ਕੇ ਉਸ ਨੂੰ ਮਾਮੇ ਦੀ ਲਿਆਂਦੀ ਹੋਈ ਪੁਸ਼ਾਕ ਪਹਿਨਾਈ ਜਾਂਦੀ ਹੈ। ਇਸ ਤੋਂ ਪਿੱਛੋਂ ਮੁੰਡੇ ਦੇ ਸਿਰ ਉੱਤੇ ਮੋੜ੍ਹ (ਮੁਕਟ) ਜਾਂ ਮੱਥੇ ਤੇ ਸਿਹਰਾ ਬੰਨ੍ਹ ਦਿੰਦੇ ਹਨ। ਸਰਬਾਲ੍ਹੇ ਨੂੰ ਵੀ ਇਸੇ ਤਰ੍ਹਾਂ ਨੁਹਾ ਕੇ ਸਿਹਰਾ ਬੰਨ੍ਹਿਆ ਜਾਂਦਾ ਹੈ।

ਇਸ ਤੋਂ ਪਿੱਛੋਂ 'ਘੋੜੀ' ਦੀ ਰੀਤ ਹੁੰਦੀ ਹੈ। ਘੋੜੀ ਚੜ੍ਹਨ ਤੋਂ ਪਹਿਲਾਂ ਮੁੰਡੇ ਦੀ ਭਰਜਾਈ ਸੁਰਮਾ ਪਾ ਕੇ 'ਸੁਰਮਾ ਪੁਆਈ' ਲੈ ਲੈਂਦੀ ਹੈ। ਉਸ ਤੋਂ ਪਿੱਛੋ ਉਸ ਦੀ ਭੈਣ ਵਾਂਗ ਫੜਦੀ ਹੈ ਤੇ ਲੜ ਜਾਂ ਪੱਲਾ ਝੱਲਦੀ ਨਾਲ ਤੁਰਦੀ ਹੈ। ਮੁੰਡੇ ਦੀ ਮਾਂ ਤੇ ਹੋਰ ਸ਼ਰੀਕਣੀਆਂ ਸਲਾਮੀਆਂ ਪਾਉਂਦੀਆਂ ਹਨ ਅਤੇ ਪੂਰੇ ਸ਼ਗਨ ਮਨਾ ਕੇ ਉਸ ਨੂੰ ਮੋਟਰ, ਰੱਥ ਆਦਿ ਵਿੱਚ ਬਿਠਾ ਦਿੰਦੀਆਂ ਹਨ। ਘੋੜੀ ਉੱਤੋਂ ਉਤਾਰਨ ਤੋਂ ਪਹਿਲਾਂ ਉਹ ਵਾਗ ਫੜਨ ਵਾਲੀ ਭੈਣ ਨੂੰ 'ਵਾਗ ਫੜਾਈ' ਦੇ ਕੇ ਬਾਕੀ ਭੇਣਾਂ ਨੂੰ ਖ਼ੁਸ਼ੀਆਂ ਵਿੱਚ ਰੁਪਈਏ ਵੰਡਦਾ ਘੋੜੀ ਚੜ੍ਹ ਜਾਂਦਾ ਹੈ।

ਜਦ ਜੰਞ ਕੁੜੀ ਵਾਲਿਆਂ ਦੇ ਪਿੰਡ ਪਹੁੰਚ ਜਾਂਦੀ ਹੈ ਤਾਂ ਅੱਗੇ ਪਿੰਡ ਦੀ ਪੰਚਾਇਤ ਸਵਾਗਤ ਵਿੱਚ ਖੜ੍ਹੀ ਹੁੰਦੀ ਹੈ। ਪਿੰਡ ਦੇ ਦਰਵਾਜ਼ੇ ਉੱਤੇ ਜਾਂ ਡੇਰੇ ਵਿੱਚ ਪਹੁੰਚਣ ਤੇ 'ਮਿਲਣੀ' ਹੁੰਦੀ ਹੈ। ਮਿਲਣੀ ਤੋਂ ਪਿੱਛੋਂ ਜੰਞ ਡੇਰੇ (ਜੰਨਵਾਸ) ਪਹੁੰਚ ਜਾਂਦੀ ਹੈ। ਮੁੰਡਾ ਰਾਤ ਦੀ ਰੋਟੀ ਡੇਰੇ ਵਿੱਚ ਹੀ ਖਾਂਦਾ ਹੈ। ਜੇ ਜਾਂਞੀਆਂ ਦੀ ਗੋਤਣ ਕੋਈ ਕੁੜੀ ਉਸ ਪਿੰਡ ਵਿੱਚ ਵਿਆਹੀ ਹੋਵੇ ਤਾਂ ਉਸ ਨੂੰ ਮਿਠਿਆਈ ਤੇ ਰੁਪਏ ਸਮੇਤ ਪੱਤਲਾਂ ਭੇਜ ਕੇ ਉਸ ਦਾ ਮਾਣ ਸਤਿਕਾਰ ਕੀਤਾ ਜਾਂਦਾ ਹੈ।

ਵਿਆਹ ਵਿੱਚ ਫੇਰਿਆਂ ਦੀ ਰਸਮ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਸ ਤੋਂ ਬਿਨਾ ਵਿਆਹ ਸੰਪੂਰਨ ਨਹੀਂ ਸਮਝਿਆ ਜਾਂਦਾ। ਪਰ ਇਹਨਾਂ ਰਸਮਾਂ ਵਿੱਚ ਥਾਂ ਥਾਂ ਤੇ ਰਿਵਾਜ ਅਨੁਸਾਰ ਤਬਦੀਲੀ ਕੀਤੀ ਜਾਂਦੀ ਹੈ। ਕੁੜੀ ਨੂੰ ਕੁੜੀ ਦਾ ਮਾਮਾ ਖਾਰਿਆ ਤੋਂ ਚੁੱਕ ਕੇ ਅੰਦਰ ਬਿਠਾ ਦਿੰਦਾ ਹੈ। ਇੱਥੇ ਹੀ ਕੁੜੀ ਦੀ ਮਾਂ ਮਾਮੇ ਨੂੰ ਮਿਸਰੀ ਜਾਂ ਦੁੱਧ ਦੇ ਕੇ ਸਨਮਾਨਦੀ ਹੈ। ਸਿੰਘ ਸਭਾ ਲਹਿਰ ਨੇ ਅਨੰਦ ਕਾਰਜ ਦੀ ਰੀਤ ਦਾ ਪ੍ਰਚਾਰ ਕੀਤਾ। ਇੱਥੇ ਹਵਨ ਦੀ ਥਾਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਜਾਂਦਾ ਹੈ। ਫਿਰ ਸੁਹਾਗ-ਜੋੜੀ ਗੁਰੂ ਗ੍ਰੰਥ ਸਾਹਿਬ ਦੇ ਆਲੇ-ਦੁਆਲੇ ਲਾਵਾਂ ਦੇ ਪਾਠ ਤੇ ਕੀਰਤਨ ਸਮੇਂ ਚਾਰ ਫੇਰੇ ਲੈਂਦੀ ਹੈ। ਚਾਰੇ ਲਾਵਾਂ ਪੜ੍ਹ ਕੇ ਗ੍ਰੰਥੀ ਜਾਂ ਭਾਈ ਅਨੰਦ ਸਾਹਿਬ ਦਾ ਪਾਠ ਕਰਕੇ ਭੋਗ ਪਾ ਦਿੰਦਾ ਹੈ। ਅਨੰਦ-ਕਾਰਜ ਜਾਂ ਲਗਨ-ਫੇਰਿਆਂ ਨਾਲ ਅਸਲੀ ਕਾਰਜ ਖ਼ਤਮ ਹੋ ਜਾਂਦਾ ਹੈ।

ਫਿਰ 'ਵਰੀ' ਹੁੰਦੀ ਹੈ। ਜਾਞੀਂ ਜਿਹੜੀ ਵੀ 'ਵਰੀ' ਲੈ ਕੇ ਆਏ ਹੋਣ, ਥਾਲੀਆਂ, ਟੋਕਰਿਆਂ ਵਿੱਚ ਖਿਲਾਰ ਕੇ ਬੰਦ ਦੀ ਬੰਦ ਕੁੜੀ ਵਾਲਿਆਂ ਦੇ ਘਰ ਲਿਆਉਂਦੇ ਹਨ। ਇਹ ਭਾਈਚਾਰੇ ਨੂੰ ਦਿਖਾਈ ਜਾਂਦੀ ਹੈ।

ਇਸੇ ਤਰ੍ਹਾਂ ਜੰਞ ਦੇ ਤੁਰਨ ਤੋਂ ਪਹਿਲਾਂ ਕੁੜੀ ਵਾਲੇ ਮੁੰਡੇ ਵਾਲਿਆਂ ਨੂੰ ਤੇ ਆਪਣੇ ਭਾਈਚਾਰੇ ਨੂੰ ਦਿੱਤਾ ਜਾਣ ਵਾਲਾ 'ਦਾਜ' ਤੇ 'ਖੱਟ' ਵਿਖਾਉਂਦੇ ਹਨ। ਇਸ ਵਿੱਚ ਉਹ ਸਭ ਕੁਝ ਵਿਖਾਇਆ ਜਾਂਦਾ ਹੈ ਜਿਹੜਾ ਕੁੜੀ ਵਾਲੇ ਮੁੰਡੇ ਵਾਲਿਆਂ ਨੂੰ ਜਾਂ ਆਪਣੀ ਧੀ ਨੂੰ ਦਿੰਦੇ ਹਨ। ਦਾਜ ਵੇਖ ਕੇ ਬਰਾਤ ਤਾਂ ਚਲੀ ਜਾਂਦੀ ਹੈ ਪਰ ਮੁੰਡਾ ਤੇ ਉਸਦਾ ਸਰਬਾਲ੍ਹਾ ਬੈਠਾ ਰਹਿੰਦਾ ਹੈ। ਭਾਈਚਾਰੇ ਦੀਆਂ ਔਰਤਾਂ ਉਸ ਨੂੰ ਸਲਾਮੀਆਂ ਪਾਉਂਦੀਆਂ ਹਨ। ਕੁੜੀਆਂ ਟਿੱਚਰਾਂ ਕਰਦੀਆਂ ਹਨ ਤੇ ਉਸ ਤੋਂ ਛੰਦ ਆਦਿ ਸੁਣਦੀਆਂ ਹਨ। ਸਰਬਾਹਲੇ ਨੂੰ ਤਾਂ ਬਸ ਹੱਥਾਂ ਉੱਤੇ ਹੀ ਚੁੱਕ ਲੈਂਦੀਆਂ ਹਨ।

ਇਸ ਤੋਂ ਪਿੱਛੋਂ ਜੰਞ ਵਿਦਾ ਕਰ ਦਿੱਤੀ ਜਾਂਦੀ ਹੈ। ਮਾਮਾ ਕੁੜੀ ਨੂੰ ਚੁੱਕ ਕੇ ਰੋਂਦੀ, ਕੁਰਲਾਉਂਦੀ ਨੂੰ ਡੋਲੀ ਜਾਂ ਰਥ ਵਿੱਚ ਬਿਠਾ ਆਉਂਦਾ ਹੈ।

ਮੁੰਡੇ ਦੇ ਘਰ ਪਹੁੰਚਣ ਉੱਤੇ ਮੁੰਡੇ ਦੀ ਮਾਂ ਦੀਵਾ ਲੈ ਕੇ ਨੁੰਹ ਪੁੱਤ ਨੂੰ ਲੈਣ ਜਾਂਦੀ ਹੈ। ਦਰਵਾਜ਼ੇ ਉੱਤੇ ਉਹ ਪਾਣੀ ਨਾਲ 'ਵਾਰਨੇ' ਵਾਰਦੀ ਹੈ। ਉਹ ਸੱਤ ਵਾਰੀ ਪਾਣੀ ਮੂੰਹ ਨੂੰ ਲਾਉਂਦੀ ਹੈ। ਭਾਵ ਉਹ ਪੁੱਤ ਦੇ ਦੁੱਖ ਆਪਣੇ ਸਿਰ ਲੈਣ ਦੀ ਕੁਰਬਾਨੀ ਕਰਦੀ ਹੈ। ਮੁੰਡਾ ਉਸ ਨੂੰ ਰੋਕਦਾ ਹੈ। ਸੱਤਵੀ ਵਾਰੀ ਤਾਂ ਉਸ ਦੀਆਂ ਦਿਰਾਣੀਆਂ ਜਿਠਾਣੀਆਂ ਉਸ ਨੂੰ ਬਿਲਕੁਲ ਹੀ ਉਹ ਪਾਣੀ ਨਹੀਂ ਪੀਣ ਦਿੰਦੀਆਂ। ਇਸ ਤੋਂ ਪਿੱਛੋਂ ਵਹੁਟੀ ਨੂੰ ਭਾਈਚਾਰੇ ਦੀਆਂ ਔਰਤਾਂ ਸ਼ਗਨ ਪਾਉਂਦੀਆਂ ਹਨ ਤੇ ਮੂੰਹ ਵੇਖਦੀਆਂ ਹਨ।

ਦੂਜੇ ਦਿਨ ਸਵੇਰੇ ਲਾੜਾ ਤੇ ਵਹੁਟੀ ਪਿੱਤਰਾਂ, ਸ਼ਹੀਦਾਂ ਜਾਂ ਤੁਲਸੀ ਦੇ ਬੂਟੇ ਦੀ ਪੂਜਾ ਵਾਸਤੇ ਜਾਂਦੇ ਹਨ। ਕਈ ਥਾਂਵਾਂ ਉੱਤੇ ਇਸ ਸਮੇਂ ਛਟੀ ਖੇਡਣ ਦਾ ਵੀ ਰਿਵਾਜ ਹੈ। ਲਾੜਾ ਤੇ ਵਹੁਟੀ ਇੱਕ ਦੂਜੇ ਦੇ ਸੱਤ ਸੱਤ ਛਟੀਆਂ ਮਾਰਦੇ ਹਨ। ਇਸੇ ਸ਼ਾਮ ਉਹ 'ਕੰਙਣਾ' ਖੇਲਦੇ ਹਨ।

ਤੀਜੇ ਦਿਨ ਬਹੂ ਨੂੰ ਤੋਰਨ ਤੋਂ ਪਹਿਲਾਂ ਪਿੰਡ ਨੂੰ 'ਦਿਖਾਵਾ' ਦਿਖਾਇਆ ਜਾਂਦਾ ਹੈ। ਬਹੂ ਦੀ ਛੋਟੀ ਨਨਾਣ ਪੇਟੀ ਖੋਲ੍ਹਦੀ ਹੈ ਤੇ 'ਪੇਟੀ ਖੁਲ੍ਹਾਈ' ਦਾ ਮਨਭਾਉਂਦਾ ਸੂਟ ਕੱਢ ਲੈਂਦੀ ਹੈ। ਵਿਆਹ ਦੀਆਂ ਇਹਨਾਂ ਰਸਮਾਂ ਵਿੱਚ ਹੁਣ ਕਿਤੇ-ਕਿਤੇ ਤਬਦੀਲੀ ਆ ਗਈ ਹੈ।

ਜਨਮ ਅਤੇ ਵਿਆਹ ਦੀਆਂ ਮੁੱਖ ਰਸਮਾਂ ਤੋਂ ਪਿੱਛੋਂ ਅਕਾਲ ਚਲਾਣੇ ਜਾਂ ਮੌਤ ਦੀਆਂ ਰਸਮਾਂ ਦਾ ਜ਼ਿਕਰ ਕਰਨਾ ਵੀ ਬਣਦਾ ਹੈ। ਵਿਅਕਤੀ ਦੇ ਪ੍ਰਾਣ ਤਿਆਗਣ ਤੋਂ ਪਿੱਛੋਂ ਤ੍ਰੀਮਤਾਂ ਘਰ ਵਿੱਚ ਵੈਣ ਪਾਉਣ ਲਗ ਜਾਂਦੀਆਂ ਹਨ ਅਤੇ ਮਰਦ ਬਾਹਰ ਫੂਹੜੀ ਵਿਛਾ ਕੇ ਬੈਠ ਜਾਂਦੇ ਹਨ। ਸਾਰੇ ਉਸ ਦੇ ਚੰਗੇ ਅਮਲਾਂ ਦੀ ਸਿਫ਼ਤ ਕਰਦੇ ਹਨ।

ਫਿਰ ਮ੍ਰਿਤਕ ਨੂੰ ਆਖ਼ਰੀ ਇਸ਼ਨਾਨ ਕਰਵਾਇਆ ਜਾਂਦਾ ਹੈ। ਜੇ ਇਸਤਰੀ ਸੁਹਾਗਣ ਮਰੀ ਹੋਵੇ ਤਾਂ ਕੱਪੜਿਆਂ ਨਾਲ ਗਹਿਣੇ ਤੇ ਲਾਲ ਚੰਦੋਰੀ ਪਹਿਨਾ ਕੇ, ਹੱਥਾਂ ਪੈਰਾਂ ਨੂੰ ਮਹਿੰਦੀ ਤੇ ਹੋਠਾਂ ਨੂੰ ਦੰਦਾਸਾ, ਅੱਖਾਂ ਵਿੱਚ ਸੁਰਮਾ, ਵੀਣੀ ਉੱਤੇ ਚੂੜੀਆਂ ਤੇ ਮੱਥੇ ਉੱਤੇ ਬਿੰਦੀ ਲਾ ਕੇ ਅੰਤਮ ਯਾਤਰਾ ਲਈ ਤਿਆਰ ਕਰਦੇ ਹਨ।

ਮ੍ਰਿਤਕ ਨੂੰ ਨੁਹਾਉਂਦਿਆਂ, ਓਧਰ ਚਿਖਾ ਵਾਸਤੇ ਬਾਲਣ ਢੋ ਲਿਆ ਜਾਂਦਾ ਹੈ ਤੇ ਏਧਰ ਅਰਥੀ ਤਿਆਰ ਕਰ ਲਈ ਜਾਂਦੀ ਹੈ। ਅਰਥੀ ਵਾਸਤੇ ਬਾਂਸ ਜਾਂ ਬੇਰੀ ਦੀ ਲੱਕੜੀ ਵਰਤੀ ਜਾਂਦੀ ਹੈ। ਕਿੱਲਾਂ ਦੀ ਥਾਂ ਬੱਭੜ ਆਦਿ ਨਾਲ ਹੀ ਅਰਥੀ ਦੀਆਂ ਲੱਕੜੀਆਂ ਨੂੰ ਬੰਨ੍ਹਿਆ ਜਾਂਦਾ ਹੈ।

ਘਰ ਤੋਂ ਸਿਵਿਆਂ ਨੂੰ ਜਾਂਦੇ ਸਮੇਂ ਮ੍ਰਿਤਕ ਦੇ ਕਰੀਬੀ ਰਿਸ਼ਤੇਦਾਰ ਉਸ ਦੀ ਅਰਥੀ ਨੂੰ ਆਪਣੇ ਮੋਢਿਆਂ ਉੱਤੇ ਚੁੱਕ ਕੇ ਲਿਜਾਂਦੇ ਹਨ। ਘਰੋਂ ਤੁਰਨ ਸਮੇਂ ਰਸਮੀ ਤੌਰ ਤੇ ਉਸ ਦੀ ਮ੍ਰਿਤਕ ਦੇਹੀ ਤੋਂ ਪੈਸੇ ਵਾਰ ਕੇ ਉਸ ਦਾ ਭਾੜਾ ਜਾਂ ਕਿਰਾਇਆ ਉਤਾਰ ਦਿੱਤਾ ਜਾਂਦਾ ਹੈ।

ਅੱਧ ਮਾਰਗ ਤੋਂ ਪਿੱਛੋਂ ਇਸਤਰੀਆਂ ਉੱਥੇ ਹੀ ਬੈਠ ਜਾਂਦੀਆਂ ਹਨ ਤੇ ਮਰਦ ਅਰਥੀ ਨਾਲ ਚਲੇ ਜਾਂਦੇ ਹਨ। ਸ਼ਮਸ਼ਾਨ ਭੂਮੀ ਵਿੱਚ ਪਹੁੰਚ ਕੇ ਅਰਥੀ ਲਾਹ ਲੈਂਦੇ ਹਨ। ਚਿਖਾ ਵਾਸਤੇ ਲੱਕੜੀ ਚਿਣ ਲੈਂਦੇ ਹਨ। ਫਿਰ ਮ੍ਰਿਤਕ ਦੇਹੀ ਨੂੰ ਚਿਖਾ ਉੱਤੇ ਲਿਟਾ ਦਿੱਤਾ ਜਾਂਦਾ ਹੈ।

ਇਸ ਤੋਂ ਪਿੱਛੋਂ ਵੱਡਾ ਪੁੱਤਰ ਆਪਣੇ ਹੱਥ ਵਿੱਚ ਲਾਂਬੂ ਲੈ ਕੇ ਸੱਜਿਉ ਖੱਬੇ ਨੂੰ ਇੱਕ ਗੇੜਾ ਅਰਥੀ ਦੇ ਦੁਆਲੇ ਕੱਢਦਾ ਹੈ। ਮ੍ਰਿਤਕ ਦੇ ਪੈਰਾਂ ਕੋਲ ਪਹੁੰਚ ਕੇ ਉਹ ਚਿਖਾ ਨੂੰ ਲਾਂਬੂ ਲਾ ਦਿੰਦਾ ਹੈ। ਅੱਗ ਲੱਗ ਜਾਣ ਤੇ ਅਰਥੀ ਨਾਲ ਆਏ ਸਾਰੇ ਆਦਮੀ ਦੂਰ ਜਾ ਕੇ ਖਲੋ ਜਾਂਦੇ ਹਨ। ਜਦ ਚਿਖਾ ਜਲ ਕੇ ਮੁਰਦੇ ਦੀ ਖੋਪਰੀ ਵਿਖਾਈ ਦੇਣ ਲਗ ਜਾਵੇ ਤਾਂ ਕੋਈ ਆਦਮੀ ਅਰਥੀ ਦਾ ਇੱਕ ਡੰਡਾ ਕੱਢ ਕੇ ਮੁਰਦੇ ਦੀ ਖੋਪਰੀ ਟਕੋਰਦਾ ਹੈ ਅਤੇ ਹਥਲਾ ਡੰਡਾ ਚਿਖਾ ਦੇ ਉੱਪਰੋਂ ਲਾਸ਼ ਦੇ ਪੈਰਾਂ ਤੋਂ ਪਾਰ ਸੁੱਟ ਦਿੰਦਾ ਹੈ। ਇਸ ਨੂੰ "ਕਪਾਲ ਕ੍ਰਿਆ" ਕਹਿੰਦੇ ਹਨ।

'ਕਪਾਲ ਕ੍ਰਿਆ' ਤੋਂ ਪਿੱਛੋਂ ਅਰਥੀ ਨਾਲ ਆਏ ਸਾਰੇ ਬੰਦੇ ਚਿਖਾ ਦੇ ਬਾਹਰ ਪਏ ਬਾਲਣ ਦੇ ਤੀਲਿਆਂ ਨੂੰ ਚਿਖਾ ਉੱਤੇ ਸੁੱਟਦੇ ਹਨ ਅਤੇ ਫਿਰ ਬਿਨਾਂ ਪਿਛਾਂਹ ਤੱਕਣ ਤੋਂ ਵਾਪਸ ਤੁਰ ਪੈਂਦੇ ਹਨ। ਸਾਰੇ ਆਦਮੀ ਇਹਨਾਂ ਚਿੰਨ੍ਹਾਂ ਰਾਹੀਂ ਮੁਰਦੇ ਨਾਲ ਆਪਣੇ ਸੰਬੰਧ ਤੋੜਦੇ ਹਨ। ਕਈ ਵਾਰੀ ਡੱਕਾ ਤੋੜਦੇ ਹਨ ਤੇ ਕਈ ਵਾਰੀ ਕੰਡਾ। ਕਈ ਨਿੰਮ ਦੀ ਪੱਤੀ ਚਬਾ ਕੇ ਮਰਨ ਵਾਲੇ ਨੂੰ ਆਪਣੇ ਵਾਸਤੇ ਨਿੰਮੋਂ ਕੌੜਾ ਕਰ ਦਿੰਦੇ ਹਨ, ਜਾਂ ਅੱਕ ਦਾ ਦੁੱਧ ਚੋ ਕੇ ਅੱਕੋਂ ਕੌੜਾ।

ਰਾਸਤੇ ਵਿਚ ਸਾਰੇ ਸੱਜਣ ਕਿਸੇ ਖੂਹ, ਟੋਭੇ ਜਾਂ ਛੱਪਰ ਉੱਤੇ ਹੋ ਸਕੇ ਤਾਂ ਇਸ਼ਨਾਨ ਨਹੀਂ ਤਾਂ ਹੱਥ ਮੂੰਹ ਧੋਂਦੇ ਹਨ। ਮੌਤ ਤੋਂ ਤੀਜੇ ਦਿਨ ਮੁਰਦੇ ਦੇ ਫੁੱਲ ਚੁਗਣ ਜਾਂਦੇ ਹਨ। ਫੁੱਲਾਂ ਨੂੰ ਹਰਿਦਵਾਰ ਜਾਂ ਕੀਰਤਪੁਰ ਸਾਹਿਬ ਜਲ ਪ੍ਰਵਾਹ ਕੀਤਾ ਜਾਂਦਾ ਹੈ।

ਇਸ ਤੋਂ ਪਿੱਛੋਂ ਕੁਝ ਦਿਨ ਦੂਰ-ਨੇੜੇ ਦੀਆਂ ਮੁਕਾਣਾਂ ਆਉਂਦੀਆਂ ਹਨ। ਹੰਗਾਮੇ ਦੇ ਸਮੇਂ ਇੱਕ ਰਸਮ 'ਦਸਤਾਰਬੰਦੀ' ਦੀ ਕੀਤੀ ਜਾਂਦੀ ਹੈ। ਭਾਈਚਾਰੇ ਦੀ ਹਾਜ਼ਰੀ ਵਿੱਚ ਵਡਾ ਪੁੱਤਰ ਆਪਣੇ ਸਹੁਰਿਆਂ ਦੀ ਦਿੱਤੀ ਪੱਗ ਬੰਨ੍ਹਦਾ ਹੈ। ਇਸ ਤਰ੍ਹਾਂ ਉਹ ਆਪਣੇ ਪਿਤਾ ਦਾ ਵਾਰਸ ਬਣ ਜਾਂਦਾ ਹੈ।

ਜਿੱਥੋਂ ਤੱਕ ਮੁਸਲਮ ਭਾਈਚਾਰੇ ਦਾ ਸੰਬੰਧ ਹੈ ਉਹਨਾਂ ਦੀਆਂ ਰਸਮਾਂ ਵਿੱਚ ਦੋ ਵੱਡੇ ਫਰਕ ਹਨ। ਉਹ ਅੰਮ੍ਰਿਤ-ਪਾਨ/ਜਨੇਉ ਦੀ ਥਾਂ ਸੁੰਨਤ ਦੀ ਰਸਮ ਕਰਦੇ ਹਨ ਤੇ ਮੌਤ ਉਪਰੰਤ ਮ੍ਰਿਤਕ ਦੇਹ ਨੂੰ ਅਗਨੀ ਭੇਂਟ ਕਰਨ ਦੀ ਥਾਂ ਦਫ਼ਨਾਉਂਦੇ ਹਨ।

ਇਸ ਤਰ੍ਹਾਂ ਜੀਵਨ-ਨਾਟਕ ਦੇ ਆਰੰਭ ਤੋਂ ਅੰਤ ਤੱਕ ਵਿਭਿੰਨ ਰਸਮ-ਰਿਵਾਜ ਕੀਤੇ ਜਾਂਦੇ ਹਨ। ਇਹਨਾਂ ਦੀ ਪੂਰਤੀ ਵਿੱਚ ਦਾਈ, ਨਾਈ ਤੇ ਭਾਈ ਕ੍ਰਮਵਾਰ ਜਨਮ, ਵਿਆਹ ਤੇ ਮੌਤ ਦੀਆਂ ਰਸਮਾਂ ਵਿੱਚ ਮਹੱਤਵਪੂਰਨ ਭਾਗ ਲੈਂਦੇ ਹਨ। ਸਮੇਂ ਦੇ ਬਦਲਾਉ ਨਾਲ ਉਪਰ ਦੱਸੇ ਰਸਮ-ਰਿਵਾਜ਼ਾਂ ਵਿੱਚ ਵੀ ਕਿਤੇ-ਕਿਤੇ ਤਬਦੀਲੀ ਆਈ ਹੈ।

ਪੰਜਾਬੀ ਰਹਿਣ-ਸਹਿਣ

ਕੁਦਰਤ ਦਾ ਮਨੁੱਖ ਦੇ ਰਹਿਣ-ਸਹਿਣ ਉੱਤੇ ਬੜਾ ਡੂੰਘਾ ਪ੍ਰਭਾਵ ਹੈ। ਰਹਿਣ-ਸਹਿਣ ਉੱਤੇ ਕੁਦਰਤ ਦੇ ਵੱਖ-ਵੱਖ ਅੰਗਾਂ ਦਾ ਪ੍ਰਭਾਵ ਦੋ ਵਰਗਾਂ ਵਿੱਚ ਵੰਡਿਆ ਜਾ ਸਕਦਾ ਹੈ:
ਸੂਰਜ ਦੁਆਰਾ ਪ੍ਰਭਾਵਿਤ ਰਹਿਣ-ਸਹਿਣ
ਧਰਤੀ ਦੇ ਸੌਰ-ਮੰਡਲ ਦਾ ਕੇਂਦਰੀ ਧੁਰਾ ਸੂਰਜ ਸਾਡੇ ਪੌਣ-ਪਾਣੀ, ਦਰਿਆਵਾਂ, ਧਰਤੀ ਦੀ ਉਪਜਾਊ ਸ਼ਕਤੀ, ਬਨਸਪਤੀ ਆਦਿ ਨੂੰ ਇਸ ਤਰ੍ਹਾਂ ਨਿਰਧਾਰਿਤ ਕਰਦਾ ਹੈ ਕਿ ਅਸੀਂ ਸੂਰਜ ਦੇ ਨਿਜ਼ਾਮ ਅਨੁਸਾਰ ਸਵੇਰੇ ਉੱਠਣ ਦੇ ਸਮੇਂ ਤੋਂ ਲੈ ਕੇ, ਭੱਤਾ ਵੇਲਾ, ਸ਼ਾਹ ਵੇਲਾ, ਫ਼ਸਲਾਂ ਬੀਜਣ ਅਤੇ ਵੱਢਣ ਦਾ ਸਮਾਂ ਨਿਸਚਿਤ ਕਰਦੇ ਹਾਂ। ਸੂਰਜ ਸਾਡੇ ਖਾਣ-ਪੀਣ --ਗਰਮੀਆਂ ਵਿੱਚ ਕੱਦੂ, ਟਿੰਡੇ, ਕਰੇਲੇ, ਭਿੰਡੀ-ਤੋਰੀ, ਹਲਵਾ, ਖ਼ਰਬੂਜ਼ੇ, ਤਰਬੂਜ਼, ਅੰਬ, ਜਾਮਨੂੰ ਦੀਆਂ ਫ਼ਸਲਾਂ ਅਤੇ ਫਲ ਪਕਾਉਂਦਾ ਹੈ। ਇੱਥੋਂ ਤਕ ਕਿ ਸੂਰਜ ਦੀ ਗਰਮੀ ਅਨੁਸਾਰ ਸਾਡਾ ਪਹਿਰਾਵਾ ਗਰਮੀਆਂ ਵਿੱਚ ਪਤਲੇ ਮਲਮਲ ਦੇ ਕੱਪੜੇ, ਪਰਨੇ ਅਤੇ ਸਰਦੀਆਂ ਵਿੱਚ ਖੱਦਰ ਦੇ ਕੱਪੜੇ ਅਤੇ ਖੇਸੀ, ਲੋਈ ਦੀ ਬੁੱਕਲ ਸਾਡੀਆਂ ਲੋੜਾਂ ਬਣਦੇ ਹਨ। ਗਰਮੀਆਂ ਦੇ ਦਿਨਾਂ ਵਿੱਚ ਛਬੀਲਾਂ ਲਾਉਣੀਆਂ, ਕੱਕੋਂ ਦਾ ਸ਼ਰਬਤ, ਸੱਤੂ ਖਾਣੇ, ਖੀਰਾ, ਤਰਾਂ ਖਾਣੀਆਂ ਸੂਰਜ ਦੀ ਅਤਿ ਦੀ ਗਰਮੀ ਤੋਂ ਬਚਣ ਲਈ ਖੁਰਾਕ ਦੇ ਅੰਸ਼ ਹਨ। ਜਦੋਂ ਤਪਦੀ ਲੋਅ ਫ਼ਸਲਾਂ ਨੂੰ ਫਲੂਸ ਬਣਾ ਰਹੀ ਹੋਵੇ ਤਦ ਮੀਂਹ ਲਈ ਚੌਲਾਂ ਦੀਆਂ ਦੇਗਾਂ ਉਬਾਲ ਕੇ ਯੱਗ ਕਰਨੇ ਸੂਰਜ ਦੀ ਗਰਮੀ ਤੋਂ ਬਚਣ ਲਈ ਕੋਸ਼ਸ਼ ਕਰਦੇ ਰਸਮ-ਰਿਵਾਜ ਹਨ। ਇਹੀ ਨਹੀਂ ਸਾਡੀਆਂ ਰਸਮਾਂ, ਰਿਵਾਜਾਂ, ਤਿਉਹਾਰਾਂ, ਘਰਾਂ, ਗਲੀਆਂ, ਕੁੱਪਾਂ, ਧੜਾਂ ਸ਼ਹਿਰਾਂ ਆਦਿ ਦੀ ਬਣਤਰ ਨੂੰ ਵੀ ਸੂਰਜ ਪ੍ਰਭਾਵਿਤ ਕਰਦਾ ਹੈ। ਪੰਜਾਬ ਸਮੇਤ ਦੁਨੀਆਂ ਦੇ ਉਹ ਵਿਸ਼ਾਲ ਇਲਾਕੇ ਜਿੱਥੇ ਸਾਲ ਦੇ ਤਿੰਨ ਸੌ ਪੈਂਹਠ ਦਿਨਾਂ ਵਿੱਚੋਂ ਜ਼ਿਆਦਾ ਦਿਨ ਸੂਰਜ ਚਮਕਦਾ ਹੈ, ਸੂਰਜ ਦੁਆਰਾ ਪ੍ਰਭਾਵਿਤ ਰਹਿਣ-ਸਹਿਣ ਦੇ ਵਰਗ ਵਿੱਚ ਆਉਂਦੇ ਹਨ।
ਬੱਦਲਾਂ ਦੁਆਰਾ ਪ੍ਰਭਾਵਿਤ ਰਹਿਣ-ਸਹਿਣ
ਸੰਸਾਰ ਦਾ ਉਹ ਹਿੱਸਾ ਜਿੱਥੇ ਸਾਲ ਦਾ ਬਹੁਤਾ ਸਮਾਂ ਬੱਦਲ ਛਾਏ ਰਹਿਣ, ਬਰਸਾਤ ਹੁੰਦੀ ਰਹੇ, ਬਰਫ਼ ਪੈਂਦੀ ਹੋਵੇ ਅਤੇ ਬਰਫ਼ਾਨੀ ਹਵਾਵਾਂ ਦੇ ਨਾਲ ਧੁੰਦ, ਕੋਹਰਾ ਛਾਇਆ ਰਹੇ, ਸਿਲ੍ਹ, ਸਲ੍ਹਾਬਾ ਅਤੇ ਹਨ੍ਹੇਰਾ ਰਹੇ, ਬੱਦਲਾਂ ਦੁਆਰਾ ਪ੍ਰਭਾਵਿਤ ਰਹਿਣ-ਸਹਿਣ, ਖਾਣ-ਪੀਣ, ਪਹਿਰਾਵਾ, ਕੰਮ-ਧੰਦੇ, ਘਰਾਂ, ਸ਼ਹਿਰਾਂ ਦੀ ਬਣਤਰ ਸੂਰਜ ਦੁਆਰਾ ਪ੍ਰਭਾਵਿਤ ਰਹਿਣ-ਸਹਿਣ ਤੋਂ ਬੜੀ ਵੱਖਰੀ ਹੁੰਦੀ ਹੈ। ਪੰਜਾਬ ਦੇ ਰਹਿਣ-ਸਹਿਣ ਦੇ ਪਰਿਖੇਪ ਵਿੱਚ ਇੱਕ ਪਾਸੇ "ਰੱਬਾ ਰੱਬਾ ਮੀਂਹ ਵਰਸਾ, ਸਾਡੀ ਕੋਠੀ ਦਾਣੇ ਪਾ" ਦੀਆਂ ਅਰਦਾਸਾਂ ਹਨ, ਦੂਜੇ ਪਾਸੇ ਅਸੀਂ ਬੱਦਲਾਂ ਦੁਆਰਾ ਪ੍ਰਭਾਵਿਤ ਮੌਸਮ ਤੋਂ ਛੇਤੀ ਹੀ ਅੱਕ ਵੀ ਜਾਂਦੇ ਹਾਂ। ਇਸ ਲਈ ਮਿਸਾਲ ਵਜੋਂ ਇਹ ਅਖੌਤ ਕਹੀ ਜਾ ਸਕਦੀ ਹੈ ਕਿ "ਲੋਕੀਂ ਬਾਰਾਂ ਸਾਲਾਂ ਦਾ ਸੋਕਾ ਤਾਂ ਬਰਦਾਸ਼ਤ ਕਰ ਲੈਂਦੇ ਹਨ ਪਰ ਬਾਰਾਂ ਘੜੀਆਂ ਦਾ ਮੀਂਹ ਬਰਦਾਸ਼ਤ ਨਹੀਂ ਕਰ ਸਕਦੇ।" ਪੰਜਾਬ ਵਿੱਚ ਮੁੱਖ ਤੌਰ ਤੇ ਅਜਿਹਾ ਮੌਸਮ ਸਾਉਣ ਭਾਦਰੋਂ ਦੀਆਂ ਮਾਨਸੂਨ ਬਾਰਸ਼ਾਂ ਦੇ ਦਿਨਾਂ ਵਿੱਚ ਆਉਂਦਾ ਹੈ। ਬੱਦਲਾਂ ਜਿਵੇਂ ਕੁਦਰਤ ਦਾ, ਬਨਸਪਤੀ ਦਾ, ਇਸ਼ਨਾਨ ਕਰਾ ਕੇ ਸ਼ਿੰਗਾਰ ਕੀਤਾ ਹੋਵੇ, ਬਾਗਾਂ ਵਿੱਚ ਕੋਇਲਾਂ ਬੋਲਦੀਆਂ ਹਨ ਅਤੇ ਫ਼ਸਲਾਂ ਦਿਨੋਂ ਦਿਨ ਪੱਲਰ ਕੇ ਵਧਦੀਆਂ ਹਨ। ਮੁਟਿਆਰਾਂ ਪੀਂਘਾਂ ਨਾਲ ਪਿੱਪਲ ਦੀਆਂ ਟੀਸੀਆਂ ਨੂੰ ਛੋਂਹਦੀਆਂ ਹਨ। ਤੀਆਂ ਵਿੱਚ ਗਿੱਧਾ ਅਤੇ ਲੋਕ-ਗੀਤ ਮਚਲ ਉੱਠਦੇ ਹਨ। ਸਾਵਿਆਂ ਦੇ ਦਿਨਾਂ ਵਿੱਚ ਖੀਰਾਂ, ਪੂੜੇ ਅਤੇ ਮਾਲ੍ਹਪੂੜੇ ਤਲੇ ਜਾਂਦੇ ਹਨ। ਪਰ ਸਿਲ੍ਹ, ਸਲ੍ਹਾਬਾ, ਹੁੰਮਸ, ਲਗਾਤਾਰ ਬਾਰਸ਼ਾਂ ਕਰਕੇ ਕੱਪੜਿਆਂ ਨੂੰ ਉਲ੍ਹੀ ਲੱਗ ਜਾਂਦੀ ਹੈ। ਦਾਲਾਂ, ਕਣਕ, ਛੋਲਿਆਂ ਨੂੰ ਸੁਸਰੀ-ਢੋਰਾ ਲੱਗ ਜਾਂਦੇ ਹਨ। ਗੁੜ, ਸ਼ੱਕਰ ਮੌਸਮ ਵਿਚਲੀ ਸਿਲ੍ਹ ਨਾਲ ਗੜੁੱਚ ਹੋ ਜਾਂਦੇ ਹਨ। ਸਾਉਣ ਦੀ ਮਸਤੀ ਤੋਂ ਛੇਤੀ ਹੀ ਲੋਕ ਅੱਕ ਜਾਂਦੇ ਹਨ। ਸੁੱਕਾ ਬਾਲਣ ਮੁੱਕ ਜਾਂਦਾ ਹੈ, ਸਿਲ੍ਹੇ ਬਾਲਣ ਨਾਲ ਰੋਟੀ ਪਕਾਉਣੀ ਸੁਆਣੀਆਂ ਲਈ ਚੁਣੌਤੀ ਬਣ ਜਾਂਦੀ ਹੈ। ਇਹ ਮੌਸਮ ਅਤੇ ਬੱਦਲਾਂ ਦਾ ਪ੍ਰਭਾਵ ਪੰਜਾਬ ਵਿੱਚ ਦੋ-ਢਾਈ ਮਹੀਨੇ ਰਹਿੰਦਾ ਹੈ। ਸਾਲ ਦਾ ਪੰਜਵਾਂ ਛੇਵਾਂ ਹਿੱਸਾ ਹੋਣ ਦੇ ਬਾਵਜੂਦ ਇਸ ਮੌਸਮ ਦੀ ਸਾਡੇ ਗੀਤਾਂ, ਬੋਲੀਆਂ, ਖਾਣ-ਪੀਣ, ਪਹਿਰਾਵੇ ਵਿੱਚ ਡੂੰਘੀ ਛਾਪ ਹੈ।

ਕਾਦਰ ਦੀ ਕੁਦਰਤ ਦਾ ਪੰਜਾਬ ਦੇ ਰਹਿਣ-ਸਹਿਣ ਤੇ ਅਸਰ ਇਤਿਹਾਸਿਕ ਪਰਿਖੇਪ ਦੀ ਰੋਸ਼ਨੀ ਵਿੱਚ ਹੋਰ ਸਪਸ਼ਟ ਹੋ ਜਾਂਦਾ ਹੈ, ਜਦੋਂ ਅਸੀਂ ਇਹ ਸਮਝਦੇ ਹਾਂ ਕਿ ਜਿੱਥੇ ਅੱਜ-ਕੱਲ੍ਹ ਪੰਜਾਬ ਦੇ ਮੈਦਾਨ ਹਨ, ਕਦੀ ਇਥੇ ਟੈਥੀਜ਼ ਨਾਂ ਦਾ ਸਾਗਰ ਲਹਿਰਾਉਂਦਾ ਸੀ। ਟੈਥੀਜ਼ ਸਾਗਰ ਦੇ ਇੱਕ ਪਾਸੇ ਅੰਗਾਰਾਲੈਂਡ ਅਤੇ ਦੂਜੇ ਪਾਸੇ ਗੋਂਡਵਾਣਾਲੈਂਡ ਦੇ ਭੋਂ-ਟੁਕੜੇ ਸਨ। ਧਰਤੀ ਦੀਆਂ ਉੱਥਲ-ਪੁੱਥਲ ਦੀਆਂ ਤਾਕਤਾਂ ਕਰਕੇ ਇਹ ਟੁਕੜੇ ਸਰਕਣੇ ਸ਼ੁਰੂ ਹੋਏ ਜਿਸ ਦੇ ਫਲਸਰੂਪ ਨਾ ਸਿਰਫ਼ ਹਿਮਾਲੀਆ ਪਰਬਤ ਹੋੰਦ ਵਿੱਚ ਆਏ, ਗੰਗਾ-ਜਮਨਾ ਦੇ ਵਿਸ਼ਾਲ ਮੈਦਾਨਾਂ ਦੇ ਨਾਲ ਨਾਲ ਪੰਜਾਬ ਦਾ ਵਿਸ਼ਾਲ ਮੈਦਾਨ ਵੀ ਸਾਗਰ ਵਿੱਚੋਂ ਉਭਰ ਕੇ ਹੋਂਦ ਵਿੱਚ ਆਇਆ। ਗੰਗਾ ਜਮਨਾ ਦੇ ਮੈਦਾਨਾਂ ਦੀ ਕੁਦਰਤੀ ਢਲਾਣ ਪੂਰਬ ਅਤੇ ਦੱਖਣ-ਪੂਰਬ ਵੱਲ ਸੀ ਜਦਕਿ ਪੰਜਾਬ ਦੇ ਮੈਦਾਨ ਵਿੱਚ ਸਿੰਧ ਨਦੀ ਆਪਣੀਆਂ ਸਹਾਇਕ ਨਦੀਆਂ ਨਾਲ ਦੱਖਣ-ਪੱਛਮ ਵੱਲ ਨੂੰ ਵਹਿਣ ਲੱਗੀ। ਇੰਞ ਹਿਮਾਲੀਆ ਪਰਬਤ ਤੋਂ ਸ਼ੁਰੂ ਹੋ ਕੇ ਇਹ ਦਰਿਆ ਜਦ ਦੱਖਣ ਪੱਛਮ ਨੂੰ ਵਹਿਣ ਲੱਗੇ ਤਾਂ ਇਤਿਹਾਸ ਕਾਲ ਤੋਂ ਹੀ ਇਹ ਮੈਦਾਨ ਇੱਕ ਵੱਖਰੀ ਇਕਾਈ ਵਜੋਂ ਸਥਾਪਤ ਹੋਇਆ। ਸਿੰਧ ਅਤੇ ਉਸ ਦੀਆਂ ਸਹਾਇਕ ਨਦੀਆਂ ਨੇ ਪਹਾੜਾਂ ਤੋਂ ਲੱਖਾਂ ਮਣ ਮਹੀਨ ਉਪਜਾਊ ਮਿੱਟੀ ਇਸ ਮੈਦਾਨ ਵਿੱਚ ਹੜ੍ਹਾਂ ਰਾਹੀਂ ਫੈਲਾਣੀ ਸ਼ੁਰੂ ਕੀਤੀ ਜਿਸ ਕਰਕੇ ਪਹਿਲਾਂ ਇਸ ਇਲਾਕੇ ਨੂੰ ਸਪਤ ਸਿੰਧੂ ਅਤੇ ਬਾਅਦ ਵਿੱਚ ਸਤਲੁਜ, ਬਿਆਸ, ਰਾਵੀ, ਜਿਹਲਮ ਅਤੇ ਝਨਾਂ ਦੇ ਵਹਿਣ ਦਾ ਇਲਾਕਾ, ਪੰਜ ਦਰਿਆਵਾਂ ਦੀ ਧਰਤੀ ਪੰਚਨਦ, ਅਥਵਾ ਪੰਜਾਬ ਕਿਹਾ ਜਾਣ ਲੱਗਾ।

ਸਮੁੰਦਰ ਵਿੱਚੋਂ ਉਭਰਨ ਕਰਕੇ ਅਤੇ ਪਹਾੜਾਂ ਤੋਂ ਆਈ ਮਹੀਨ ਉਪਜਾਊ ਮਿੱਟੀ, ਜੋ ਹੜ੍ਹਾਂ ਨਾਲ ਸਾਲੋ-ਸਾਲ ਆਉਂਦੀ ਰਹੀ, ਸਦਕਾ ਪੰਜਾਬ ਦਾ ਮੈਦਾਨ ਦੁਨੀਆਂ ਭਰ ਦੇ ਉਪਜਾਊ ਖਿੱਤਿਆਂ ਵਿੱਚੋਂ ਇੱਕ ਬਣ ਕੇ ਉਭਰਿਆ। ਇਸ ਧਰਤੀ ਉੱਤੇ ਜੰਗਲਾਂ, ਮੰਡਾਂ, ਬੀੜਾਂ, ਬੇਲਿਆਂ ਦੀ ਭਰਮਾਰ ਹੋ ਗਈ। ਸਮੁੰਦਰ ਤੋਂ ਜੇਠ-ਹਾੜ੍ਹ ਦੇ ਮਹੀਨਿਆਂ ਵਿੱਚ ਇਸ ਧਰਤੀ ਤੇ ਸੂਰਜ ਦੀ ਤਪਸ਼ ਨਾਲ ਘੱਟ ਹਵਾ ਦੇ ਦਬਾਅ ਦਾ ਖੇਤਰ ਪੈਦਾ ਹੋ ਜਾਂਦਾ। ਹਵਾ ਦੇ ਇਸ ਘੱਟ ਹਵਾ ਦੇ ਦਬਾਅ ਦੇ ਖੇਤਰ ਵੱਲ ਕੁਦਰਤ ਆਪਣਾ ਸਮਤੋਲ ਬਰਾਬਰ ਕਰਨ ਲਈ ਵਾਰ ਚੁਫ਼ੇਰੇ ਤੋਂ ਹਵਾ ਨੂੰ ਖਿੱਚਦੀ। ਉਹ ਹਵਾ ਜੋ ਅਰਬ ਸਾਗਰ ਅਤੇ ਬੰਗਾਲ ਦੀ ਖਾੜੀ ਵੱਲੋਂ ਇਸ ਪ੍ਰਦੇਸ ਵੱਲ ਆਉਂਦੀ ਸਾਗਰ ਦੇ ਤਲ ਤੋਂ ਗੁਜ਼ਰਨ ਕਾਰਨ ਪਾਣੀ ਨਾਲ ਭਰੇ ਬੱਦਲਾਂ ਦੀ ਸ਼ਕਲ ਵਿੱਚ ਪੰਜਾਬ ਦੇ ਮੈਦਾਨ ਦਾ ਰੁਖ਼ ਕਰਕੇ ਜਦ ਹਿਮਾਲਾ ਪਰਬਤ ਦੀ ਉਚਾਈ ਨਾਲ ਟਕਰਾਉਂਦੀ ਤਾਂ ਇਸ ਇਲਾਕੇ ਵਿੱਚ ਵਰਖਾ ਦਾ ਕਰਨ ਬਣਦੀ। ਇਸ ਬਰਖਾ ਨੂੰ ਮੌਨਸੂਨ ਬਾਰਿਸ਼ ਕਿਹਾ ਜਾਂਦਾ। ਮੌਨਸੂਨ ਦੀ ਇਹ ਬਾਰਿਸ਼ ਪੰਜਾਬ ਦੇ ਉਹਨਾਂ ਵਿਸ਼ਾਲ ਇਲਾਕਿਆਂ ਵਿੱਚ ਜਿੱਥੇ ਨੇੜੇ-ਤੇੜੇ ਦਰਿਆ ਨਹੀਂ ਸਨ, ਖੂਹਾਂ ਅਤੇ ਨਹਿਰਾਂ ਦੀ ਸਹੂਲਤ ਨਹੀਂ ਸੀ, ਅਜਿਹੇ ਇਲਾਕਿਆਂ ਵਿੱਚ ਬਰਾਨੀ ਫ਼ਸਲਾਂ ਨੂੰ ਲੋੜੀਂਦੇ ਪਾਣੀ ਦੀ ਜ਼ਰੂਰਤ ਪੂਰੀ ਕਰਕੇ ਭਰਪੂਰ ਫ਼ਸਲਾਂ ਉਗਾਉਂਦੀ। ਬਰੀਕ ਉਪਜਾਊ ਮਿੱਟੀ, ਦਰਿਆਵਾਂ ਦਾ ਪਾਣੀ ਅਤੇ ਜਿੱਥੇ ਪਾਣੀ ਨਹੀਂ ਸੀ ਉੱਥੇ ਮੌਨਸੂਨ ਬਾਰਿਸ਼ ਕਰਕੇ ਪੰਜਾਬ ਦਾ ਇਹ ਇਲਾਕਾ ਖੇਤੀ-ਪ੍ਰਧਾਨ ਬਣ ਕੇ ਵਧਣ-ਫੁੱਲਣ ਲੱਗਾ।

ਇਸ ਇਲਾਕੇ ਵਿੱਚ ਪਸੂਆਂ ਦੀ ਮਦਦ ਨਾਲ ਖੇਤੀ ਹੋਣ ਲੱਗੀ, ਲਹਿਰਾ ਕੇ ਫਸਲਾਂ ਪਲਮਦੀਆਂ, ਜਿਸ ਕਰਕੇ ਇੱਥੇ ਫ਼ਸਲਾਂ ਦੀ ਲੋੜ ਤੋਂ ਜਿਆਦਾ ਉਪਜ ਨੂੰ ਵਿਉਪਾਰ ਵਜੋਂ ਵਰਤਿਆ ਜਾਣ ਲੱਗਾ। ਭਾਵ ਇੱਥੇ ਦੀ ਉਪਜ ਦੇ ਕੇ ਵੱਟੇ ਵਿੱਚ ਦੂਜੇ ਪ੍ਰਦੇਸਾਂ ਤੋਂ ਹੋਰ ਲੋੜੀਂਦੀਆਂ ਵਸਤਾਂ ਦਾ ਵਿਉਪਾਰ ਸ਼ੁਰੂ ਹੋਇਆ। ਵਿਉਪਾਰ ਨਾਲ ਖ਼ੁਸ਼ਹਾਲੀ ਵਧੀ ਅਤੇ ਇਸ ਇਲਾਕੇ ਵਿੱਚ ਸਿੰਧ ਘਾਟੀ ਦੀ ਸੱਭਿਅਤਾ ਦੇ ਉੱਚਤਮ ਸਿਖਰ, ਹੱੜਪਾ ਵਰਗੇ ਸ਼ਹਿਰਾਂ ਦਾ ਵਿਕਾਸ ਹੋਇਆ। ਸਿੰਧ ਘਾਟੀ ਦੀ ਸੱਭਿਅਤਾ ਵਿੱਚ ਜੋ ਸਿਲਾਂ ਮਿਲੀਆਂ ਹਨ ਉਹਨਾਂ ਦੇ ਸੰਕੇਤਾਂ ਅਨੁਸਾਰ ਇੱਥੇ, ਰੁੱਖ-ਪੂਜਾ, ਪਸੂ ਪੰਛੀਆਂ ਦੀ ਪੂਜਾ, ਨਾਰੀ-ਪੂਜਾ, ਖ਼ਾਸ ਕਰਕੇ ਨਾਰੀ ਦੇ ਮਾਂ ਰੂਪ ਦੀ ਪੂਜਾ ਦੇ ਨਾਲ ਦੇਵ-ਪੁਰਸ਼ਾਂ ਦੀ ਪੂਜਾ ਵੀ ਸ਼ਾਮਲ ਸੀ। ਖ਼ਿਆਲ ਕੀਤਾ ਜਾਂਦਾ ਹੈ ਕਿ ਜਿਸ ਦੇਵ ਪੁਰਸ਼ ਦੀ ਪੂਜਾ ਕੀਤੀ ਜਾਂਦੀ ਸੀ ਉਹ ਸ਼ਿਵ ਜੀ ਦਾ ਆਦਿ ਰੂਪ ਸੀ ਜਿਸ ਨੂੰ ਦਰਾਵੜ ਪੂਜਦੇ ਸਨ। ਇਤਿਹਾਸ ਦੇ ਮਾਹਿਰ ਇਸ ਗੱਲ ਉੱਤੇ ਅਜੇ ਤੱਕ ਇੱਕ ਮਤ ਨਹੀਂ ਹੋਏ ਕਿ ਸਿੰਧ ਘਾਟੀ ਦੀ ਸਭਿਅਤਾ ਕਿਵੇਂ ਅਚਾਨਕ ਤਬਾਹ ਹੋ ਗਈ ਅਤੇ ਇੱਥੇ ਆਰੀਅਨ ਮੂਲ ਦੇ ਲੋਕਾਂ ਦਾ ਕਿਵੇਂ ਦਬਦਬਾ ਵਧ ਗਿਆ।

ਸਮੁੰਦਰ ਤੋਂ ਹਜ਼ਾਰਾਂ ਮੀਲ ਦੂਰ ਦਰਿਆਵਾਂ ਦੇ ਵਹਿਣ ਦਾ ਇਹ ਇਲਾਕਾ ਹਰਿਆ-ਭਰਿਆ, ਸ਼ਾਂਤ ਅਤੇ ਰਮਣੀਕ ਥਾਂ, ਧਰਮ, ਭਗਤੀ ਫ਼ਲਸਫ਼ੇ ਅਤੇ ਚਿੰਤਨ ਲਈ ਆਦਰਸ਼ ਚੌਗਿਰਦਾ ਸੀ। ਇਸ ਸ਼ਾਂਤ ਅਤੇ ਰਮਣੀਕ ਚੌਗਿਰਦੇ ਵਿੱਚ ਰਿਸ਼ੀਆਂ-ਮੁਨੀਆਂ ਤਪ ਕੀਤੇ, ਹਵਨ ਅਤੇ ਯੱਗ ਕੀਤੇ ਜਿਸਦੇ ਫਲਸਰੂਪ ਇੱਥੇ ਆਰੀਅਨ ਮੂਲ ਸਭਿਅਤਾ ਨਾਲ ਜੁੜੀਆਂ ਬਲੀ, ਹਵਨ, ਯੱਗ, ਆਹੂਤੀ ਆਦਿ ਧਾਰਮਿਕ ਰਹੁ-ਰੀਤਾਂ ਦਾ ਵਿਕਾਸ ਹੋਇਆ। ਇਹ ਪਰੰਪਰਾ ਬੜੀ ਬਲਵਾਨ ਹੈ ਜਿਸ ਅਧੀਨ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਪੰਚ-ਨਦ ਦੀ ਇਸ ਸ਼ਾਂਤ ਅਤੇ ਰਮਣੀਕ ਧਰਤੀ ਉੱਤੇ ਵੇਦ, ਸ਼ਾਸਤਰ ਅਤੇ ਪੁਰਾਣ ਰਚੇ ਗਏ। ਭਾਰਤ ਦੇ ਦੋ ਪ੍ਰਮੁੱਖ ਧਾਰਮਿਕ ਗ੍ਰੰਥਾਂ ਰਮਾਇਣ ਅਤੇ ਮਹਾਂਭਾਰਤ ਦੇ ਕਈ ਪਾਤਰ ਪੰਜਾਬ ਦੇ ਇਲਾਕੇ ਵਿੱਚ ਵਿਚਰਦੇ ਕਿਆਸੇ ਜਾਂਦੇ ਹਨ।

ਵੇਦਾਂ, ਸ਼ਾਸਤਰਾਂ, ਪੁਰਾਣਾਂ ਅਤੇ ਸਿਮ੍ਰਿਤੀਆਂ ਦੀ ਲੜੀ ਨੇ ਪੰਜਾਬ ਦੇ ਰਹਿਣ-ਸਹਿਣ ਨੂੰ ਧਾਰਮਿਕ ਰੰਗਤ ਦਿੱਤੀ। ਖਾਸ ਕਰਕੇ ਮਨੂ-ਸਿਮ੍ਰਿਤੀ ਦੇ ਅਧਾਰ ਉੱਤੇ ਸਮਾਜ ਦੀ ਚਾਰ ਵਰਗਾਂ ਵਿੱਚ ਵੰਡ ਅਤੇ ਕੌਟਲਿਆ ਦੇ ਅਰਥ ਸ਼ਾਸਤਰ ਨੇ ਧਾਰਮਿਕ ਆਧਾਰ ਦੇ ਕੇ ਹਰ ਫ਼ਿਰਕੇ, ਹਰ ਜਾਤ ਨੂੰ ਵਿਸ਼ੇਸ਼ ਕੰਮ ਧੰਦੇ ਲਈ ਨਿਸ਼ਚਿਤ ਕਰ ਦਿੱਤਾ। ਸਮਾਜ, ਜਾਤਪਾਤ ਤੇ ਕੰਮ-ਧੰਦਿਆਂ ਦੇ ਬੜੇ ਜਟਿਲ ਵਰਗੀਕਰਨ ਵਿੱਚ ਵੰਡਿਆ ਗਿਆ। ਧਾਰਮਿਕ ਵਿਹਾਰ ਵਿੱਚ ਕਰਮਕਾਂਡ ਦਾ ਫ਼ਲਸਫ਼ਾ ਅਰਥਾਤ "ਕੰਮ ਕਰੋ ਅਤੇ ਫਲ ਦੀ ਇੱਛਾ ਨਾ ਕਰੋ" ਸਥਾਪਤ ਹੋ ਗਿਆ। ਕਿਸ ਜਾਤ ਨੇ ਕਿਸ ਜਾਤ ਨਾਲ ਰੋਟੀ-ਬੇਟੀ ਦਾ ਨਾਤਾ ਰੱਖਣਾ ਹੈ ਕਿਸ ਜਾਤ ਤੋਂ ਲਈ ਕਿਹੜੀ ਖਾਣ-ਪੀਣ ਦੀ ਵਸਤੂ ਭਿੱਟੀ ਜਾਏਗੀ ਕਿਹੜੀ ਨਹੀਂ, ਆਦਿ ਬਹੁਤ ਸਾਰੇ ਧਾਰਮਿਕ ਨਿਯਮ ਸਮਾਜ ਨੂੰ ਦਿਸ਼ਾ ਨਿਰਦੇਸ ਦੇਣ ਲੱਗੇ। ਪਹਿਲਾਂ ਪਹਿਲ ਇਹ ਧਾਰਮਿਕ ਨਿਯਮ ਸਹਿਜ ਅਤੇ ਉਸਾਰੂ ਕਦਰਾਂ-ਕੀਮਤਾਂ ਸਥਾਪਤ ਕਰਦੇ ਸਨ, ਪਰ ਸਮੇਂ ਦੇ ਬੀਤਣ ਨਾਲ ਕੰਮ ਧੰਦਿਆਂ, ਜਾਤਾਂ-ਪਾਤਾਂ ਦੀ ਵੰਡ, ਸਮਾਜ ਦੀ ਵੰਡ ਬਣ ਕੇ ਜਬਰ-ਜ਼ੁਲਮ ਦਾ ਆਧਾਰ ਬਣ ਗਈ।

ਆਰੀਅਨ ਮੂਲ ਦੇ ਲੋਕਾਂ ਪੰਜਾਬ ਦੇ ਇਲਾਕੇ ਨੂੰ ਵਹਾਉਣ-ਸੰਵਾਰਨ ਲਈ ਧਾਰਮਿਕ ਵਿਸ਼ਵਾਸਾਂ ਅਕੀਦਿਆਂ ਨੂੰ ਆਧਾਰ ਬਣਾਇਆ। ਕੁਦਰਤ ਦੇ ਉਹ ਸਾਰੇ ਤੱਤ ਭਾਵ ਸੂਰਜ, ਬਾਰਿਸ਼, ਅੱਗ, ਮਿੱਟੀ, ਪੌਣ, ਸੱਪ, ਰੁੱਖ, ਜੋ ਖੇਤੀ ਦੇ ਉਤਪਾਦਨ ਵਿੱਚ ਯੋਗਦਾਨ ਪਾਉਂਦੇ ਸਨ ਉਹਨਾਂ ਦੀ ਪੂਜਾ ਹੋਣ ਲੱਗੀ। ਮਨੁੱਖ ਅਤੇ ਕੁਦਰਤ ਦੇ ਤਾਲਮੇਲ ਵਿੱਚ ਪਸੂ ਇੱਕ ਅਜਿਹੀ ਇਕਾਈ ਸਨ, ਊਰਜਾ ਦਾ ਸਰੋਤ ਸਨ ਜਿਨ੍ਹਾਂ ਨੇ ਪੰਜਾਬੀਆਂ ਦੇ ਡੌਲਿਆਂ ਦੀ ਤਾਕਤ ਨਾਲ ਮਿਲ ਕੇ, ਮੈਦਾਨਾਂ ਦੀਆਂ ਹਿੱਕਾਂ ਫੋਲ ਵੱਖ-ਵੱਖ ਤਰ੍ਹਾਂ ਦੀਆਂ ਫ਼ਸਲਾਂ ਉਗਾਉਣ ਦੀ ਸਮਰੱਥਾ ਵਿੱਚ ਉੱਘਾ ਯੋਗਦਾਨ ਪਾਇਆ। ਪਸੂ ਖੇਤੀਬਾੜੀ ਵਿੱਚ ਊਰਜਾ ਦਾ ਮੁੱਖ ਸਰੋਤ ਹੋਣ ਦੇ ਨਾਲ ਨਾਲ ਆਵਾਜਾਈ ਦਾ ਮੁੱਖ ਵਸੀਲਾ ਬਣ ਗਏ, ਇਸ ਪ੍ਰਸੰਗ ਵਿੱਚ ਬਲਦ ਅਤੇ ਗਾਂ, ਗਾਂ ਦਾ ਦੁੱਧ, ਗਾਂ ਦਾ ਗੋਹਾ, ਗਾਂ ਦਾ ਪਿਸ਼ਾਬ, ਗਾਂ ਨੂੰ ਮਾਤਾ ਸਮਾਨ ਸਤਿਕਾਰ ਮਿਲਣ ਲੱਗਾ। ਗਾਂ ਦੀ ਪੂਜਾ ਹੋਣ ਲੱਗੀ। ਪਸੂ ਬੱਚਿਆਂ ਵਾਂਗ ਪਾਲੇ ਜਾਣ ਲੱਗੇ ਅਤੇ ਧਾਰਮਿਕ ਪੂਜਾ ਦਾ ਚਿੰਨ੍ਹ ਹੋਣ ਦੇ ਨਾਲ ਨਾਲ ਘਰ ਦੇ ਜੀਆਂ ਵਰਗਾ ਦਰਜਾ ਰੱਖਣ ਲੱਗੇ। ਪਸੂ ਆਰਥਿਕ ਵਸੀਲਾ ਬਣ ਗਏ ਅਤੇ ਪੰਜਾਬੀਆਂ ਨੇ ਸਰਦੀਆਂ ਵਿੱਚ ਪਸੂਆਂ ਨੂੰ ਆਪਣੇ ਸੌਣ ਵਾਲੇ ਕਮਰੇ ਵਿੱਚ ਬੰਨ੍ਹਣਾ ਸ਼ੁਰੂ ਕਰ ਲਿਆ।

ਪਸੂਆਂ ਦੀ ਪੰਜਾਬੀ ਰਹਿਣ-ਸਹਿਣ ਵਿੱਚ ਅਮਿੱਟ ਛਾਪ ਕਈ ਪੱਖਾਂ ਤੋਂ ਸਪਸ਼ਟ ਹੁੰਦੀ ਹੈ। ਜਿਵੇਂ ਜੰਞ ਦਾ ਘੋੜੀਆਂ, ਊਠਾਂ, ਹਾਥੀਆਂ, ਗੜਬੈਲਾਂ ਤੇ ਜਾਣਾ, ਲੋਕ-ਗੀਤਾਂ ਵਿੱਚ ਵਿਆਹ ਵੇਲੇ ਘੋੜੀਆਂ ਗਾਉਣ ਦੀ ਸਿਨਫ, ਲੋਕ-ਕਿੱਸਿਆਂ ਵਿੱਚ ਰਾਂਝੇ ਦਾ ਹੀਰ ਦੀਆਂ ਮੱਝਾਂ ਚਾਰਨਾ, ਮਿਰਜ਼ੇ ਦੀ ਬੱਕੀ, ਪੁੰਨੂੰ ਨੂੰ ਊਠਾਂ ਵਾਲਿਆਂ ਦਾ ਚੁੱਕ ਕੇ ਲੈ ਜਾਣਾ। ਗੁਰੂ ਗੋਬਿੰਦ ਸਿੰਘ ਜੀ ਦਾ ਨੀਲਾ ਘੋੜਾ, ਹੱਥ ਉੱਤੇ ਬਾਜ਼। ਪੰਜਾਬ ਦੀਆਂ ਵੱਖੋ-ਵੱਖਰੀਆਂ ਲੜਾਈਆਂ ਵਿੱਚ ਪਸੂਆਂ ਦਾ ਯੋਗਦਾਨ, ਨਿਹੰਗ ਸਿੰਘਾਂ ਦੀ ਘੋੜਿਆਂ ਦੀ ਫ਼ੌਜ, ਸਾਡੇ ਕੰਧ-ਚਿੱਤਰਾਂ ਵਿੱਚ ਘੋੜੇ, ਊਠਾਂ ਹਾਥੀਆਂ ਦਾ ਚਿਤਰਣ, ਮੁਟਿਆਰਾਂ ਵੱਲੋਂ ਸਿਆਈ-ਕਢਾਈ ਦੇ ਵੱਖੋ-ਵੱਖਰੇ ਟਾਂਕਿਆਂ ਵਿੱਚ ਊਠਾਂ, ਘੋੜਿਆਂ, ਹਾਥੀਆਂ, ਸ਼ੇਰਾਂ, ਬਘਿਆੜਾਂ, ਹਿਰਨਾਂ, ਬਲਦਾਂ ਆਦਿ ਦੇ ਰੰਗ ਬਿਰੰਗੇ ਆਕਾਰ ਉਘਾੜਨੇ ਬੜੇ ਸਪਸ਼ਟ ਸੰਕੇਤ ਹਨ ਕਿ ਪਸੂਆਂ ਦਾ ਸਾਡੇ ਰਹਿਣ-ਸਹਿਣ ਵਿੱਚ ਕਿੰਨਾ ਅਹਿਮ ਮਹੱਤਵ ਰਿਹਾ ਹੈ।

ਸਭਿਆਚਾਰ ਦੇ ਮਾਹਰ ਇਹ ਮੰਨਦੇ ਹਨ ਕਿ ਹਰ ਪ੍ਰਮੁੱਖ ਫ਼ਸਲ ਇੱਕ ਨਿਵੇਕਲਾ ਰਹਿਣ-ਸਹਿਣ ਸਿਰਜਦੀ ਹੈ। ਜਿਸ ਇਲਾਕੇ ਵਿੱਚ ਬਾਜਰਾ ਜ਼ਿਆਦਾ ਹੁੰਦਾ ਹੈ ਉੱਥੇ 'ਕੁੱਟ ਕੁੱਟ ਬਾਜਰਾ ਮੈਂ ਕੋਠੇ ਉਤੇ ਪਾਉਨੀ ਆਂ' ਜਿੱਥੇ ਅੰਬ ਜ਼ਿਆਦਾ ਹੋਣ ਉੱਥੇ 'ਅੰਬੀਆਂ ਨੂੰ ਤਰਸੇਂਗੀ ਛੱਡ ਕੇ ਦੇਸ ਦੁਆਬਾ', ਜਿੱਥੇ ਕਪਾਹ ਜ਼ਿਆਦਾ ਹੁੰਦੀ ਹੈ ਉੱਥੇ 'ਚਿੱਟੀਆਂ ਕਪਾਹ ਦੀਆਂ ਫੁੱਟੀਆਂ ਹਾਏ ਨੀ ਪੱਤ ਹਰੇ ਭਰੇ, ਆਖ ਨੀ ਨਨਾਣੇ ਵੀਰ ਨੂੰ ਕਦੀ ਤਾਂ ਭੈੜਾ ਹੱਸਿਆ ਕਰੇ'। ਕਪਾਹ ਨਾਲ ਜੁੜੇ ਕੰਮ ਧੰਦੇ ਰਹਿਣ-ਸਹਿਣ ਨੂੰ ਖੱਡੀਆਂ, ਨਵਾਰਾਂ, ਖੇਸਾਂ, ਦਰੀਆਂ ਦੀ ਉਨਾਈ, ਸੂਤ ਕੱਤਣ ਲਈ ਰਾਂਗਲਾ ਚਰਖਾ, ਤੱਕਲੇ, ਤ੍ਰਿਞਣਾਂ ਦੀ ਸ਼ਕਲ ਵਿੱਚ ਪ੍ਰਭਾਵਿਤ ਕਰਦੇ ਹਨ। ਜਿੱਥੇ ਕਣਕ ਜ਼ਿਆਦਾ ਹੋਵੇ ਉੱਥੇ 'ਕਣਕਾਂ ਤੇ ਕੁੜੀਆਂ ਦਾ ਵਧਦੇ ਕਿਹੜਾ ਪਤਾ ਲਗਦਾ ਏ' ਵਰਗੇ ਅਖਾਣ, ਘੁੰਗਣੀਆਂ, ਦਲੀਆ, ਪੂੜੇ, ਤੂੜੀ, ਫਲ੍ਹੇ, ਕੁੱਪ ਆਦਿ ਦਾ ਰਹਿਣ-ਸਹਿਣ ਹੈ। ਜਿੱਥੇ ਬਾਸਮਤੀ ਮਹਿਕੇ ਉੱਥੇ 'ਝੋਨਾ ਇੰਜ ਛੜੀਦਾ ਹੋ', ਖੀਰਾਂ, ਜਰਦੇ-ਪੁਲਾਉ, ਚੌਲਾਂ ਦੀ ਦੇਗ ਸੁੱਖਣਾ, ਕੱਦੂ ਕਰਨਾ, ਪਨੀਰੀ ਪੁੱਟਣੀ ਆਦਿ ਰਹਿਣ-ਸਹਿਣ ਦੇ ਅੰਗ ਬਣਦੇ ਹਨ। ਇੰਞ ਹਰ ਪ੍ਰਮੁੱਖ ਫ਼ਸਲ ਆਪੋ-ਆਪਣੇ ਇਲਾਕੇ ਵਿੱਚ ਰਹਿਣ-ਸਹਿਣ ਦੀ ਵਿਲੱਖਣਤਾ ਰੱਖਦੀ ਸੀ। ਅਜ਼ਾਦੀ ਤੋਂ ਬਾਅਦ ਟਿਉਬਵੱਲਾਂ ਅਤੇ ਨਹਿਰਾਂ ਦੇ ਜਾਲ ਨੇ ਰਹਿਣ-ਸਹਿਣ ਨੂੰ ਸਾਰੇ ਪੰਜਾਬ ਦੇ ਵਿੱਚ ਰਲਗੱਡ ਕਰ ਦਿੱਤਾ ਹੈ ਕਿਉਂਕਿ ਕੁਝ ਇਲਾਕੇ ਨੂੰ ਛੱਡ ਕੇ ਹੁਣ ਪੰਜਾਬ ਦੇ ਹਰ ਹਿੱਸੇ ਵਿੱਚ ਕਣਕ, ਝੋਨਾ ਅਤੇ ਕਮਾਦ ਹੋਣ ਲੱਗ ਪਿਆ ਹੈ ਭਾਂਵੇਂ ਕਿਤੇ-ਕਿਤੇ ਮੁੰਗਫਲੀ ਅਤੇ ਕਪਾਹ, ਮਕੱਈ ਬਾਜਰੇ ਦੀ ਇਲਾਕਾਈ ਵਿਲੱਖਣਤਾ ਅਜੇ ਵੀ ਹੈ।

ਪੰਜਾਬ ਦੀ ਭੂਗੋਲਿਕ ਸਥਿਤੀ, ਅਰਥਾਤ ਦੇਸ ਦੇ ਉੱਤਰ-ਪੱਛਮ ਵਿੱਚ ਹੋਣ ਕਰਕੇ, ਮੱਧ ਏਸ਼ੀਆ ਤੋਂ ਹੁੰਦੇ ਲਗਾਤਾਰ ਹਮਲਿਆਂ ਦੀ ਹਨ੍ਹੇਰਗਰਦੀ ਅਤੇ ਬੁਰਛਾਗਰਦੀ ਕਾਰਨ ਇੱਥੇ ਸਦਾ ਹੀ ਅਸਥਿਰਤਾ ਦਾ ਇਹਸਾਸ ਰਿਹਾ। ਇਹ ਇਹਸਾਸ 'ਖਾਧਾ ਪੀਤਾ ਲਾਹੇ ਦਾ ਬਾਕੀ ਅਹਿਮਦਸ਼ਾਹੇ ਦਾ' ਵਰਗੇ ਬੋਲਾਂ ਵਿੱਚ ਪ੍ਰਗਟ ਹੋਇਆ। ਇਹਨਾਂ ਹਮਲਿਆਂ ਕਰਕੇ ਤਿੰਨ ਤਰ੍ਹਾਂ ਦੇ ਪ੍ਰਤਿਕਰਮ ਰਹਿਣ-ਸਹਿਣ ਦਾ ਹਿੱਸਾ ਬਣ ਗਏ। ਕੁਝ ਲੋਕ ਪੰਜਾਬ ਦੇ ਇਹਨਾਂ ਹਮਲਿਆਂ ਵਿੱਚ ਹੁੰਦੀ ਨਿੱਤ ਦੀ ਕਤਲੋਗਾਰਤ ਤੋਂ ਪਿੱਛਾ ਛੁਡਾ ਜਾਂ ਪਹਾੜਾਂ ਵੱਲ ਜਾ ਵਸੇ ਜਾਂ ਦੇਸ ਦੇ ਦੂਸਰੇ ਹਿੱਸਿਆਂ ਵਿੱਚ। ਕੁਝ ਲੋਕਾਂ ਵਿੱਚ ਕਦੀ ਵੀ ਕਿਸੇ ਹਮਲੇ ਦਾ ਕੋਈ ਪ੍ਰਤਿਕਰਮ ਨਾ ਹੋਇਆ, ਜੋ ਇੱਜ਼ਤ ਪੱਤ ਲੁੱਟੀ ਗਈ, ਲੁੱਟੀ ਗਈ, ਜੋ ਬਚ ਗਿਆ ਉਸੇ ਤੇ ਸਬਰ ਕਰ ਲਿਆ। ਤੀਜੇ ਉਹ ਅਣਖੀ ਲੋਕ ਸਨ ਜਿਹਨਾਂ ਇਹਨਾਂ ਹਮਲਿਆਂ ਸਾਹਮਣੇ ਹਮੇਸ਼ਾਂ ਸੀਨਾ ਤਾਣ ਕੇ ਜੀਣਾ ਸਿੱਖਿਆ। ਜਦੋਂ ਹਮਲੇ ਦਾ ਜ਼ੋਰ ਹੁੰਦਾ ਵਸ ਲਗਦੇ ਮੁਕਾਬਲਾ ਕਰਦੇ, ਛਾਪਾਮਾਰ-ਲੜਾਈ ਦੀਆਂ ਤਕਨੀਕਾਂ ਵਜੋਂ ਜੰਗਲਾਂ ਵਿੱਚ ਇਧਰ-ਉਧਰ ਹੋ ਜਾਂਦੇ। ਹਮਲੇ ਦਾ ਜ਼ੋਰ ਘਟਦੇ ਹੀ ਬਾਜ਼ ਵਾਂਗ ਝਪਟਾ ਮਾਰਦੇ, ਘੋੜਿਆਂ ਦੀਆਂ ਕਾਠੀਆਂ ਨੂੰ ਘਰ ਬਣਾਉਂਦੇ ਅਤੇ ਹਮਲਾਵਰ ਜੋ ਦੌਲਤ, ਲਾਜ-ਪੱਤ, ਧੀਆਂ-ਭੈਣਾਂ ਲੁੱਟ ਕੇ ਲਿਜਾ ਰਿਹਾ ਹੁੰਦਾ ਉਹ ਛਾਪਾਮਾਰ ਹਮਲੇ ਵਿੱਚ ਵਾਪਸ ਜਿੱਤਣ ਦੀ ਕੋਸ਼ਸ਼ ਕਰਦੇ।

ਇਹਨਾਂ ਹਮਲਿਆਂ ਕਾਰਨ "ਲਾਹੌਰ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ" ਵਰਗੇ ਬੋਲ ਰਹਿਣ-ਸਹਿਣ ਦਾ ਹਿੱਸਾ ਬਣੇ। ਸਦੀਆਂ ਤੱਕ ਇਹਨਾਂ ਹਮਲਿਆਂ ਕਾਰਨ ਅਸਥਿਰਤਾ ਦਾ ਰਾਜ ਰਿਹਾ ਜਿਸ ਦੇ ਸਿੱਟੇ ਵਜੋਂ ਵੱਖ-ਵੱਖ ਕੋਮਲ ਕਲਾਵਾਂ, ਭਵਨ ਨਿਰਮਾਣ ਕਲਾ, ਸ਼ਹਿਰੀ ਯੋਜਨਾਬੰਦੀ, ਰਾਗ ਵਿੱਦਿਆ, ਉਦਯੋਗ, ਸ਼ਹਿਰਾਂ ਦਾ ਵਿਕਾਸ ਆਦਿ ਬਹੁਮੁਖੀ ਅਤੇ ਸਰਬੰਗੀ ਵਿਕਾਸ ਰਣਜੀਤ ਸਿੰਘ ਕਾਲ ਤੋਂ ਬਿਨਾਂ ਨਾਮ-ਮਾਤਰ ਹੀ ਹੋਇਆ। ਮੁਗਲ ਕਾਲ ਦੌਰਾਨ ਉਭਰੇ ਸੂਫੀ ਮੱਤ ਅਤੇ ਭਗਤੀ ਲਹਿਰ ਦੀ ਰੋਸ਼ਨੀ ਵਿੱਚ ਪੰਜਾਬ ਵਿੱਚ ਸਿੱਖ ਧਰਮ ਪੁੰਗਰਨਾ ਸ਼ੁਰੂ ਹੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਦਾ ਰਾਗਾਂ ਮੁਤਾਬਕ ਹੋਣ ਕਰਕੇ ਸਿੱਖ ਧਾਰਮਿਕ ਸੰਗੀਤ ਦਾ ਵਿਕਾਸ ਹੋਇਆ ਜਿਸਨੂੰ ਬਾਦ ਵਿੱਚ ਰਣਜੀਤ ਸਿੰਘ ਅਤੇ ਉਸਦੇ ਸਮਕਾਲੀਨ ਪਟਿਆਲਾ ਆਦਿ ਰਿਆਸਤਾਂ ਵੱਲੋਂ ਸਰਪ੍ਰਸਤੀ ਮਿਲੀ। ਸਦੀਆਂ ਤੋਂ ਵਿਦੇਸ਼ੀ ਹਮਲਿਆਂ ਦੇ ਝੱਖੜ ਨੂੰ ਝਲਦੇ ਪੰਜਾਬੀਆਂ ਦੇ ਸੁਭਾਵ ਵਿੱਚ ਖਾੜਕੂਪੁਣਾ ਅਤੇ ਕਿਸੇ ਵੀ ਰਾਜੇ ਮਹਾਰਾਜੇ ਦੀ ਈਨ ਨਾ ਮੰਨਣਾ ਸਹਿਜੇ ਹੀ ਵਿਕਸਿਤ ਹੋ ਗਿਆ। ਸਿੱਖ ਧਰਮ ਦਾ ਵਿਕਾਸ ਹਮਲਿਆਂ ਤੋਂ ਲਤਾੜੀ ਮਨੋਦਿਸ਼ਾ ਨੂੰ ਉੱਚਾ ਚੁੱਕਣ ਭਾਵ 'ਚਿੜੀਆਂ ਤੋਂ ਬਾਜ ਤੜਾਉਣ' ਦੇ ਰੂਪ ਵਿੱਚ ਹੋਇਆ ਜਿਸਦਾ ਸਿਖਰ ਰਣਜੀਤ ਸਿੰਘ ਵੇਲੇ ਹਰੀ ਸਿੰਘ ਨਲਵੇ ਦੀ ਕਮਾਨ ਹੇਠ ਕਾਬਲ ਕੰਧਾਰ ਦੇ ਉਹਨਾਂ ਇਲਾਕਿਆਂ ਉੱਤੇ ਹਮਲਾ ਸੀ ਜਿੱਥੋਂ ਹਮੇਸ਼ਾਂ ਪੰਜਾਬ ਉੱਤੇ ਹਮਲੇ ਹੁੰਦੇ ਰਹੇ ਸਨ। ਰਣਜੀਤ ਸਿੰਘ ਨੇ ਉਹ ਇਲਾਕੇ ਜਿੱਤ ਕੇ ਹਮਲਿਆਂ ਦੇ ਇਤਿਹਾਸਿਕ ਦਰਿਆ ਦਾ ਮੁੰਹ ਹੀ ਮੋੜ ਦਿੱਤਾ। ਇਸ ਇਤਿਹਾਸਿਕ ਮੋੜ ਨੇ ਪੰਜਾਬ ਦੇ ਰਹਿਣ-ਸਹਿਣ ਵਿੱਚ ਸਵੈਮਾਣ ਅਤੇ ਅਣਖ ਨਾਲ ਜਿਊਣ ਦੇ ਗੁਣਾਂ ਨੂੰ ਵਿਕਸਿਤ ਕੀਤਾ। ਇਹ ਸਵੈਮਾਣ ਅਤੇ ਅਣਖ ਨਾਲ ਜੀਣ ਦਾ ਹੀ ਨਤੀਜਾ ਸੀ ਕਿ ਅੰਗਰੇਜ਼ ਪੰਜਾਬ ਉੱਤੇ ਬੰਗਾਲ ਨਾਲੋਂ ਪੂਰੇ ਸੌ ਸਾਲ ਬਾਦ ਕਾਬਜ਼ ਹੋ ਸਕੇ।

ਵੇਦਾਂਤਕ ਧਾਰਮਿਕ ਫ਼ਲਸਫ਼ੇ ਨੇ ਇਹ ਵੀ ਨਿਰਧਾਰਤ ਕੀਤਾ ਕਿ ਕਿਵੇਂ ਨਵੇਂ ਪਿੰਡ, ਕਸਬੇ ਜਾਂ ਸ਼ਹਿਰ ਨੂੰ ਵਸਾਉਣਾ ਹੈ। ਇਹਨਾਂ ਪਿੰਡਾਂ, ਸ਼ਹਿਰਾਂ ਨੂੰ ਵਸਾਉਣ ਲਈ ਥਾਂ ਦੀ ਚੋਣ ਕਿਵੇਂ ਕਰਨੀ ਹੈ? ਮਨੁੱਖੀ ਆਬਾਦੀਆਂ ਦਾ ਰੂਪ ਆਕਾਰ ਕਿਹੋ ਜਿਹਾ ਹੋਏਗਾ, ਕਿਸ ਪਾਸੇ ਉੱਚ ਵਰਗ ਦੇ ਲੋਕਾਂ ਦੇ ਘਰ ਅਤੇ ਕਿਸ ਪਾਸੇ ਸਵਰਨ ਹਿੰਦੂਆਂ ਦੇ ਘਰ ਹੋਣਗੇ। ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਦੇ ਨਾਵਾਂ ਜਿਵੇਂ ਰਾਮ ਤੀਰਥ, ਲਾਹੌਰ, ਕਸੂਰ, ਗੜ੍ਹਸ਼ੰਕਰ, ਦੇਵੀਗੜ੍ਹ, ਨੈਣਾ ਦੇਵੀ, ਜਲੰਧਰ, ਅੰਮ੍ਰਿਤਸਰ, ਤਰਨ ਤਾਰਨ, ਅਨੰਦਪੁਰ ਤੋਂ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਦੀ ਉਸਾਰੀ ਵਿਉਂਤ ਅਤੇ ਵਿਕਾਸ ਵਿੱਚ ਧਰਮ ਦਾ ਯੋਗਦਾਨ ਆਪ-ਮੁਹਾਰੇ ਸਪਸ਼ਟ ਹੋ ਜਾਂਦਾ ਹੈ। ਰਹਿਣ-ਸਹਿਣ ਵਿੱਚ ਇਹ ਯੋਗਦਾਨ ਇੰਨਾ ਡੂੰਘਾ ਅਤੇ ਇਤਿਹਾਸਿਕ ਹੈ ਕਿ ਇਸਨੂੰ ਸਪਸ਼ਟ ਰੂਪ ਵਿੱਚ ਸਮਝਣ ਲਈ ਕਈ ਵੱਖਰੇ ਲੇਖਾਂ ਦੀ ਲੋੜ ਹੈ।

ਪੰਜਾਬ ਦੇ ਮੌਸਮ ਵਿੱਚ ਅਤਿ ਦੀ ਗਰਮੀ ਅਤੇ ਅਤਿ ਦੀ ਸਰਦੀ ਨੇ ਪੰਜਾਬੀਆਂ ਨੂੰ ਆਪਣੇ ਘਰਾਂ, ਮੁਹੱਲਿਆਂ, ਪਿੰਡਾਂ ਅਤੇ ਸ਼ਹਿਰਾਂ ਨੂੰ ਇਸ ਅਤਿ ਦੇ ਮੌਸਮ ਤੋਂ ਬਚਣਾ ਸਿਖਾਇਆ। ਪੰਜਾਬ ਵਿੱਚ ਲੰਮੀਆਂ ਅਤਿ ਦੀਆਂ ਗਰਮੀਆਂ, ਹੁੰਮਸ ਵਾਲੀਆਂ ਬਰਸਾਤਾਂ, ਛੋਟੀਆਂ ਪਰ ਅਤਿ ਦੀਆਂ ਸਰਦੀਆਂ ਵਿੱਚ ਘਰਾਂ ਦੀਆਂ ਚੌੜੀਆਂ ਉੱਚੀਆਂ ਕੰਧਾਂ, ਪਰਤ-ਦਰ-ਪਰਤ ਮੋਟੀਆਂ ਛੱਤਾਂ, ਕਿਤੇ-ਕਿਤੇ ਛੱਤਾਂ ਵਿੱਚ ਘੁੱਘ, ਕੰਧਾਂ ਵਿੱਚ ਘੱਟ ਬੂਹੇ-ਬਾਰੀਆਂ ਪਰ ਉੱਚੇ ਰੋਸ਼ਨਦਾਨ, ਉੱਚੀਆਂ ਕੰਧਾਂ ਵਿੱਚ ਘਿਰੇ ਬਰਾਂਡੇ, ਗਲੀ ਵੱਲ ਛੱਤੀ ਹੋਈ ਡਿਉਢੀ, ਵਿਚਕਾਰੋਂ ਦਰਵਾਜ਼ਾ, ਪਿੰਡਾਂ ਅਤੇ ਸ਼ਹਿਰਾਂ ਦੇ ਮੁੱਖ ਰੂਪ ਆਕਾਰ ਸਨ। ਗਰਮੀ ਤੋਂ ਬਚਣ ਲਈ ਬਾਹਰੋਂ ਪੱਕੀਆਂ, ਅੰਦਰੋਂ ਕੱਚੀਆਂ ਕੰਧਾਂ, ਗਲੀ ਵਿੱਚੋਂ ਹਵਾ ਖਿੱਚਣ ਲਈ ਝਰੋਖੇਨੁਮਾ ਬਾਰੀਆਂ, ਜ਼ਮੀਨ ਦਰੋਜ਼ ਤਹਿਖਾਨੇ, ਮੰਮਟੀਆਂ, ਚੁਬਾਰੇ, ਭੀੜੀਆਂ ਤੰਗ ਵਲ-ਵਲੇਵੇਂ ਖਾਂਦੀਆਂ ਗਲੀਆਂ ਜਿੱਥੇ ਇੱਕ ਪਾਸੇ ਲੂ ਦਾ ਪ੍ਰਕੋਪ ਘਟਾਉਂਦੀਆਂ ਉੱਥੇ ਦੂਜੇ ਪਾਸੇ ਉੱਚੀਆਂ ਕੰਧਾਂ ਕਰਕੇ ਨਾਲ ਦੇ ਘਰਾਂ ਅਤੇ ਕਮਰਿਆਂ ਉੱਤੇ ਬਹੁਤਾ ਵੇਲਾ ਪ੍ਰਛਾਵਾਂ ਰਹਿਣ ਕਰਕੇ ਘਰ, ਕਮਰੇ ਅਤੇ ਗਲੀਆਂ ਠੰਢੇ ਰਹਿੰਦੇ। ਘਰਾਂ ਦੀ ਵਿਉਂਤ ਵਿੱਚ ਹਵਾ ਨਿਰਵਿਘਨ ਘੱਟ ਹੀ ਰੁਮਕਦੀ, ਸੂਰਜ ਦੀਆਂ ਕਿਰਨਾਂ ਦੇ ਪ੍ਰਕੋਪ ਤੋਂ ਕਈ ਕਮਰੇ ਬਚਾ ਕੇ ਰੱਖੇ ਜਾਂਦੇ। ਇਸ ਕਰਕੇ ਕਈ ਘਰ ਅਤੇ ਕਮਰੇ ਹਨ੍ਹੇਰੇ ਅਤੇ ਸਲ੍ਹਾਬੇ ਹੁੰਦੇ। ਇਹਨਾਂ ਘਰਾਂ ਦੀਆਂ ਕੋਠੜੀਆਂ ਵਿੱਚ ਚੂਹੇ, ਕਿਰਲੀਆਂ, ਠੰੂਹੇ ਫਿਰਦੇ। ਪਰ ਇਹਨਾਂ ਖਾਮੀਆਂ ਦੇ ਬਾਵਜੂਦ ਹਰ ਘਰ ਇੱਕ ਮਿੰਨੀ ਕਿਲ੍ਹਾ ਹੁੰਦਾ। ਚਾਰ-ਚੁਫੇਰੇ ਕਮਰੇ ਜਾਂ ਘਰ ਅਤੇ ਵਿਚਕਾਰ ਵਿਹੜਾ। ਇੰਞੇ ਹਰ ਮੁਹੱਲਾ ਕਿਲ੍ਹੇ ਨੁਮਾ ਸੁਰੱਖਿਆ ਦੇ ਨਿਯਮਾਂ ਅਧੀਨ ਬਣਾਇਆ ਜਾਂਦਾ ਅਤੇ ਫਿਰ ਸਮੁੱਚਾ ਪਿੰਡ ਜਾਂ ਕਸਬਾ ਕਿਲ੍ਹੇ ਵਰਗਾ ਹੁੰਦਾ।

ਪੰਜਾਬ ਵਿੱਚ ਗੁਰੂ ਨਾਨਕ ਬਾਣੀ ਦੇ ਤਿੰਨ ਉੱਚੇ ਆਦਰਸ਼, ਨਾਮ ਜਪੋ, ਕਿਰਤ ਕਰੋ ਅਤੇ ਵੰਡ ਕੇ ਛਕੋ, ਪੰਜਾਬੀ ਰਹਿਣ-ਸਹਿਣ ਵਿੱਚ ਡੂੰਘੀਆਂ ਜੜ੍ਹਾਂ ਫੜ ਗਏ। ਪੰਜਾਬੀ ਕਿਰਤ ਕਰਕੇ ਖ਼ੁਸ਼ਹਾਲ ਉੱਚਾ ਜੀਵਨ ਮਿਆਰ ਜੀਉਣ ਲਈ ਦੁਨੀਆਂ ਦੇ ਕਿਸੇ ਵੀ ਹਿੱਸੇ ਵਿੱਚ ਪੁੱਜਣ ਲੱਗੇ। ਪੰਜਾਬੀਆਂ ਨੇ ਹਰ ਕੰਮ, ਹਰ ਧੰਦੇ ਵਿੱਚ ਆਪਣੀ ਮਿਹਨਤ ਨਾਲ ਨਾਮਣਾ ਖੱਟਿਆ। ਜਿੱਥੇ ਵੀ ਚਾਰ ਪੰਜਾਬੀ ਇਕੱਠੇ ਹੁੰਦੇ ਉਹ ਪਹਿਲਾਂ ਗੁਰਦੁਆਰਾ ਸਥਾਪਤ ਕਰ ਲੈਂਦੇ। ਇੰਞ ਗੁਰੂ ਬਾਬਾ ਨਾਨਕ ਦੀ ਬਾਣੀ ਆਸਟ੍ਰੇਲੀਆ ਤੋਂ ਲੈ ਕੇ ਨਾਰਵੇ ਤੱਕ ਅਤੇ ਜਪਾਨ ਤੋਂ ਲੈ ਕੇ ਕੈਨੇਡਾ ਤੱਕ ਹਰ ਥਾਂ ਗੂੰਜਣ ਲੱਗੀ।

"ਸਚਹੁ ਉਰੈ ਸਭੁ ਕੋ ਉਪਰਿ ਸਚੁ ਆਚਾਰੁ" ਭਾਵ ਨਿਰਾ ਸੱਚ ਸੁਣਨ, ਸੱਚ ਵੇਖਣ ਅਤੇ ਸੱਚ ਬੋਲਣ ਤੇ ਹੀ ਗੁਰਬਾਣੀ ਨੇ ਜ਼ੋਰ ਨਹੀਂ ਦਿੱਤਾ, ਸੱਚੇ ਆਚਾਰ ਨੂੰ, ਸੱਚੀ ਜੀਵਨ-ਜਾਚ ਨੂੰ ਅਤੇ ਸੱਚ ਦੇ ਰੰਗ ਵਿੱਚ ਰੰਗ ਜਾਣ ਦੀ ਪ੍ਰਵਿਰਤੀ ਨੂੰ ਵਡਿਆਇਆ ਹੈ। ਸਚਿਆਰਾ ਜੀਵਨ ਜੀਣ ਵਾਲੇ ਨੂੰ ਗੁਰਮੁਖ ਪਿਆਰਾ ਕਹਿ ਕੇ ਸਤਿਕਾਰਿਆ ਗਿਆ। ਇਹੋ ਜਿਹੇ ਲੋਕਾਂ ਦੀ ਸੰਗਤ ਨੂੰ ਸਚਖੰਡ ਸਮਾਨ ਵਡਿਆਇਆ ਗਿਆ। ਸੱਚ ਜੀਉਣ ਲਈ ਪੰਜਾਬੀ ਰਹਿਣ-ਸਹਿਣ ਵਿੱਚ ਫ਼ੈਲਸੂਫ਼ੀਆ, ਵਿਖਾਵੇਬਾਜ਼ੀ ਲਈ ਕੋਈ ਥਾਂ ਨਹੀਂ। ਜੋ ਸੱਜਣ ਪਿਆਰਾ ਹੈ ਉਹਦੇ ਨਾਲ ਰੁੱਖੀ-ਸੁੱਖੀ ਵੰਡ ਕੇ ਛਕ ਲਈ, ਉਹਦੇ ਲਈ ਜਾਨ ਹਾਜ਼ਰ ਹੈ। ਜੋ ਦੋਖੀ ਹੈ, ਸਚਿਆਰੇ ਜੀਵਨ ਨੇ ਸਿਖਾਇਆ, ਉਹਦੀ ਵੀ ਪਿੱਠ'ਤੇ ਵਾਰ ਨਹੀਂ ਕਰਨਾ, ਉਹਨੂੰ ਲਲਕਾਰ ਕੇ ਉਹਦੇ ਤੋਂ ਬਦਲਾ ਲੈਣਾ ਹੈ।

ਧਰਮ ਨੇ ਪੰਜਾਬੀ ਜੀਵਨ ਨੂੰ ਇੱਕ ਹੋਰ ਸੰਕਲਪ ਸੁੱਚ ਦਾ ਦਿੱਤਾ। ਜਾਤਾਂ-ਪਾਤਾਂ ਦੀ ਵੰਡ ਨੇ ਸੁੱਚ ਅਧੀਨ ਇੱਕ ਪਾਸੇ ਅਛੂਤ ਅਤੇ ਭਿੱਟ ਦੇ ਸੰਕਲਪ ਪ੍ਰਚਾਰਿਤ ਕੀਤੇ, ਉੱਥੇ ਦੂਜੇ ਪਾਸੇ ਸੁੱਚ ਦਾ ਆਦਰਸ਼ ਵੀ ਵਿਆਪਕ ਰੂਪ ਵਿੱਚ ਲੋਕਾਂ ਦੇ ਦਿਲਾਂ ਅੰਦਰ ਘਰ ਕਰਦਾ ਹੈ। ਸੁਚ ਦਾ ਪ੍ਰਗਟਾਅ ਅੰਮ੍ਰਿਤ ਵੇਲੇ ਉੱਠ ਕੇ ਨਦੀਆਂ, ਸਰੋਵਰਾਂ, ਖੂਹਾਂ, ਬਾਉਲੀਆਂ ਉੱਤੇ ਇਸ਼ਨਾਨ ਕਰਨ ਵਿੱਚ ਹੋਇਆ। ਸਵਾ ਮਣ ਤੋੰ ਜ਼ਿਆਦਾ ਪਾਣੀ ਸੁੱਚਾ ਸਮਝਿਆ ਜਾਂਦਾ। ਪਾਣੀ ਦੇ ਘੜੇ, ਚੌਂਕੇ, ਚੁੱਲ੍ਹੇ, ਲੰਗਰ ਵਿੱਚ ਪਾਉਣ ਵਾਲੀ ਹਰ ਵਸਤੂ ਨੂੰ ਹੱਥ ਧੋ ਕੇ, ਸੁੱਚੇ ਹੱਥ ਲਾਉਣੇ। ਸੁੱਚਾ ਕਰਨ ਲਈ ਚੌਂਕੇ ਚੁੱਲ੍ਹੇ ਨੂੰ ਨਿੱਤ ਪਰੋਲਾ ਮਾਰਨਾ, ਦੁੱਧ ਵਾਲੀ ਕਾੜ੍ਹਨੀ, ਲੱਸੀ ਵਾਲੀ ਚਾਟੀ ਨੂੰ ਕੂਚ ਕੂਚ ਕੇ ਸਾਫ ਕਰਨਾ, ਧੁੱਪ ਲੁਆ ਕੇ ਅੰਦਰੋਂ ਆਉਂਦੀ ਦੁੱਧ-ਲੱਸੀ ਦੀ ਹਵਾੜ ਤੋਂ ਬਚਾਉਣਾ। ਕਬਰਾਂ, ਮੜ੍ਹੀਆਂ, ਸ਼ਮਸ਼ਾਨ ਘਾਟ, ਹੱਡੋ-ਰੋੜੀ ਨੂੰ ਪਿੰਡੋਂ ਇਹੋ ਜਿਹੇ ਪਾਸੇ ਵਿਉਂਤਣਾ ਕਿ ਉੱਧਰ ਦੀ ਪਲੀਤ ਹਵਾ, ਵੱਸ ਲਗਦੇ, ਪਿੰਡ ਵੱਲ ਨਾ ਆਵੇ। ਕਿਸੇ ਨੜੋਏ ਤੇ ਗਏ ਸਾਰੇ ਇਕੱਠ ਨੇ ਨ੍ਹਾਉਣਾ ਜਾਂ ਘੱਟੋ-ਘੱਟ ਲੱਤਾਂ, ਪੈਰ, ਹੱਥ-ਮੂੰਹ ਧੋ ਕੇ ਆਪਣੇ ਤਨ ਮਨ ਨੂੰ ਸੁੱਚਾ ਸਾਫ਼ ਕਰਨਾ। ਚੌਂਕੇ ਲਈ ਹੋਰ ਖੜਾਵਾਂ ਅਤੇ ਜੰਗਲ-ਪਾਣੀ ਲਈ ਹੋਰ। ਚੌਂਕੜੀ ਮਾਰ ਧਰਤੀ ਉੱਤੇ ਬੈਠਣਾ ਤੇ ਬੈਠ ਕੇ ਭੋਜਨ ਵਾਲੇ ਥਾਲ ਦੇ ਚਾਰ ਚੁਫੇਰੇ ਪਾਣੀ ਦਾ ਛਿੜਕਾ ਕਰਕੇ ਥਾਂ ਸੁੱਚਾ ਕਰਨਾ, ਪੱਤਲਾਂ ਤੇ ਪੰਗਤਾਂ ਵਿੱਚ ਬੈਠ ਕੇ ਉਂਗਲਾਂ ਨਾਲ ਖਾਣਾ, ਖਾਣੇ ਤੋਂ ਬਾਦ ਚੂਲੀ ਕਰਕੇ ਹੱਥ ਸੁੱਚੇ ਕਰਨੇ, ਸਫ਼ਰ ਵੇਲੇ ਹੱਥ ਧੋ ਕੇ ਬੁੱਕ ਨਾਲ ਪਾਣੀ ਪੀਣਾ। ਭਾਂਡੇ ਸੁਕ ਮਾਂਜਣੇ ਅਤੇ ਉਹ ਵੀ ਸੁਆਹ ਨਾਲ; ਮੇਲੇ, ਮੱਸਿਆ, ਸੰਗਰਾਂਦ, ਗੁਰਪੁਰਬ, ਵਿਸਾਖੀ, ਦੀਵਾਲੀ ਵਿਆਹ ਵਾਲੇ ਦਿਨ ਨਵੇਂ ਨਕੋਰ ਸੁੱਚੇ ਕੱਪੜੇ ਪਾਉਣੇ।

ਵਿੱਦਿਆ ਦੀ ਅਣਹੋਂਦ ਕਰਕੇ ਪੇਂਡੂ ਸੁਆਣੀਆਂ ਅਤੇ ਮੁਟਿਆਰਾਂ ਦਾ ਨਿੱਤ-ਪ੍ਰਤਿ ਜੀਵਨ ਘਰ-ਬਾਹਰ ਨੂੰ ਸੁਹਜਮਈ ਸ਼ਿੰਗਾਰ ਕਰਨ ਵਿੱਚ ਬੀਤਦਾ। ਘਰਾਂ ਨੂੰ ਪੋਚੇ ਕਲੀ ਨਾਲ ਸਜਾਉਣਾ, ਚੁੱਲ੍ਹੇ-ਚੌਂਕੇ ਦੀਆਂ ਕੰਧਾਂ ਉੱਤੇ ਸੁਹਜਮਈ ਅਕਾਰ ਉਘਾੜਣੇ, ਪੜਛੱਤੀਆਂ, ਦੁਆਖਿਆਂ, ਭੜੋਲੀਆਂ ਉੱਤੇ ਰੇਖਾ-ਚਿੱਤਰ ਬਣਾਉਣੇ, ਕਿਸੇ ਧੀ, ਭੁਆ, ਮਾਸੀ ਦੇ ਦਾਜ ਲਈ ਪਲੰਘਪੋਸ਼-ਮੇਜਪੋਸ਼ਾਂ ਦੀ ਕਢਾਈ ਵਿੱਚ ਪੈਲਾਂ ਪਾਉਂਦੇ ਮੋਰ ਵਿਖਾਉਣੇ, ਖਿੜਦਾ ਗੁਲਾਬ ਵਿਖਾਉਣਾ, ਚੋਹਲ-ਮੋਹਲ ਕਰਦੇ ਤੋਤੇ ਕਬੂਤਰ ਵਿਖਾਉਣੇ, ਸੂਤ ਕੱਤ ਕੱਤ, ਸੂਤ ਨੂੰ ਸੁਪਨਿਆਂ ਵਰਗੇ ਰੰਗਾਂ ਵਿੱਚ ਰੰਗ ਕੇ ਰਾਂਗਲੇ ਪਲੰਘ ਉਣਨੇ। ਇਹਨਾਂ ਸੁਹਜਮਈ ਆਕਾਰਾਂ ਵਿੱਚ ਧਾਰਮਿਕ ਚਿੰਨ੍ਹ, ਬਿੰਬ ਤੇ ਪ੍ਰਤੀਕ ਹੁੰਦੇ ਅਤੇ ਸਭਿਆਚਾਰਿਕ ਅਰਥ। ਇਹ ਸਾਰੀ ਸਹੁਜਮਈ ਪ੍ਰਕਿਰਿਆ ਬੁੱਲ੍ਹਾਂ ਨਾਲ ਲੋਕ-ਗੀਤ ਗੁਣਗੁਣਾ ਕੇ ਹੁੰਦੀ, ਅੱਖਾਂ ਵਿੱਚ ਸੁਪਨੇ ਲੁਕਾ ਕੇ ਹੁੰਦੀ।

ਇਹ ਪੰਜਾਬੀ ਰਹਿਣ-ਸਹਿਣ, ਸਹਿਜ ਸੁਭਾ, ਸੱਚ-ਮੁੱਚ, ਸੁਹਜ ਦੀ ਤਰਜਮਾਨੀ ਬਣ ਜਾਂਦਾ। ਉਹ ਜ਼ਿੰਦਗੀ ਜੋ ਰਾਤ ਨੂੰ ਤਾਰਿਆਂ ਦੀ ਗਰਦਸ਼ ਨਾਲ ਚੱਲਦੀ, ਸਰਘੀ ਦੀ ਲਾਲੀ ਨਾਲ ਸੋਮਣ ਹੁੰਦੀ, ਅੰਗਰੇਜ਼ ਦੇ ਆਇਆਂ, ਜਿਹੜੀ ਉਸ ਨਾਲ ਕਲ ਲਿਆਂਦੀ, ਉਸ ਨਾਲ ਕਲਯੁਗ ਵਿੱਚ ਬਦਲਦੀ ਚਲੀ ਗਈ-ਇਹ ਕਿੰਨੀ ਬਦਲੀ, ਕਿੰਨੀ ਚੰਗੇ ਲਈ, ਕਿੰਨੀ ਮੰਦੇ ਕਾਰਜਾਂ ਲਈ, ਇਹ ਇਸ ਲੇਖ ਤੋਂ ਵੱਡੇ ਲਈ ਲੇਖਾਂ ਦਾ ਵਿਸ਼ਾ ਹੈ।

ਪੰਜਾਬ ਦੇ ਰਹਿਣ-ਸਹਿਣ ਨੂੰ ਪ੍ਰਭਾਵਿਤ ਕਰਦੇ ਤੱਤਾਂ ਦੀ ਰੋਸ਼ਨੀ ਵਿੱਚ ਅਸੀਂ ਘੋਖਿਆ ਹੈ ਕਿ ਇੱਥੋਂ ਦੀ ਭੂਗੋਲਿਕ ਸਥਿਤੀ ਕਰਕੇ ਕਿਵੇਂ ਇਹ ਪ੍ਰਦੇਸ ਸਮੁੰਦਰ ਵਿੱਚੋਂ ਉਗਮਿਆ, ਕਿਵੇਂ ਦਰਿਆਵਾਂ ਇਸ ਧਰਤੀ ਨੂੰ ਜ਼ਰਖ਼ੇਜ਼ ਬਣਾਇਆ, ਕਿਵੇਂ ਇਹ ਇਲਾਕਾ ਖੇਤੀ ਪ੍ਰਧਾਨ ਇਲਾਕਾ ਬਣ ਕੇ ਖ਼ੁਸ਼ਹਾਲ ਹੋਇਆ, ਕਿਵੇਂ ਇੱਥੇ ਸਿੰਧ ਘਾਟੀ ਦੀ ਸਭਿਅਤਾ ਦਾ ਵਿਕਾਸ ਹੋਇਆ, ਆਦਿ ਆਦਿ।

ਕੁਝ ਵੀ ਸਥਿਰ ਨਹੀਂ। ਰਹਿਣ-ਸਹਿਣ ਨਿਰੰਤਰ ਗਤੀਸ਼ੀਲ ਹੈ ਇਹ ਨਿਰੰਤਰ ਬਦਲ ਰਿਹਾ ਹੈ। ਕਿੰਨਾ ਚੰਗੇ ਲਈ ਕਿੰਨਾ ਮੰਦੇ ਲਈ ਇਹਦਾ ਫੈਸਲਾ ਭਵਿੱਖ ਦੀ ਬੁੱਕਲ ਵਿੱਚ ਹੈ। ਇਸੇ ਭਵਿੱਖ ਨੂੰ ਨਵੀਂ ਪੀੜ੍ਹੀ ਨੇ ਸੁਆਰਨਾ, ਸ਼ਿੰਗਾਰਨਾ ਹੈ ਅਤੇ ਨਵੀਂ ਪੀੜ੍ਹੀ ਹੀ ਸਾਡੇ ਰਹਿਣ-ਸਹਿਣ ਨੂੰ ਨਵੀਆਂ ਲੀਹਾਂ, ਨਵੇਂ ਅਰਥ, ਨਵੇਂ ਸੰਕਲਪ ਦੇਣੇ ਹਨ।

ਅਪਨਾ ਵਿਰਸਾ ਆਪਣੀ ਪਹਿਚਾਣ

ਮਨੁੱਖ ਦੀ ਹੋਂਦ ਤੋਂ ਸ਼ੁਰੂ ਹੋ ਕੇ ਅੱਜ ਤੱਕ ਬਹੁਤ ਕੁਝ ਬਦਲਿਆ ਹੈ। ਬਹੁਤ ਕੁਝ ਸਿਰਜਿਆ ਗਿਆ ਹੈ ਅਤੇ ਬਹੁਤ ਕੁਝ ਢਾਹਿਆ ਗਿਆ ਹੈ। ਇੱਕ ਜੋੜੇ ਤੋਂ ਵਧ ਕੇ ਪਰਿਵਾਰ ਤੇ ਫੇਰ ਕਬੀਲੇ ਤੱਕ ਦਾ ਮਨੁੱਖੀ ਸਫਰ ਵੀ ਕੋਈ ਬਹੁਤਾ ਸਾਦਾ ਅਤੇ ਸਿਰਫ ਪਰਿਵਾਰ ਦਾ ਵਾਧਾ ਨਹੀਂ ਰਿਹਾ ਸਗੋਂ ਇਹ ਬਹੁਤ ਹੀ ਮੁਸ਼ੱਕਤ ਵਾਲਾ ਅਤੇ ਪੇਚੀਦਾ ਰਿਹਾ ਹੈ। ਇਸ ਸਫਰ ਤੇ ਵਧਦਿਆਂ ਮਨੁੱਖ ਨੇ ਬਹੁਤ ਕੁਝ ਸਿਰਜਿਆ ਹੈ ਅਤੇ ਆਪਣੇ ਇਸ ਸ਼ੁਰੂਆਤੀ ਦੌਰ ਵਿੱਚ ਹੀ ਬਹੁਤ ਕੁਝ ਨਸ਼ਟ ਵੀ ਕੀਤਾ ਹੈ। ਇਸ ਛੋਟੇ ਜਿਹੇ ਸਫਰ ਦੌਰਾਨ ਮਨੁੱਖ ਨੇ ਸਾਂਝਾਂ ਪਾਲਣਾਂ ਸਿੱਖੀਆਂ, ਰਿਸ਼ਤੇ ਬਨਾਉਣੇ ਸਿੱਖੇ, ਸੋਚ ਦੇ ਖੰਭਾਂ ਤੇ ਚੜ੍ਹ ਕੇ ਉਡਾਰੀਆਂ ਲਾਉਣੀਆਂ ਸਿੱਖੀਆਂ, ਖੋਜ ਦੀ ਭਾਵਨਾ ਵਿਕਸਤ ਕੀਤੀ ਅਤੇ ਆਪਣਾ ਰਹਿਣ-ਸਹਿਣ ਵਿਕਸਤ ਕੀਤਾ। ਇਹ ਸਫਰ ਹੀ ਸਾਡੇ ਅੱਜ ਦੀ ਬੁਨਿਆਦ ਹੈ। ਬਸ ਇਸੇ ਸਫਰ ਵਿੱਚੋਂ ਵਿਕਸਤ ਹੋਈ ਰਹਿਣੀ-ਬਹਿਣੀ ਨੂੰ ਸੱਭਿਆਚਾਰ ਕਹਿੰਦੇ ਹਨ
ਪਿਛਲੀ ਸਦੀ ਵਿੱਚ ਅਸੀਂ ਕੁਝ ਜਿਆਦਾ ਹੀ ਤੇਜ-ਰਫਤਾਰ ਹੋ ਗਏ ਹਾਂ ਅਤੇ ਆਪਣੇ ਘਰ-ਪਰਿਵਾਰਾਂ, ਪਿੰਡਾਂ, ਸ਼ਹਿਰਾਂ ਨੁੰ ਪਿੱਛੇ ਛੱਡ ਕੇ ਆਪੋ ਆਪਣੇ ਕਮਰਿਆਂ ਅਤੇ ਹਾਣੀਆਂ ਵਿੱਚ ਉਲਝ ਕੇ ਰਹਿ ਗਏ ਹਾਂ। ਘਰਾਂ-ਪਰਿਵਾਰਾਂ, ਰਸਮੋ-ਰਿਵਾਜਾਂ, ਬਜੁਰਗਾਂ ਤੋਂ ਸਾਡੀ ਦੂਰੀ ਨੇ ਸਾਨੂੰ ਸਦੀਆਂ ਦੇ ਲੰਮੇ ਸਫਰ ਬਾਅਦ ਵਿਕਸਤ ਹੋਏ ਸਾਡੇ ਸੱਭਿਆਚਾਰ ਤੋਂ ਦੂਰ ਕਰ ਦਿੱਤਾ ਹੈ
ਪੰਜਾਬੀ ਸੱਭਿਆਚਾਰ: ਇਤਿਹਾਸਕ ਪਿਛੋਕੜ
ਪੰਜਾਬੀ ਸੱਭਿਆਚਾਰ ਪੰਜਾਬ ਦੇ ਭੂਗੋਲਿਕ ਖਿੱਤੇ ਦੀ ਪੈਦਾਵਾਰ ਹੈ। ਪੰਜਾਬ ਦੀ ਭੂਗੋਲਿਕ ਹੱਦਬੰਦੀ ਲਗਾਤਰ ਬਦਲਦੀ ਆਈ ਹੈ। ਇਸੇ ਕਰਕੇ ਅਜੋਕਾ ਪੰਜਾਬ ਇੱਕ ਰਾਜਸੀ ਇਕਾਈ ਤਾਂ ਹੈ ਪਰ ਇਸ ਨੂੰ ਸੰਪੂਰਨ ਸੱਭਿਆਚਾਰਿਕ ਖਿੱਤੇ ਵਜੋਂ ਪ੍ਰਵਾਨ ਨਹੀਂ ਕਰ ਸਕਦੇ, ਕਿਉਂਕੀ ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਭਾਸ਼ਾ ਪੱਖੋਂ ਬਹੁਤ ਸਾਰੇ ਇਲਾਕੇ ਅਜੋਕੇ ਪੰਜਾਬ ਤੋਂ ਬਾਹਰ ਵੀ ਹਨ। ਵਾਸਤਵ ਵਿੱਚ ਪੰਜਾਬ ਪੰਜਾਬੀ ਬੋਲਦੇ ਸਾਂਝੇ ਵਿਰਸੇ ਦੇ ਲੋਕਾਂ ਦੇ ਸਾਂਝੇ ਜੀਵਨ ਢੰਗ, ਵੱਖਰੀ ਸਰੀਰਿਕ ਅਤੇ ਮਨੋਬਣਤਰ ਦਾ ਸੂਚਕ ਹੈ। ਪੁਰਾਣੇ ਪੰਜਾਬ ਦਾ ਖੇਤਰਪੰਜਾਬ ਦੀ ਭੂਗੋਲਿਕ ਸਥਿਤੀ ਅਜਿਹੀ ਹੈ ਕਿ ਇਹ ਪ੍ਰਾਚੀਨ ਜ਼ਮਾਨੇ ਤੋਂ ਥਲ ਰਾਹੀਂ ਭਾਰਤ ਨੂੰ ਦੱਖਣ-ਪੱਛਮੀ ਰਸਤਿਉਂ ਹੋਰ ਮੁਲਕਾਂ ਨਾਲ ਜੋੜਨ ਵਾਲਾ ਰਿਹਾ ਹੈ। ਇਸੇ ਕਰਕੇ ਪੰਜਾਬ ਨੂੰ ਭਾਰਤ ਦਾ ਪ੍ਰਵੇਸ਼-ਦੁਆਰ ਕਿਹਾ ਜਾਂਦਾ ਰਿਹਾ ਹੈ। ਪਹਿਲੇ ਜ਼ਮਾਨਿਆਂ ਵਿੱਚ ਜਿੰਨੇ ਵੀ ਲੋਕ ਜਾਂ ਹਮਲਾਵਰ ਭਾਰਤ ਵੱਲ ਆਏ ਉਹ ਪੰਜਾਬ ਵਿੱਚੋਂ ਹੀ ਲੰਘੇ। ਇਸ ਕਰਕੇ ਪੰਜਾਬ ਵਿੱਚ ਯੁਧਾਂ, ਮਾਰ-ਧਾੜਾਂ ਅਤੇ ਪਰਸਪਰ ਸਹਿਚਾਰ ਦੇ ਅਨੋਖੇ ਨਮੂਨੇ ਮਿਲਦੇ ਹਨ। ਇਹ ਅਸਲ ਵਿੱਚ ਵਿਭਿੰਨ ਨਸਲਾਂ, ਜਾਤਾਂ, ਧਰਮਾਂ ਦੀ ਸੁਮੇਲ ਭੂਮੀ ਹੈ। ਇਸੇ ਕਰਕੇ ਪੰਜਾਬੀ ਸੱਭਿਆਚਾਰ ਦੇ ਕੁਝ ਕੇਂਦਰੀ ਪੱਖ ਹੋਰ ਸੱਭਿਆਚਾਰਾਂ ਨਾਲੋਂ ਮੂਲੋਂ ਵੱਖਰੇ ਹਨ। ਪੰਜਾਬ ਦੀ ਜ਼ਰਖੇਜ਼ ਅਤੇ ਮੈਦਾਨੀ ਜ਼ਮੀਨ, ਜੀਵਨ-ਅਨੁਕੂਲ ਸਹਿੰਦਾ ਗਰਮ ਤੇ ਤਰ ਜਲਵਾਯੂ ਅਤੇ ਹਿਮਾਲਾ ਪਰਬਤ ਤੋਂ ਵਹਿੰਦੇ ਦਰਿਆਵਾਂ ਦੀ ਕੁਦਰਤੀ ਨਿਆਮਤ ਨੇ ਇਸ ਹੁਸੀਨ ਜ਼ਮੀਨ ਨੂੰ ਪ੍ਰਾਚੀਨ ਜ਼ਮਾਨੇ ਤੋਂ ਹੀ ਮਨੁੱਖੀ ਵੱਸੋਂ ਲਈ ਬਹੁਤ ਅਨੁਕੂਲ ਬਣਾਈ ਰਖਿਆ ਹੈ। ਪ੍ਰਾਣੀ-ਜੀਵਨ ਦੀਆਂ ਮੂਲ ਲੋੜਾਂ ਸਹਿਜੇ ਹੀ ਪ੍ਰਾਪਤ ਹੋ ਜਾਣ ਕਾਰਨ ਇੱਥੇ ਮਨੁੱਖ ਹਜ਼ਾਰਾਂ ਸਾਲਾਂ ਤੋਂ ਵਸਦਾ ਆ ਰਿਹਾ ਹੈ। ਲਗਾਤਾਰ ਉਥਲ-ਪੁਥਲ ਅਤੇ ਤਬਾਹੀ ਦੇ ਬਾਵਜੂਦ ਇਹ ਖਿੱਤਾ ਅਬਾਦ ਰਿਹਾ ਹੈ। ਇਸੇ ਕਰਕੇ ਹੀ ਸੱਭਿਆਚਾਰ ਵਿਗਿਆਨੀ ਪੰਜਾਬ ਨੂੰ ਸੱਭਿਆਚਾਰ ਦਾ ਪੰਘੂੜਾ ਹੋਣ ਦਾ ਮਾਣ ਦਿੰਦੇ ਹਨ।

ਇਤਿਹਾਸਿਕ ਦ੍ਰਿਸ਼ਟੀ ਤੋਂ ਪੂਰਬਲੇ ਸੱਭਿਆਚਾਰ ਦੇ ਪ੍ਰਮਾਣ ਇਸ ਧਰਤੀ ਤੋਂ ਮਿਲਦੇ ਹਨ, ਜੋ ਲਗ-ਪਗ ਦਸ ਹਜ਼ਾਰ ਸਾਲ ਤੋਂ ਵੀ ਪੁਰਾਣੇ ਹੋਣ ਦਾ ਅਨੁਮਾਨ ਹੈ। ਇਸ ਤੋਂ ਬਾਅਦ ਸਪਤ ਸਿੰਧੂ ਸੱਭਿਅਤਾ ਦੇ ਨਾਂ ਨਾਲ ਜਾਣੀ ਜਾਂਦੀ ਅਤਿ ਵਿਕਸਿਤ ਸ਼ਹਿਰੀ ਸੱਭਿਅਤਾ ਵੀ ਇਸੇ ਧਰਤੀ ਉੱਤੇ ਸਿਰਜੀ ਗਈ। ਸਪਤ ਸਿੰਧੂ ਸੱਭਿਅਤਾ ਦੇ ਪ੍ਰਾਚੀਨ ਨਮੂਨੇ ਮੁਇੰਜੋਦੜੋ, ਹੜੱਪਾ, ਸੰਘੋਲ ਅਤੇ ਢੋਲਬਾਹਾ ਆਦਿ ਥਾਂਵਾਂ ਤੋਂ ਕੀਤੀ ਖੁਦਾਈ ਤੋਂ ਪ੍ਰਾਪਤ ਹੋਏ ਹਨ। ਇਸ ਨੂੰ ਹੜੱਪਾ ਸੱਭਿਆਚਾਰ ਵੀ ਕਿਹਾ ਜਾਂਦਾ ਹੈ। ਗਲੀਆਂ, ਘਰਾਂ, ਇਸ਼ਨਾਨ-ਘਰਾਂ ਆਦਿ ਦੀ ਨਿਸ਼ਚਿਤ ਵਿਉਂਤ ਤੋਂ ਇਹ ਪ੍ਰਮਾਣ ਮਿਲਦੇ ਹਨ ਕਿ ਇਹ ਸੱਭਿਅਤਾ ਉਸ ਜ਼ਮਾਨੇ ਦੇ ਹਿਸਾਬ ਨਾਲ ਬਹੁਤ ਵਿਕਸਿਤ ਸੀ। ਆਰੀਆ ਲੋਕਾਂ ਨੇ ਲਗ-ਪਗ 1500-3000 ਈਸਵੀ ਪੂਰਵ ਦੇ ਸਮੇਂ ਵਿੱਚ ਇਸ ਖਿੱਤੇ ਵਿੱਚ ਪ੍ਰਵੇਸ਼ ਕੀਤਾ। ਉਹ ਵੱਖ ਵੱਖ ਸਮਿਆਂ ਵਿੱਚ ਵੱਖ-ਵੱਖ ਟੋਲਿਆਂ ਦੇ ਰੂਪ ਵਿੱਚ ਆਏ। ਇਸ ਦੌਰ ਵਿੱਚ ਪੰਜਾਬ ਦੇ ਇਸ ਖਿੱਤੇ ਵਿੱਚ ਆਰੀਆ ਸੱਭਿਆਚਾਰ ਦਾ ਆਰੰਭ ਹੁੰਦਾ ਹੈ, ਜਿਸ ਨੇ ਸੰਸਾਰ ਨੂੰ ਸੱਭਿਆਚਾਰਿਕ ਪੱਖ ਤੋਂ ਮਹਾਨ ਯੋਗਦਾਨ ਦਿੱਤਾ।

ਪੰਜਾਬ ਦੀ ਇਸ ਧਰਤੀ ਦਾ ਇਹ ਨਾਂ ਤਾਂ ਮੁਸਲਮਾਨਾਂ ਦੇ ਆਉਣ ਨਾਲ ਪੰਜ+ਆਬ ਤੋਂ ਪ੍ਰਚਲਿਤ ਹੋਇਆ, ਪਰ ਇਸ ਤੋਂ ਪਹਿਲਾਂ ਇਸ ਖਿੱਤੇ ਬਾਰੇ ਪੰਚਨਦ ਨਾਂ ਦੀ ਵਰਤੋਂ ਦੇ ਹਵਾਲੇ ਪ੍ਰਾਪਤ ਹਨ। ਸਮੇਂ ਦੇ ਬਦਲਣ ਨਾਲ ਪੰਜਾਬ ਦਾ ਇਹ ਭੂਗੋਲਿਕ ਖਿੱਤਾ ਸੰਸਾਰ ਦੇ ਪ੍ਰਾਚੀਨਤਮ ਵਿਕਸਿਤ ਮਹਾਨ ਸੱਭਿਆਚਾਰ ਦਾ ਕੇਂਦਰ ਬਣ ਜਾਂਦਾ ਹੈ ਪੰਜਾਬ ਦੀ ਇਸ ਧਰਤੀ ਉੱਤੇ ਚਾਰੇ ਵੇਦ (ਰਿਗਵੇਦ, ਸਾਮਵੇਦ, ਯਜੁਰਵੇਦ ਅਤੇ ਅਥਰਵ ਵੇਦ) ਰਚੇ ਗਏ, ਜੋ ਅਜੇ ਤੱਕ ਵੀ ਸਾਡੀ ਸੱਭਿਆਚਾਰਿਕ ਪ੍ਰਾਚੀਨਤਾ ਅਤੇ ਮਹਾਨਤਾ ਦਾ ਉੱਤਮ ਨਮੂਨਾ ਹਨ। ਉਪਨਿਸ਼ਦ ਗਿਆਨ-ਸਾਹਿਤ ਦੀ ਦੂਸਰੀ ਮਾਣਯੋਗ ਵੰਨਗੀ ਹੈ ਜੋ ਇੱਥੇ ਰਚੀ ਗਈ। ਭਾਸ਼ਾ-ਵਿਆਕਰਨ ਸੰਬੰਧੀ ਪਾਣਨੀ ਦੀ ਜਗਤ-ਪ੍ਰਸਿੱਧ ਰਚਨਾ 'ਅਸ਼ਟਾਧਿਆਇ' ਵੀ ਇਸੇ ਧਰਤੀ ਤੇ ਲਿਖੀ ਗਈ। ਇਸੇ ਸਮੇਂ ਤਕਸ਼ਿਲਾ ਨਾਂ ਦਾ ਸਿੱਖਿਆ ਕੇਂਦਰ ਬਹੁਤ ਚਰਚਿਤ ਰਿਹਾ, ਜਿੱਥੇ ਦੇਸਾਂ-ਦੇਸਾਂਤਰਾਂ ਤੋਂ ਰਾਜਕੁਮਾਰ ਪੜ੍ਹਨ ਆਉਂਦੇ ਰਹੇ।

ਪੰਜਾਬੀ ਸੱਭਿਆਚਾਰ ਦੇ ਵਿਕਾਸ ਦਾ ਇੱਕ ਪੜਾਅ ਇਸਲਾਮ ਧਰਮ ਦੇ ਦਖਲ ਅਥਵਾ ਮੁਸਲਮਾਨੀ ਹਮਲਿਆਂ ਨਾਲ ਸ਼ੁਰੂ ਹੁੰਦਾ ਹੈ ਜਿਸ ਦਾ ਆਰੰਭ 712 ਈਸਵੀ ਵਿੱਚ ਮੁੰਹਮਦ ਬਿਨ ਕਾਸਮ ਦੇ ਹਮਲੇ ਨੇ ਕੀਤਾ। ਸੱਤ ਸਦੀਆਂ ਦੇ ਲਗਾਤਾਰ ਹਮਲਿਆਂ ਦੌਰਾਨ ਮੁਸਲਮਾਨੀ ਰਾਜ ਸਥਾਪਤ ਹੁੰਦੇ ਰਹੇ ਜਿਨ੍ਹਾਂ ਦੀ ਸਿਖਰ ਮੁਗ਼ਲ ਰਾਜ ਸੀ। ਇਸ ਦੌਰ ਵਿੱਚ ਪੰਜਾਬੀ ਸੱਭਿਆਚਾਰ ਉੱਤੇ ਸਭ ਤੋਂ ਵੱਧ ਪ੍ਰਭਾਵ ਇਸਲਾਮ ਧਰਮ ਅਤੇ ਸੱਭਿਆਚਾਰ ਦਾ ਪਿਆ। ਸੂਫ਼ੀਮਤ ਨੇ ਕੱਟੜ ਬ੍ਰਾਹਮਣੀ ਵਿਵਸਥਾ ਤੋਂ ਦੁਖੀ ਲੋਕਾਂ ਨੂੰ ਰਾਹਤ ਦਿਵਾਈ। ਪੰਜਾਬੀ ਖਾਣ-ਪੀਣ, ਪਹਿਰਾਵੇ, ਭਾਸ਼ਾ ਅਤੇ ਸਾਹਿਤ ਉੱਤੇ ਇਸਲਾਮੀ ਸੱਭਿਆਚਾਰ ਦਾ ਪ੍ਰਭਾਵ ਨਿਖੇੜਨਾ ਬਹੁਤ ਮੁਸ਼ਕਲ ਹੈ।

ਮੱਧ ਯੁੱਗ ਵਿੱਚ ਪੰਜਾਬੀ ਸੱਭਿਆਚਾਰ ਦੇ ਇਤਿਹਾਸ ਵਿੱਚ ਇੱਕ ਨਵਾਂ ਦੌਰ ਗੁਰੂ ਨਾਨਕ ਦੇਵ ਜੀ ਦੁਆਰਾ ਸਿੱਖ ਧਰਮ ਦੀ ਸਥਾਪਨਾ ਨਾਲ ਸ਼ੁਰੂ ਹੁੰਦਾ ਹੈ। ਪੰਜਾਬ ਦੀ ਇਸ ਧਰਤੀ ਉੱਤੇ ਪੰਜਾਬੀ ਲੋਕਾਂ ਦੇ ਦੁੱਖਾਂ ਦਾ ਇਲਾਜ ਅਤੇ ਆਦਰਸ਼ਾਂ ਦੀ ਸਿਰਜਣਾ ਗੁਰੂ ਸਾਹਿਬਾਨ ਨੇ ਲੋਕ ਪੱਖੀ ਦ੍ਰਿਸ਼ਟੀ ਤੋਂ ਕੀਤੀ। ਇਸ ਜੀਵਨ ਦੀ ਕੇਂਦਰੀ ਮਹੱਤਾ ਸਥਾਪਤ ਕਰਦਿਆਂ ਕਿਰਤ ਕਰਨ, ਨਾਮ ਜਪਣ ਅਤੇ ਵੰਡ ਛਕਣ ਦੇ ਸਰਬ ਕਾਲਿਆਣਕਾਰੀ ਸਮਾਜੀ ਮਨੁੱਖੀ ਸੰਕਲਪ ਪੇਸ਼ ਕੀਤੇ। ਇਸ ਵਿੱਚ ਜਾਤ-ਪਾਤ, ਊਚ-ਨੀਚ ਆਦਿ ਦੇ ਭੇਦ-ਭਾਵਾਂ ਨੂੰ ਛੱਡ ਕੇ ਮਾਨਵੀ ਸਾਂਝ ਅਤੇ ਸਰਬਤ ਦੇ ਭਲੇ ਦੀ ਗੱਲ ਕੀਤੀ ਗਈ। ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਆਦਿ ਗ੍ਰੰਥ ਦੀ ਸੰਪਾਦਨਾ ਨੇ ਸੰਸਾਰ ਸਾਹਿਤ ਨੂੰ ਲਾਸਾਨੀ ਖ਼ਜਾਨਾ ਦਿੱਤਾ ਜਿਸ ਵਿੱਚ ਮਾਨਵਤਾ ਦੀ ਮੁਕਤੀ ਦਾ ਸੰਦੇਸ਼ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਿਰਜਣਾ ਕਰਕੇ ਪੰਜਾਬ ਦੀ ਇਸ ਧਰਤੀ ਨੂੰ ਨਵੀਂ ਪੁੱਠ ਦਿੱਤੀ। ਪੰਜਾਬੀ ਸੱਭਿਆਚਾਰ ਲਈ ਇਹ ਦੌਰ, ਇਸ ਦੀ ਸੁਤੰਤਰ ਅਤੇ ਮੌਲਿਕ ਪਛਾਣ ਦਾ ਸੁਨਹਿਰੀ ਦੌਰ ਕਿਹਾ ਜਾ ਸਕਦਾ ਹੈ।

ਪੰਜਾਬੀ ਸੱਭਿਆਚਾਰ ਦੇ ਵਿਕਾਸ ਵਿੱਚ ਅਗਲੇਰਾ ਪੜਾਅ ਅੰਗਰੇਜ਼ਾਂ ਦੀ ਬਾਕੀ ਭਾਰਤ ਸਮੇਤ ਪੰਜਾਬ ਉੱਤੇ ਰਾਜਸੀ ਸਰਦਾਰੀ ਨਾਲ ਸ਼ੁਰੂ ਹੁੰਦਾ ਹੈ। ਇਸ ਨਾਲ ਪੰਜਾਬੀ ਜਨ-ਸਧਾਰਨ ਦਾ ਵਿਕਸ ਰਹੀ ਪੂੰਜੀਵਾਦੀ ਰਾਜਸੀ, ਆਰਥਿਕ, ਸੱਭਿਆਚਾਰਿਕ ਵਿਵਸਥਾ ਨਾਲ ਅਜਿਹਾ ਵਾਹ ਪਿਆ ਜਿਸ ਦੇ ਦੂਰ-ਅੰਦੇਸ ਪਰਿਣਾਮ ਨਿਕਲੇ। ਜੇ ਅਸੀਂ ਹੁਣ ਇਹਨਾਂ ਪ੍ਰਭਾਵਾਂ ਅਤੇ ਪਰਿਣਾਵਾਂ ਨੂੰ ਘੋਖੀਏ ਤਾਂ ਦਿਲਚਸਪ ਤੱਥ ਉੱਭਰਦੇ ਹਨ। ਪੰਜਾਬ ਦੇ ਲੋਕ ਅੰਗਰੇਜ਼ੀ ਭਾਸ਼ਾ ਰਾਹੀਂ ਸੰਸਾਰ ਸਾਹਿਤ, ਸੰਸਾਰ ਦਰਸ਼ਨ ਅਤੇ ਸੰਸਾਰ ਸੱਭਿਆਚਾਰ ਨਾਲ ਸੰਪਰਕ ਵਿੱਚ ਆਏ। ਅੰਗਰੇਜ਼ੀ ਸੱਭਿਆਚਾਰ ਨਾਲ ਉਹ ਇੱਕ ਗੁਲਾਮ ਸੱਭਿਆਚਾਰ ਵੱਜੋਂ ਸੰਪਰਕ ਵਿੱਚ ਆਏ ਸਨ, ਜਿਸ ਦੇ ਬਹੁਤ ਵਿਕੋਲਿਤਰੇ ਅਤੇ ਉਲਟੇ-ਪੁਲਟੇ ਪ੍ਰਭਾਵ ਪੈਂਦੇ ਰਹੇ। ਹਾਂ-ਪੱਖੀ ਪ੍ਰਭਾਵਾਂ ਨੇ ਪੰਜਾਬੀਆਂ ਦੀ ਜ਼ਿੰਦਗੀ ਵਿੱਚ ਬਹੁਤ ਚੰਗੇਰੇ ਪਰਿਵਰਤਨ ਵੀ ਲਿਆਂਦੇ। ਵਿਗਿਆਨਿਕ ਲੀਹਾਂ ਤੇ ਉਸਰ ਰਹੇ ਪੱਛਮੀ ਸੱਭਿਆਚਾਰ ਨੇ ਇਹਨਾਂ ਦੀ ਪਰੰਪਰਾਗਤ ਰਹਿਤਲ ਨੂੰ ਝੰਜੋੜ ਸੁੱਟਿਆ ਅਤੇ ਖੁੱਲ੍ਹੇਪਣ ਦਾ ਇਹਸਾਸ ਕਰਵਾਇਆ। ਅੰਗਰੇਜ਼ੀ ਭਾਸ਼ਾ ਤੇ ਸਾਹਿਤ ਦੇ ਸੰਪਰਕ ਨੇ ਨਵੇਂ ਗਿਆਨ-ਵਿਗਿਆਨ ਤੱਕ ਸਾਡੀ ਰਸਾਈ ਕਰਵਾਈ। ਇਸ ਟਾਕਰਵੇਂ ਸੱਭਿਆਚਾਰ ਨਾਲ ਮੁਕਾਬਲੇ ਅਤੇ ਸਾਂਝ ਦੇ ਨਵੇਂ ਪਹਿਲੂ ਉੱਭਰੇ। ਰੇਲ, ਡਾਕ-ਤਾਰ ਅਤੇ ਹੋਰ ਨਵੀਨ ਵਸੀਲਿਆਂ ਨੇ ਸਾਡੀ ਜੀਵਨ ਗਤੀ ਵਿੱਚ ਤੇਜ਼ੀ ਲਿਆਂਦੀ। ਇਸ ਤਰ੍ਹਾਂ ਅੰਗਰੇਜ਼ੀ ਸੱਭਿਆਚਾਰ ਨੇ ਪੰਜਾਬੀ ਸੱਭਿਆਚਾਰ ਵਿੱਚ ਮੂਲ ਨਵੇਂ ਪਰਿਵਰਤਨ ਲਿਆਂਦੇ।

ਪੰਜਾਬੀ ਚਰਿੱਤਰ ਦੇ ਪਛਾਣ-ਚਿੰਨ੍ਹ
ਪੰਜਾਬੀ ਸੱਭਿਆਚਾਰ ਦੀ ਵਿਸ਼ੇਸ਼ ਭੂਗੋਲਿਕ ਸਥਿਤੀ, ਨਵੇਕਲੇ ਜਲਵਾਯੂ ਅਤੇ ਇਤਿਹਾਸਿਕ ਉਤਰਾਵਾਂ-ਚੜ੍ਹਾਵਾਂ ਨੇ ਪੰਜਾਬੀ ਜੀਵਨ-ਜਾਚ ਦੇ ਕਈ ਅਜਿਹੇ ਦਿਲਚਸਪ ਅਤੇ ਸ਼ਕਤੀਸ਼ਾਲੀ ਪੱਖ ਉਸਾਰੇ ਹਨ, ਜੋ ਪੰਜਾਬੀਅਤ ਦੇ ਪਛਾਣ-ਚਿੰਨ੍ਹ ਬਣ ਗਏ ਹਨ। ਇਹ ਪੰਜਾਬੀਆਂ ਦੀ ਵੱਖਰੀ ਤਾਸੀਰ, ਚਰਿੱਤਰ, ਮਨੋਰਥਾਂ ਅਤੇ ਆਦਰਸ਼ਾਂ ਵਿੱਚ ਉਜਾਗਰ ਹੁੰਦੇ ਹਨ। ਉਪਜਾਊ ਭੂਮੀ ਕਾਰਨ ਭੁੱਖੇ ਮਰਨਾਂ ਪੰਜਾਬੀਆਂ ਦੇ ਹਿੱਸੇ ਨਹੀਂ ਆਇਆ ਪਰ ਨਾਲ ਹੀ ਕਰੜੀ ਮਿਹਨਤ ਕਰਕੇ ਇਸ ਤੇ ਹੱਕ ਜਤਾਉਣ ਦੀ ਪ੍ਰਚੰਡ ਪ੍ਰਵਿਰਤੀ ਪੰਜਾਬੀਆਂ ਦਾ ਖ਼ਾਸਾ ਹੈ। ਕਿਰਤ ਕਰਨ ਨੂੰ ਮਾਣ ਸਮਝਣਾ ਅਤੇ ਕਿਰਤ ਕਮਾਈ ਉੱਤੇ ਹੱਕ ਜਤਾਉਣਾ ਇਹਨਾਂ ਦੀ ਖ਼ੂਬੀ ਹੈ। ਲਗਾਤਾਰ ਜੰਗਾਂ, ਯੁਧਾਂ ਦਾ ਅਖਾੜਾ ਬਣੇ ਰਹਿਣ ਕਾਰਨ ਪੰਜਾਬੀ ਉੱਜੜਦੇ ਰਹਿਣ ਤੇ ਵੀ ਫੇਰ ਵੱਸਣ ਦੀ ਅਨੋਖੀ ਜੀਵਨ-ਤਾਂਘ ਨਾਲ ਓਤਪੋਤ ਹਨ। ਸੱਭਿਆਚਾਰ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਇਸ ਧਰਤੀ ਉੱਤੇ ਉਹੀ ਲੋਕ ਟਿਕੇ ਜੋ ਨਾ ਯੁਧ ਤੋਂ ਡਰਦੇ ਸਨ, ਨਾ ਮੌਤ ਤੋਂ ਅਤੇ ਨਾ ਲੁੱਟੇ-ਪੁੱਟੇ ਜਾਣ ਤੋਂ, ਸਗੋਂ ਹਾਲਤ ਅਨੁਸਾਰ ਹਮੇਸ਼ਾਂ ਜੀਵਨ ਸੰਘਰਸ਼ ਕਰਨ ਨੂੰ ਤਿਆਰ ਰਹਿੰਦੇ ਸਨ। ਪੰਜਾਬੀ ਪਹਿਲ-ਕਦਮੀ ਕਰਨ ਵਾਲੇ ਹਨ। ਇਹ ਖੜੋਤ ਵਿੱਚ ਯਕੀਨ ਨਹੀਂ ਰੱਖਦੇ। ਇਹ ਕੁਝ ਨਾ ਕੁਝ ਕਰਨ ਦੇ ਆਹਰ ਵਿੱਚ ਰਹਿੰਦੇ ਹਨ, ਜੋਰ ਨਹੀਂ ਤਾਂ ਆਪੋ ਵਿੱਚ ਲੜਨ-ਮਰਨ ਦੇ।

ਇਸ ਨਿਰੰਤਰ ਉਥਲ-ਪੁਥਲ ਨੇ ਪੰਜਾਬੀ ਸੁਭਾਅ ਵਿੱਚ ਦੋ ਮੁੰਹ ਜ਼ੋਰ ਪ੍ਰਵਿਰਤੀਆਂ ਪੈਦਾ ਕੀਤੀਆਂ ਹਨ। ਪਹਿਲੀ ਇਹ ਕਿ ਪੰਜਾਬੀ ਜ਼ਿੰਦਗੀ ਨੂੰ ਜਨੂੰਨ ਵਾਂਗ ਜਿਉਂਦਾ ਹੈ। ਇਸ ਕਰਕੇ ਉਸਦਾ ਸੁਭਾਅ ਭੜਕੀਲਾ ਹੈ। ਉਹ ਫ਼ੌਰੀ ਅਤੇ ਇਕਦਮ ਤੱਤਾ ਹੋ ਉਠਦਾ ਹੈ ਅਤੇ ਓਨੀ ਹੀ ਤੇਜ਼ੀ ਨਾਲ ਉਹ ਸਭ ਕੁਝ ਭੁੱਲਣ ਲਈ ਤਿਆਰ ਹੋ ਜਾਂਦਾ ਹੈ। ਜ਼ਿੰਦਗੀ ਨੇ ਉਸਨੂੰ ਬੜੇ ਖੌਫਨਾਕ ਸਬਕ ਸਿਖਾਏ ਹਨ। ਲਗਾਤਾਰ ਬਾਹਰੀ ਹਮਲਿਆਂ ਦਾ ਸ਼ਿਕਾਰ ਰਿਹਾ ਪੰਜਾਬੀ, ਸੁਭਾਅ ਵੱਜੋਂ ਹੀ, ਟਿਕਾਓ ਵਾਲਾ ਜੀਵਨ ਬਤੀਤ ਕਰਨੋ ਇਨਕਾਰੀ ਬਣ ਗਿਆਂ ਹੈ। ਦੂਸਰੀ ਪ੍ਰਵਿਰਤੀ ਉੱਚੀ ਬੋਲਣ ਅਤੇ ਲੋੜੋਂ ਵਧੇਰੇ ਤੀਂਘੜਨ ਦੀ ਹੈ। ਉਸਦੀ ਗੱਲ-ਬਾਤ ਉੱਚੀ, ਸੰਗੀਤ ਤਿੱਖਾ, ਉੱਚਾ ਤੇ ਤੇਜ਼ ਅਤੇ ਵਿਖਾਵੇ ਦੀ ਰੁਚੀ ਅਥਾਹ ਹੈ। ਨਿਰੰਤਰ ਦਬਾਵਾਂ ਅਤੇ ਟਕਰਾਵਾਂ ਵਿੱਚ ਉੱਸਰੇ ਪੰਜਾਬੀ ਸਮੂਹਕ ਅਵਚੇਤਨ ਦਾ ਇਹ ਨਿਆਰਾ ਨਤੀਜਾ ਹੈ। ਇਸੇ ਕਰਕੇ ਪੰਜਾਬੀ ਨਾਇਕ ਦਾ ਮੁਹਾਂਦਰਾ ਵੀ ਅਜਿਹੇ ਵਿਅਕਤੀਆਂ ਦਾ ਹੀ ਹੈ ਜੋ ਪੂਰੀ ਸਰਗਰਮੀ, ਸਿਰੇ ਦੀ ਸ਼ਿੱਦਤ ਅਤੇ ਜਨੂੰਨ ਨਾਲ ਆਪਣੇ ਪੈੰਡੇ ਪੈਂਦੇ ਹਨ। ਪੰਜਾਬੀਆਂ ਦੇ ਨਾਇਕ ਹਨ ਜੋਗੀ, ਯੋਧਾ ਤੇ ਆਸ਼ਕ। ਰਾਜਾ ਪੰਜਾਬੀ ਸੱਭਿਆਚਾਰ ਦਾ ਲੋਕ-ਨਾਇਕ ਨਹੀਂ, ਸਗੋਂ ਰਾਜਾ ਤ੍ਰਿਸਕਾਰ ਦਾ ਪਾਤਰ ਹੈ। ਪੰਜਾਬੀਆਂ ਨੇ ਰਾਜੇ ਦੀ ਸ਼ਕਤੀ ਅਤੇ ਸ਼ਾਨੋ-ਸ਼ੌਕਤ ਦੀ ਬਜਾਏ ਫ਼ਕੀਰ ਦੀ ਉੱਚਤਾ-ਸੁੱਚਤਾ ਨੂੰ ਮਾਣ ਦਿੱਤਾ ਹੈ। ਇਹ ਧਰਤੀ ਹੈ ਜਿੱਥੇ ਦੇ ਫ਼ਕੀਰ ਰਾਜੇ ਨੂੰ ਪਰ੍ਹਾਂ ਹੋ ਖੜੋਣ ਅਤੇ ਧੁੱਪ ਛੱਡਣ ਦਾ ਬੋਲ ਬੇਖੌਫ਼ ਹੋ ਬੋਲਦੇ ਹਨ, ਪੰਜਾਬੀਆਂ ਨੇ ਬਾਦਸ਼ਾਹ ਦਰਵੇਸ਼ਾਂ ਨੂੰ ਲੋਕ-ਨਾਇਕ ਮੰਨਿਆ ਹੈ।

ਪੰਜਾਬੀ ਸੱਭਿਆਚਾਰ ਦੀ ਇੱਕ ਹੋਰ ਖ਼ਾਸੀਅਤ ਇਹ ਹੈ ਕਿ ਇਹ ਤਿਆਗਵਾਦੀ ਜੀਵਨ-ਫ਼ਲਸਫ਼ੇ ਨੂੰ ਪ੍ਰਵਾਨ ਨਹੀਂ ਕਰਦਾ। ਇਹ ਜੀਵਨ ਨੂੰ ਸੱਚਾ-ਸੁੱਚਾ ਮੰਨਦੇ ਹੋਏ ਇਸ ਵਿੱਚ ਮਨੁੱਖੀ ਵਡਿੱਤਣ ਸਿਰਜਣ ਦਾ ਮੱਤ ਪੇਸ਼ ਕਰਦਾ ਹੈ। ਇਸ ਜੀਵਨ, ਮਨੁੱਖ ਤੇ ਸੰਸਾਰ ਨੂੰ ਸੱਚਾ ਮੰਨਣ ਕਾਰਨ ਪੰਜਾਬੀਆਂ ਦੇ ਸਾਰੇ ਕਾਰ-ਵਿਹਾਰ, ਆਦਰਸ਼ ਅਤੇ ਮਨੋਰਥ ਮਨੁੱਖ ਕੇਂਦਰਿਤ ਬਣਦੇ ਗਏ। ਇਸੇ ਕਰਕੇ ਪੰਜਾਬੀ ਸੱਭਿਆਚਾਰ ਵਿੱਚ ਜੀਵਨ ਨੂੰ ਜਿਊਣ ਦੀ ਇੱਛਾ ਅਤੇ ਸ਼ਕਤੀ ਨੂੰ ਕੇਂਦਰੀ ਸਥਾਨ ਪ੍ਰਾਪਤ ਹੈ। ਭਰਪੂਰ ਜੀਵਨ ਲਈ ਸੰਘਰਸ਼ ਪੰਜਾਬੀਆਂ ਦਾ ਖ਼ਾਸਾ ਹੈ। 'ਖਾਧਾ ਪੀਤਾ ਲਾਹੇ ਦਾ' ਦੀ ਧਾਰਨਾ ਇਸੇ ਹੀ ਜੀਵਨ ਅਨੁਭਵ ਦਾ ਨਿਚੋੜ ਹੈ।

ਪੰਜਾਬੀਆਂ ਦਾ ਪਹਿਰਾਵਾ, ਰੀਤਾਂ, ਹਾਰ-ਸ਼ਿੰਗਾਰ ਅਤੇ ਲੋਕ-ਗੀਤ ਪੰਜਾਬੀ ਸੱਭਿਆਚਾਰ ਦੀ ਰੰਗੀਲੀ ਤਸਵੀਰ ਉਲੀਕਦੇ ਹਨ। ਜ਼ਿੰਦਗੀ ਦੇ ਹਰ ਮੌਕੇ ਲਈ ਰੌਚਕ ਰੀਤਾਂ ਦੀ ਲੜੀ ਹਰੇਕ ਪੰਜਾਬੀ ਧਰਤੀ ਨੂੰ ਆਪਣੀ ਅਤੇ ਭਾਈਚਾਰੇ ਨਾਲ ਪਰੋਈ ਰੱਖਦੀ ਹੈ।