ਪਿਛਲੇ ਸਮੇਂ ਦੌਰਾਨ ਪੰਜਾਬ ਵਿੱਚੋਂ ਇਹ ਗੱਲ ਉੱਭਰਕੇ ਸਾਹਮਣੇ ਆਈ ਹੈ ਕਿ ਪੰਜਾਬ ਦੀ ਜਵਾਨੀ ਹੱਡੀਆਂ ਦੀ ਮੁੱਠ ਬਣਕੇ ਰਹਿ ਗਈ ਹੈ। ਪੰਜਾਬ ਦੇ ਗਜ਼ ਗਜ਼ ਚੌੜੀਆਂ ਹਿੱਕਾਂ ਵਾਲੇ ਜਵਾਨ ਅਤੇ ਪੰਜਾਬ ਵਰਗੇ ਦਰਸ਼ਨੀ ਜਵਾਨ ਹਿੰਦੁਸਤਾਨ ਦੇ ਹੋਰ ਕਿਸੇ ਕੋਨੇ ਚੋਂ ਨਹੀਂ ਸਨ ਲੱਭਦੇ। ਪੰਜਾਬ ਦੇ ਗੱਭਰੂਆਂ ਦੀ ਬਹਾਦਰੀ ਅਤੇ ਸੁਹੱਪਣ ਦਾ ਮੁਕਾਮ ਸੀ, ਇੱਕ ਸਮਾਂ ਸੀ ਜਦੋਂ ਸਾਡੇ ਨੌਜਵਾਨ ਆਪਣੇ ਤੰਦਰੁਸਤ ਜੁੱਸਿਆਂ ਕਾਰਨ ਜਾਣੇ ਜਾਂਦੇ ਸਨ ਪ੍ਰੰਤੂ ਅੱਜ ਨਸ਼ਿਆਂ ਵਰਗੀ ਲਾਹਣਤ ਵਿੱਚ ਫਸ ਕੇ ਜਿਥੇ ਉਹਨਾਂ ਆਪਣੀ ਤੰਦਰੁਸਤੀ ਨੂੰ ਗੁਆ ਲਿਆ ਹੈ ਉਥੇ ਹੀ ਮਾਨਸਿਕ ’ਤੇ ਸਰੀਰਕ ਤੌਰ ’ਤੇ ਵੀ ਕਮਜ਼ੋਰ ਹੋ ਕੇ ਰਹਿ ਗਏ ਹਨ।’’
ਪੰਜਾਬ ਵਿਚ ਅੱਜ ਪਾਣੀ ਦੀਆਂ ਨਦੀਆਂ ਸੁੱਕ ਰਹੀਆਂ ਹਨ ਅਤੇ ਨਸ਼ਿਆਂ ਦੇ ਦਰਿਆ ਜੋਬਨ ਤੇ ਵਹਿ ਰਹੇ ਹਨ,ਜਿਨ੍ਹਾ ਵਿਚ ਪੰਜਾਬ ਦੀ ਜਵਾਨੀ ਡੁੱਬ ਕੇ ਗੋਤੇ ਖਾਈ ਜਾ ਰਹੀ ਹੈ। ਪੰਜਾਬ ਵਿਚ ਸਭ ਤੋਂ ਵਧੇਰੇ ਨਸ਼ਾ ਸ਼ਰਾਬ ਦਾ ਹੈ ਅਤੇ ਇਸ ਨਸ਼ੇ ਨੂੰ ਪੰਜਾਬੀਆਂ ਵੱਲੋਂ ਪੂਰੀ ਮਾਨਤਾ ਮਿਲੀ ਹੋਈ ਹੈ। ਜਦੋਂ ਕਿ ਸ਼ਰਾਬ ਮਨੁੱਖ ਨੂੰ ਸਿਹਤ ਪੱਖੋਂ ਵੱਡਾ ਨੁਕਸਾਨ ਪਹੁੰਚਾਉਂਦੀ ਹੈ। ਇਸਤੋਂ ਇਲਾਵਾ ਹੋਰ ਵੀ ਅਣਗਿਣਤ ਨਸ਼ੇ ਹਨ,ਜੋ ਮਾਪਿਆਂ ਦੀ ਨਜ਼ਰ ਤੋਂ ਉਹਲੇ ਵਰਤੇ ਜਾ ਰਹੇ ਹਨ ।ਪਹਿਲਾਂ ਪਹਿਲ ਤਾਂ ਪਿੰਡਾਂ ਵਿੱਚ ਸ਼ਰਾਬ ਆਦਿ ਬਾਰੇ ਹੀ ਲੋਕਾਂ ਨੂੰ ਪਤਾ ਹੁੰਦਾ ਸੀ ਅਤੇ ਹਰ ਪਿੰਡ ਵਿੱਚ ਸਿਰਫ ਗਿਣਤੀ ਦੇ ਦੋ-ਚਾਰ ਕੁ ਹੀ ਅਮਲੀ ਹੁੰਦੇ ਸਨ ਜੋ ਕਿ ਆਪਣੇ ਨਸ਼ੇ ਨੂੰ ਪੂਰਾ ਕਰਨ ਲਈ ਡੋਡੇ ਤੇ ਅਫ਼ੀਮ ਆਦਿ ਦੀ ਵਰਤੋਂ ਕਰਦੇ ਸਨ। ਪਰ ਹੁਣ ਜਿਵੇਂ ਪਿੰਡਾਂ ਵਿੱਚ ਨਸ਼ਿਆਂ ਦੀ ਵਰਤੋਂ ਹੋ ਰਹੀ ਹੈ ਤਾਂ ਉਹ ਦਿਨ ਦੂਰ ਨਹੀਂ ਜਦੋਂ ਲੱਗਭੱਗ ਹਰ ਘਰ ਵਿੱਚ ਇੱਕ ਅਮਲੀ ਹੋਵੇਗਾ। ਇਹ ਨੌਜਵਾਨ ਸ਼ਰਾਬ ਨੂੰ ਤਾਂ ਕੁੱਝ ਸਮਝਦੇ ਹੀ ਨਹੀਂ ਹਨ। ਹੁਣ ਤਾਂ ਨੌਜਵਾਨ ਅਫ਼ੀਮ ਡੋਡਿਆਂ ਤੋਂ ਇਲਾਵਾ ਸਮੈਕ, ਚਰਸ, ਗਾਂਜਾ ਆਦਿ ਮਹਿੰਗੇ ਨਸ਼ੇ ਕਰਨ ਨੂੰ ਆਪਣੀ ਟੌਹਰ ਸਮਝਦੇ ਹਨ।
ਪ੍ਰਾਪਤ ਅੰਕੜਿਆਂ ਮੁਤਾਬਕ ਮਾਲਵੇ ਚ 65 ਫੀ ਸਦੀ,ਦੁਆਬੇ ਚ 68 ਫੀ ਸਦੀ ਅਤੇ ਮਾਝੇ ਚ 61 ਫੀ ਸਦੀ ਲੋਕ ਨਸ਼ਿਆਂ ਦੀ ਵਰਤੋਂ ਕਰਦੇ ਹਨ। ਦੂਸਰਾ ਸਿਤਮਜ਼ਰੀਫੀ ਵਾਲੀ ਗੱਲ ਇਹ ਵੀ ਹੈ ਕਿ ਖੁੱਲ੍ਹੀਆਂ ਖੁਰਾਕਾਂ ਖਾਣ ਵਾਲੇ ਪੰਜਾਬੀਆਂ ਵਿਚੋਂ ਅੱਜ ਤੰਗੀਆਂ ਤੁਰਸ਼ੀਆਂ ਦੇ ਮਾਰੇ ਬਹੁਤੇ ਮਾਪੇ ਆਪਣੇ ਬੱਚਿਆਂ ਦੇ ਮੂੰਹ ਚੋਂ ਦੁੱਧ ,ਘਿਉ ਖੋਹਕੇ ਆਪਣੀ ਕਬੀਲਦਾਰੀ ਦਾ ਡੰਗ ਟਪਾਉਣ ਲਈ ਇਸਨੂੰ ਮੁੱਲ ਵੇਚਕੇ ਆਪਣਾ ਜੂਨ ਗੁਜ਼ਾਰਾ ਕਰਦੇ ਹਨ ਅਤੇ ਕਈ ਆਪਣੇ ਬੱਚਿਆਂ ਲਈ ਲੋੜੀਂਦੀਆਂ ਖੁਰਾਕੀ ਵਸਤਾਂ ਮੁੱਲ ਖਰੀਦਕੇ ਦੇਣ ਤੋਂ ਅਸਮਰਥ ਹਨ,ਫਿਰ ਚੌੜੀਆਂ ਹਿੱਕਾਂ ਵਾਲੇ ਛੇ ਛੇ ਫੁੱਟੇ ਜਵਾਨ ਕਿੱਥੋਂ ਮਿਲਣ ਵਾਲੇ ਹਨ। ਹਰੇ ਇਨਕਲਾਬ ਦੀ ਤੁਲਨਾ ਵਿਚ ਖੇਤੀਬਾੜੀ ਤੋਂ ਹੁੰਦੇ ਮੁਨਾਫ਼ੇ ਦੇ ਵਾਧੇ ’ਚ ਆਈ ਭਾਰੀ ਗਿਰਾਵਟ ਅਤੇ ਸਰਕਾਰਾਂ ਵੱਲੋਂ ਰੋਜ਼ਗਾਰ ਦੇ ਮਾਮਲੇ ’ਚ ਹੱਥ ਖੜ੍ਹੇ ਕਰ ਦੇਣ ਨਾਲ ਪਿੰਡਾਂ ਦਾ ਨੌਜਵਾਨ ਵਰਗ ਦੁਬਿਧਾ ਅਤੇ ਪ੍ਰੇਸ਼ਾਨੀ ਨਾਲ ਘਿਰਿਆ ਪਿਆ ਹੈ। ਅੱਤਵਾਦ ਦੌਰਾਨ ਹੋਏ ਨੁਕਸਾਨ ਤੋਂ ਬਾਅਦ ਗੋਡਿਆਂ ਭਾਰ ਉਠ ਰਹੇ ਮਾਝੇ ਦੇ ਪੇਂਡੂ ਗੱਭਰੂਆਂ ਨੂੰ ਹੁਣ ਪ੍ਰਵਾਸ ਦਾ ਔਖਾ ਰਸਤਾ ਇਕੋ ਇਕ ਹੱਲ ਦਿਖਾਈ ਦੇ ਰਿਹਾ ਹੈ। ਸੁੰਗੜ ਰਹੀਆਂ ਜ਼ਮੀਨਾਂ ਵੱਲੋਂ ਵੀ ਆਸ ਦੀ ਕੋਈ ਕਿਰਨ ਨਾ ਆਉਂਦੀ ਵੇਖ ਕੇ ‘ਹਤਾਸ਼’ ਜਵਾਨੀ ਨਸ਼ਿਆਂ ਦੀ ਮੰਡੀ ਦਾ ਰੂਪ ਬਣ ਰਹੀ ਹੈ।
ਪੰਜਾਬ ਦੀ ਸਰੀਰਕ ਤੰਦਰੁਸਤੀ ਨੇ ਪੂਰੀ ਦੁਨੀਆ ਵਿੱਚ ਆਪਣਾ ਲੋਹਾ ਮਨਵਾਇਆ ਹੈ। ਪੰਜਾਬੀਆਂ ਦੀ ਹਰ ਖੇਡ ਵਿੱਚ ਵੱਡੀ ਧਾਕ ਰਹੀ ਹੈ। ਇਕੱਲੀਆਂ ਖੇਡਾਂ ਹੀ ਨਹੀਂ ਪੰਜਾਬੀਆਂ ਨੇ ਹਰ ਜ਼ੁਲਮ ਦਾ ਟਾਕਰਾ ਕੀਤਾ, ਹਰ ਦੁਸ਼ਮਣ ਤੇ ਮੈਦਾਨ ਜੰਗ ਵਿੱਚ ਫਤਿਹ ਹਾਸਲ ਕੀਤੀ, ਦੇਸ਼ ਦੀ ਆਜ਼ਾਦੀ ਲਈ 90 ਪ੍ਰਤੀਸ਼ਤ ਕੁਰਬਾਨੀਆਂ ਕੀਤੀਆਂ। ਪੰਜਾਬੀ ਉਸ ਕੌਮ ਦੇ ਉਸ ਗੁਰੂ ਦੇ ਵਾਰਿਸ ਹਨ ਜਿਨ੍ਹਾਂ ਨੂੰ ਈਨ ਮੰਨਣ ਨਹੀਂ ਆਉਂਦੀ। ਇਹ ਪੰਜਾਬੀਆਂ ਦੀ ਤੰਦਰੁਸਤੀ ਅਤੇ ਦਲੇਰੀ ਹੀ ਹੈ ਕਿ ਉਹ ਹਰ ਮੈਦਾਨ ਫਤਿਹ ਲਈ ਜੂਝਦੇ ਹਨ। ਨੌਜਵਾਨਾਂ ਨੂੰ ਬਿਨਾਂ ਮੰਗੇ ਇਹੀ ਸਲਾਹ ਹੈ ਕਿ ਤੁਸੀਂ ਉਸ ਕੌਮ ਦੇ ਵਾਰਸ ਹੋ ਜਿਸਦੇ ਗੁਰੂ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤੁਹਾਡੀ ਕੌਮ ਦੀ ਜ਼ਮੀਰ ਨੂੰ ਕਾਇਮ ਰੱਖਣ ਲਈ ਆਪਣੇ ਪੁੱਤਰ ਤੇ ਆਪਣੇ ਪਿਉ ਦਾਦੇ ਵਾਰ ਦਿੱਤੇ। ਅਜਿਹੀ ਕੁਰਬਾਨੀ ਦੁਨੀਆ ਵਿੱਚ ਨਾ ਕਿਸੇ ਨੇ ਕੀਤੀ ਹੈ ਨਾ ਹੀ ਭਵਿੱਖ ਵਿੱਚ ਹੋਵੇਗੀ। ਉਹ ਭਟਕੇ ਹੋਏ ਪੰਜਾਬ ਦੇ ਸੂਰਬੀਰ, ਨੌਜਵਾਨੋ ਤੁਸੀਂ ਨਸ਼ਿਆਂ ਦੇ ਵੱਸ ਪੈ ਗਏ ਹੋ ਪਰ ਤੁਹਾਨੂੰ ਪਤਾ ਕਿ ਭਲਕੇ ਤੁਸੀਂ ਹੀ ਇਸ ਦੇਸ਼ ਦੀ ਵਾਗ-ਡੋਰ ਸੰਭਾਲਣੀ ਹੈ। ਤੁਹਾਡੇ ਵਿਚੋਂ ਹੀ ਮਿਲਖਾ ਸਿੰਘ, ਬਲਬੀਰ ਸਿੰਘ, ਸੁਰਜੀਤ, ਗਗਨਅਜੀਤ, ਅਜੀਤਪਾਲ ਫੁੱਟਬਾਲਰ, ਜਰਨੈਲ ਸਿੰਘ, ਸ਼ਹੀਦ ਭਗਤ ਸਿੰਘ, ਊਧਮ ਸਿੰਘ ਕਲਪਨਾ ਚਾਵਲਾ ਵਰਗੇ ਪੈਦਾ ਹੋਣੇ ਹਨ ਪਰ ਜੇਕਰ ਤੁਸੀਂ ਨਸ਼ਿਆਂ ਵਿੱਚ ਨਿਘਰ ਕੇ ਆਪਣੇ ਆਪ ਨੂੰ ਹੀ ਸੰਭਾਲਣ ਜੋਗੇ ਨਾ ਰਹੇ ਤਾਂ ਫੇਰ ਇਹ ਵਤਨ ਪੰਜਾਬ ਦੀ ਵਾਗ-ਡੋਰ ਕੋਣ ਸੰਭਾਲੇਗਾ।
ਇਹ ਫੈਸਲਾ ਤੁਹਾਡੇ ਹੱਥ ਵਿੱਚ ਹੈ ਕਿ ਤੁਸੀਂ ਆਪਣੇ ਸੋਹਣੇ ਵਤਨ ਪੰਜਾਬ ਨੂੰ ਜੋਸ਼ੀਲਾ ਪੰਜਾਬ ਬਣਾਉਣਾ ਹੈ ਜਾਂ ਨਸ਼ੀਲਾ ਪੰਜਾਬ।
ਪਿੰਡਾਂ ਤੇ ਸ਼ਹਿਰਾਂ ਦੇ ਲੋਕਾਂ 'ਚ ਬੜਾ ਫਰਕ ਹੈ - ਇਕ ਲੇਖ
ReplyDelete- ਸ਼ਹਿਰਾਂ ਵਾਲੇ ਮੁੰਡੇ ਜਦੋਂ ਮਿਲਦੇ ਹਨ ਤਾਂ ਉਹ ਪੜ੍ਹਾਈ, ਬਿਜ਼ਨੈੱਸ ਦੀਆਂ ਗੱਲਾਂ ਕਰਦੇ ਹਨ ਪਰ ਸਾਡੇ ਪਿੰਡਾਂ ਵਾਲੇ ਕਹਿੰਦੇ ਹਨ ''ਬਾਈ 10 ਕਿਲੋ ਗੁੜ ਪਾਇਆ ਸੀ ਤੇ 12 ਬੋਤਲਾਂ ਦਾਰੂ ਸ਼ੀਸ਼ੇ ਵਰਗੀ ਨਿਕਲੀ ਹੈ ਮਜ਼ਾ ਆ ਗਿਆ।''