Tuesday, July 20, 2010

ਨੌਜਵਾਨਾਂ ਲਈ ਖ਼ਤਰਨਾਕ -ਇਲੈਕਟ੍ਰਿਕ ਮੀਡੀਆ

ਅੱਜ ਤੁਸੀਂ ਕੋਈ ਵੀ ਚੈਨਲ ਲਗਾ ਕੇ ਵੇਖ ਲਵੋ, ਹਰ ਪਾਸੇ ਲੱਚਰਤਾ, ਅਸ਼ਲੀਲਤਾ, ਕਾਮੁਕਤਾ ਭਰੇ ਸੀਨ ਧੀ-ਭੈਣਾਂ ਦੀ ਇੱਜ਼ਤ ਦਾ ਦੀਵਾਲਾ ਕੱਢਦੇ ਹੋਏ ਇਹਨਾਂ ਪਵਿੱਤਰ ਰਿਸ਼ਤਿਆਂ ਦੀ ਮਿੱਟੀ ਪਲੀਤ ਕਰ ਰਹੇ ਹਨ। ਅਧ-ਨੰਗੀਆਂ ਕੁੜੀਆਂ ਦੇ ਸਰੀਰਾਂ ਦੀ ਨੁਮਾਇਸ਼, ਸ਼ਿਸ਼ਟਾਚਾਰ ਅਤੇ ਨੈਤੀਕਤਾ ਦੀਆਂ ਸਾਰੀਆਂ ਹੱਦਾਂ ਟੱਪਦੇ ਹੋਏ ਹੀਰੋ-ਹੀਰੋਇਨਾਂ ਦੇ ਗੰਦੇ ਸੀਨ ਪੰਜਾਬੀ ਸੱਭਿਆਚਾਰ ਦਾ ਬੇੜਾ ਗਰਕ ਕਰ ਰਹੇ ਹਨ । ਅਜੋਕੇ ਗਾਇਕ ਬਿਨ੍ਹਾਂ ਕਿਸੇ ਸਖ਼ਤ ਰਿਆਜ਼ ਅਤੇ ਉਸਤਾਦ ਦੇ ਜਾਂ ਸਖਤ ਘਾਲਣਾ ਦੇ, ਆਪਣੇ ਪਿਉ ਦੀ ਜੱਦੀ-ਪੁਸ਼ਤੀ ਜ਼ਮੀਨ ਵੇਚ ਕੇ, ਕੰਨੀ ਨੱਤੀਆਂ ਗੱਲਾਂ ਵਿੱਚ ਸੰਗਲ ਪਾ ਕੇ, ਟੁੱਟੇ ਹੱਥਾਂ ਨਾਲ ਕੈਮਰੇ ਵੱਲ ਇਸ਼ਾਰੇ ਕਰ ਕੇ, ਟੁਕੜ ਬੋਚ ਗੀਤਕਾਰਾਂ ਕੋਲੋਂ ਬਗਾਨੀ ਧੀ-ਭੈਣ ਦੇ ਸੰਬੰਧ ਵਿੱਚ ਘਟੀਆ ਗੀਤ ਲਿਖਵਾ ਕੇ ਆਪਣੀ ਕੈਸਿਟ ਨੂੰ ਹਿੱਟ ਕਰਵਾਉਣ ਲਈ ਨੰਗੀਆਂ ਲੱਤਾਂ ਅਤੇ ਛਾਤੀਆਂ ਤੇ ਕੈਮਰੇ ਮਾਰ-ਮਾਰ ਕੇ ਸੱਭਿਆਚਾਰ ਦਾ ਗਲਾ ਘੁੱਟ ਰਹੇ ਹਨ। ਪਰ ਧੰਨ ਸਾਡੇ ਜਿਗਰੇ ਕਿ ਬੜੇ ਫ਼ਖਰ ਨਾਲ ਪਰਿਵਾਰ ਵਿੱਚ ਬੈਠ ਕੇ ਆਪਣਾ ਮਨੋਰੰਜਨ ਕੀਤਾ ਜਾ ਰਿਹਾ ਹੈ। ਕੋਈ ਪ੍ਰਤੀਕਰਮ ਜਾਂ ਵਿਰੋਧ ਜਬਰਦਸਤ ਰੂਪ ਵਿੱਚ ਕਿਸੇ ਪਾਸਿਉਂ ਵੀ ਸਾਹਮਣੇ ਨਹੀਂ ਆ ਰਿਹਾ।

ਹੁਣ ਪਿਛਲੇ ਲੰਮੇ ਸਮੇਂ ਤੋਂ ਇੱਕ ਹੋਰ ਨਵਾਂ ਡਰਾਮਾਂ ਸ਼ੁਰੂ ਹੋਇਆ ਪਿਆ ਹੈ ਜਿਸ ਵਿੱਚ ਵੱਖ-ਵੱਖ ਚੈਨਲਾਂ ਵਾਲਿਆਂ ਨੇ ਗਾਇਕ ਪੈਦਾ ਕਰਨ ਦਾ ਠੇਕਾ ਆਪਣੇ ਸਿਰ ਲੈ ਲਿਆ ਹੈ ਹੋਰ ਤਾਂ ਹੋਰ ਕੁਝ ਟੀ.ਵੀ. ਚੈਨਲਾਂ ਵਲੋਂ ਮਸ਼ਕਰੇ ਵੀ ਪੈਦਾ ਕੀਤੇ ਜਾ ਰਹੇ ਹਨ ਜਿਹਨਾਂ ਨੂੰ ਮਹਾਨ ਕਮੇਡੀਅਨ ਕਹਿੰਦੇ ਹਨ ਅਤੇ ਇਹ ਵੀ ਕਮੇਡੀ ਕਰਦੇ-2 ਆਪਣੀ ਔਕਾਤ ਨੂੰ ਭੁੱਲ ਅਸ਼ਲੀਲ ਚੁੱਟਕਲੇ, ਅਤੇ ਧਰਮਾਂ ਉਪਰ ਖ਼ਾਸਕਰ ਸਿੱਖ ਧਰਮ ਦੇ ਸਿਧਾਂਤਾਂ ਤੇ ਵੀ ਹਮਲੇ ਕਰਨ ਵਿੱਚ ਕਸਰ ਨਹੀਂ ਛੱਡਦੇ ਅਤੇ ਅੱਗੇ ਸਿੱਖੀ ਬਾਣੇ ਵਿੱਚ ਬੈਠੇ ਜੱਜ ਵੀ ਦੰਦੀਆਂ ਕੱਢਣ ਤੋਂ ਵੱਧ ਕੁਝ ਨਹੀਂ ਕਰਦੇ ਅਤੇ ਕੌਮ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ
ਕੁੱਲ ਸਿੱਟਾ ਇਹ ਨਿਕਲਦਾ ਹੈ ਕਿ ਅੱਜ ਜੋ ਕੁੱਝ ਵੀ ਮੀਡੀਏ ਦੇ ਰਾਹੀਂ ਸਮਾਜ ਨੂੰ ਵਿਖਾਇਆ ਜਾ ਰਿਹਾ ਹੈ, ਉਹ ਕੋਈ ਬਹੁੱਤਾ ਵਧੀਆ ਜਾ ਉਸਾਰੂ ਨਹੀਂ ਹੈ ਜਿਸ ਕਰਕੇ ਖਾਸਕਰ ਨੌਜਵਾਨ ਇਸ ਨੂੰ ਰਿਐਲਟੀ ਭਾਵ ਸੱਚਾਈ ਸਮਝ ਕੇ ਅਪਨਾ ਰਹੇ ਹਨ ਜੋ ਉਹਨਾਂ ਲਈ ਹੀ ਖ਼ਤਰਨਾਕ ਸਾਬਿਤ ਹੁੰਦਾ ਹੈ ਜਿਸ ਦਾ ਸਭ ਤੋਂ ਵੱਡਾ ਖਮਿਆਜ਼ਾ ਸਿੱਖ ਕੌਮ ਨੂੰ ਭੁਗਤਣਾ ਪੈ ਰਿਹਾ ਹੈ ਕਿਉਂਕਿ ਨੌਜਵਾਨ ਕੌਮ ਦਾ ਭਵਿੱਖ ਹੁੰਦੇ ਹਨ ਪਰ ਜੇਕਰ ਨੌਜਵਾਨ ਹੀ ਆਪਣੇ ਅਮੀਰ ਵਿਰਸੇ, ਸੱਭਿਆਚਾਰ, ਗੁਰੂਆਂ ਅਤੇ ਸਿੱਖਾਂ ਦੀ ਕੁਰਬਾਨੀਆਂ ਨੂੰ ਭੁਲਾ ਕੇ ਹੋਰਨਾਂ ਹੀ ਵਿਅਰਥ ਕਾਰਜਾਂ ਵਿੱਚ ਫਸ ਕੇ ਆਪਣਾ ਧਰਮ ਖਤਰੇ ਵਿੱਚ ਪਾ ਦੇਣਗੇ ਤਾਂ ਕੌਮ ਦਾ ਤਾਂ ਰੱਬ ਹੀ ਰਾਖਾ ਹੋਵੇਗਾ

No comments:

Post a Comment

All Suggestions welcome