Wednesday, July 21, 2010

ਪੰਜਾਬੀ ਪਹਿਰਾਵੇ

ਬੜਾ ਹੀ ਚਾਅ ਸੀ ਮੈਨੂੰ ਚੰਡੀਗੜ ਰਹਿਣ ਦਾ , ਰੱਬ ਨੇ ਇਹ ਆਸ ਵੀ ਮੇਰੀ ਪੂਰੀ ਕਰ ਦਿੱਤੀ . , ਮੈਂ ਮਨ ਹੀ ਮਨ ਬੜਾ ਖੁਸ਼ ਹੋਇਆ
ਇੱਥੇ ਆ ਕੇ ਮੈਂ ਵੇਖਿਆ ਕਿ ਹਰ ਪਾਸੇ ਮੇਲੇ ਵਰਗਾ ਮਹੌਲ ਲੱਗ ਰਿਹਾ ਸੀ .
. ਦੁੱਖ ਲੱਗਾ ਜਦੋਂ ਦੇਖਿਆ ਕਿ ਉਹ ਸ਼ਾਨਾਮੱਤਾ ਪੰਜਾਬੀ ਪਹਿਰਾਵਾ ( ਸੂਟ - ਸਲਵਾਰ ਅਤੇ ਸਿਰ ' ਤੇ ਚੁੰਨੀ ) ਜਿਸ ਦੀ ਸਾਰੀ ਦੁਨੀਆਂ ' ਤੇ ਅਲੱਗ ਹੀ ਪਹਿਚਾਣ ਹੈ ਉਸ ਨੂੰ ਛੱਡ ਕੇ ਪੰਜਾਬਣਾਂ ' ਪੀਪਨੀ ' ਵਰਗੀਆਂ ਤੰਗ ਜੀਨ ਦੀਆਂ ਪੈਂਟਾਂ ਤੇ ਛੋਟੀਆਂ - ਛੋਟੀਆਂ ਤੰਗ ਟੀ - ਸ਼ਰਟਾਂ ਪਾ ਕੇ ਆਂਪਣੇ ਆਪ ਨੂੰ ਅਗਾਂਹਵਧੂ ਹੋਣ ਦਾ ਸਬੂਤ ਦੇ ਰਹੀਆਂ ਸੀ .
ਮੇਰੀਆਂ ਇਹ ਅਗਾਂਹਵਧੂ ਭੈਣਾਂ ਜਿਸ ਤਰਾਂ ਦੇ ਕੱਪੜੇ ਪਾਉਦੀਆਂ ਹਨ , ਕੋਈ ਸਮਾਂ ਸੀ ਕਿ ਇੱਕ ਪੰਜਾਬਣ ਮੁਟਿਆਰ ਦੀ ਚੁੰਨੀ ਦਾ ਵਜ਼ਨ ਵੀ ਇਨ੍ਹਾਂ ਦੇ ਸਾਰੇ ਪਹਿਨੇ ਹੋਏ ਕੱਪੜਿਆਂ ਦੇ ਵਜ਼ਨ ਤੋਂ ਜਿਆਦਾ ਹੁੰਦਾ ਹੋਵੇਗਾ .
ਕੁਝ ਕੁ ਮੇਰੀਆਂ ਭੈਣਾਂ ਨੂੰ ਜਦੋਂ ਮੈਂ ਪੁੱਛਿਆ ਕਿ ਭੈਣ ਜੀ ਸਾਡੇ ਪੰਜਾਬੀ ਪਹਿਰਾਵੇ ਵਿੱਚ ਕੀ ਖੋਟ ਸੀ , ਜੋ ਤੁਸੀਂ ਇਹ ਪਹਿਰਾਵਾ ਅਪਣਾ ਲਿਆ ? ਤਾਂ ਅੱਗੋਂ ਉਨ੍ਹਾਂ ਜੁਆਬ ਦਿੱਤਾ ਕਿ " ਵੀਰ ਜੀ ਹੁਣ ਕੋਈ ਲੈਕਚਰ ਨਾ ਲਾਉਣ ਲੱਗ ਜਾਇਓ , ਪਹਿਲਾਂ ਮਾਂ - ਬਾਪ ਕੱਪੜਿਆਂ ਪਿੱਛੇ ਟੋਕਦੇ ਰਹਿੰਦੇ ਸੀ , ਤੇ ਹੁਣ ਤੁਸੀਂ ਆ ਗਏ ਓਂ ਪਤਾ ਨੀ ਕਿਧਰੋਂ .ਚਲੋ ਖੈਰ ...... ਸਾਨੂੰ ਅਜਾਦੀ ਮਿਲੀ ਏ ਆਪਣੀ ਮਨ ਪਸੰਦ ਦੀ ਜ਼ਿੰਦਗੀ ਜਿਉਣ ਦੀ .
ਫਿਰ ਮੈਂ ਮੇਰੀਆਂ ਪੰਜਾਬਣ ਭੈਣਾਂ ਨੂੰ ਇਹ ਸਵਾਲ ਪੁੱਛਦਾ ਹਾਂ ਕਿ ਇਹ ਪਹਿਰਾਵਾ ਕਿਸ ਨੂੰ ਵਿਖਾਉਣ ਲਈ ਪਹਿਨਦੀਆਂ ਹਨ ? ਸਿਰਫ ਆਪਣੇ ਹੀ ਪੰਜਾਬੀ ਭੈਣ , ਭਰਾਵਾਂ ਨੂੰ ਵਿਖਾਉਣ ਲਈ ? ਉਹ ਪਹਿਰਾਵਾ ਜਿਸ ਨੂੰ ਪਹਿਨ ਕੇ ਅਸੀਂ ਅਪਣੇ ਭਰਾ ਜਾਂ ਬਾਪ ਅੱਗੇ ਨਾ ਜਾ ਸਕੀਏ , ਉਹ ਪਹਿਰਾਵਾ ਜਿਸ ਨੂੰ ਪਹਿਨ ਕੇ ਅਸੀਂ ਕਿਸੇ ਧਾਰਮਿਕ ਸਥਾਨ , ਗੁਰੂਦਵਾਰੇ ਜਾਂ ਮੰਦਿਰ ਵਿੱਚ ਚੰਗੀ ਤਰਾਂ ਮੱਥਾ ਵੀ ਨਾ ਟੇਕ ਸਕੀਏ . ਪਹਿਲਾਂ ਜਦੋਂ ਮੇਰੀਆਂ ਪੰਜਾਬਣ ਮਾਵਾਂ , ਭੈਣਾਂ ਕਦੀ ਕਿਸੇ ਧਾਰਮਿਕ ਸਥਾਨ ਤੇ ਮੱਥਾ ਟੇਕਣ ਜਾਂਦੀਆਂ ਸਨ , ਤਾਂ ਪੰਜਾਬੀ ਪਹਿਰਾਵੇ ਵਿੱਚ ਸਿਰ ਦੇ ਉੱਤੇ ਚੁੰਨੀ ਲੈਕੇ ਅਤੇ ਦੋਵੇਂ ਹੱਥ ਜੋੜ ਕੇ ਕਿਸੇ ਦੇਵੀ ਦਾ ਰੂਪ ਲਗਦੀਆਂ ਸੀ ਤੇ ਜੋ ਵੀ ਅਰਦਾਸ ਰੱਬ ਅੱਗੇ ਕਰਦੀਆਂ ਸਨ , ਉਹ ਰੱਬ ਵੀ ਨਹੀਂ ਸੀ ਮੋੜਦਾ . ਪਰ ਅੱਜ ਕੱਲ ਆਹ ਪੈਂਟਧਾਰੀ , ਅਗਾਂਹਵਧੂ ਮੇਰੀਆਂ ਪੰਜਾਬਣ ਭੈਣਾਂ ਜਿਸ ਤਰਾਂ ਦੇ ਪਹਿਰਾਵਾ ( ਜੀਨਜ਼ ਦੀਆਂ ਪੈਂਟਾਂ ਅਤੇ ਸ਼ੋਰਟ ਟੀ ਸ਼ਰਟਾਂ ) ਪਾ ਕੇ ' ਤੇ ਇੱਕ ਛੋਟੀ ਜਿਹੀ ' ਰੁਮਾਲੀ " ਨਾਲ ਸਿਰ ਢੱਕ ਕੇ , ਜਦੋਂ ਮੱਥਾ ਟੇਕਣ ਜਾਂਦੀਆਂ ਹਨ ਤਾਂ ਉਨਾਂ ਦਾ ਇਕ ਹੱਥ ਤਾਂ ਪਿੱਛੇ ਪੈਂਟ ' ਤੇ ਟੀ - ਸ਼ਰਟ ਉੱਤੇ ਹੁੰਦੈ ਕਿ ਕਿਤੇ ਦੋਵੇਂ ( ਪੈਂਟ ਤੇ ਟੀ - ਸ਼ਰਟ ) ਇੱਕ ਦੂਜੇ ਦਾ ਸਾਥ ਈ ਨਾ ਛੱਡ ਜਾਣ ਤੇ ਦੂਜਾ ਹੱਥ ਸਿਰ ' ਤੇ ਹੁੰਦੈ ਕਿ ਕਿਤੇ ਰੁਮਾਲ ਨਾ ਥੱਲੇ ਗਿਰ ਜਾਵੇ ਨਾਲ ਹੀ ਥੋੜਾ ਜਿਹਾ ਸਿਰ ਝੁਕਾ ਕੇ ਮੱਥਾ ਟੇਕ ਦਿੰਦੀਆਂ ਹਨ ਇਹ ਪਹਿਰਾਵਾ ਵੇਖ ਕੇ ਸ਼ਾਇਦ ਰੱਬ ਵੀ ਸ਼ਰਮਸਾਰ ਹੋ ਜਾਂਦਾ ਹੋਵੇ . ਮੇਰੇ ਪੰਜਾਬੀ ਵੀਰੋ ਤੇ ਭੈਣੋਂ , ਮੈਂਨੂੰ ਇੱਕ ਗੱਲ ਸਮਝ ਨੀ ਆਉਂਦੀ ਕਿ ਜਹਾਜ਼ ਚੜ੍ਹਦਿਆਂ ਹੀ ਸਾਡਾ ਪਹਿਰਾਵਾ ਸਾਡੇ ਲਈ ਸ਼ਰਾਪ ਕਿਉਂ ਲੱਗਣ ਲੱਗ ਜਾਂਦਾ ਹੈ ? ਪੰਜਾਬੀ ਪਹਿਰਾਵੇ ਦੀ ਸ਼ਾਨ ਦੀ ਗੱਲ ਕਰੀਏ ਤਾਂ , ਜਿੱਥੇ " ਸਲਵਾਰ - ਕਮੀਜ਼ " ਕਿਸੇ ਔਰਤ ਦੇ ਤਨ ਨੂੰ ਲਹਿਜੇ ਨਾਲ ਭਰਪੂਰ ਢਕਾਅ ਦੇ ਕੇ ਉਸਦੀ ਸੁੰਦਰਤਾ ਨੂੰ ਚਾਰ ਚੰਨ੍ਹ ਲਾਉਂਦੀ ਹੈ , ਓਥੇ " ਇੱਜਤ - ਅਣਖ ਦੀ ਪ੍ਰਤੀਕ ਚੁੰਨੀ " ਵੀ ਸਾਡੇ ਪੰਜਾਬੀਆਂ ਲਈ ਇੱਕ ਇੱਜਤ - ਅਣਖ ਦੇ ਸਵਾਲ ਵਾਂਗ ਹੈ .
ਜਿਕਰ ਯੋਗ ਹੈ ਕਿ ਪੁਰਾਣੇ ਸਮਿਆਂ ਵਿੱਚ ਜੇ ਕਿਸੇ ਵੈਲੀ ਨੇ ਕਿਸੇ ਨੂੰ ਲਲਕਾਰਨਾ ਹੁੰਦਾ ਸੀ ਤਾਂ ਉਹ ਉਸ ਦੀ ਭੈਣ ਜਾਂ ਪਤਨੀ ਨੂੰ ਬੇਸ਼ੱਕ ਕੁੱਝ ਨਾਂ ਆਖਦਾ , ਪਰ ਉਸ ਕੁੜੀ ਦੀ ਚੁੰਨੀ ਖੋਹ ਕੇ ਆਪਣੇ ਨਾਲ ਲੈ ਜਾਂਦਾ ਸੀ ਤਾਂ ਜੋ ਉਸਦੇ ਭਰਾ ਜਾਂ ਪਤੀ ਨੂੰ ਲਲਕਾਰਿਆ ਜਾ ਸਕੇ ਕਿ " ਜੇ ਵੱਡਾ ਅਣਖੀ ਏਂ ਤਾਂ ਆਹ ਚੁੰਨੀ ਲੈ ਜਾਵੀਂ ਮੁੜਵਾ ਕੇ .
ਚੁੰਨੀ ਦੀ ਇੱਜਤ ਬਰਕਰਾਰ ਰੱਖਣ ਲਈ ਅਣਖੀ ਲੋਕ ਆਪਣੀ ਜਾਨ ਦੀ ਬਾਜੀ ਲਾ ਕੇ ਚੁੰਨੀ ਮੁੜਵਾ ਲਿਆਉਂਦੇ ਸੀਅਤੇ ਆਪਣੇ ਅਣਖੀ ਹੋਣ ਦਾ ਸਬੂਤ ਦਿੰਦੇ ਸੀ ਤਾਂ ਜੋ ਹਿੱਕ ਤਾਂਣ ਕੇ ਜੱਗ ਉੱਤੇ ਜੀਅ ਸਕਣ . ਪਰ ਅੱਜ ਕੱਲ ਅਣਖ ਤਾਂ ਦੂਰ ਦੀ ਗੱਲ , ਨੱਕ ਡੁਬੋ ਕੇ ਮਰਨ ਲਈ ਪਾਣੀ ਦੀ ਚੱਪਣੀ ਵੀ ਨਹੀਂ ਮਿਲ ਰਹੀ .
ਜਿੱਥੇ ਮੇਰੇ ਪੰਜਾਬੀ ਵੀਰ ਵਿਦੇਸ਼ੀ ਪਹਿਰਾਵਿਆਂ ' ਚ ਰੰਗ ਗਏ ਹਨ , ਓਥੇ ਹੀ ਸਾਡੀਆਂ ਭੈਣਾਂ ਨੇ ਚੁੰਨੀ ਨੂੰ ਬੇ - ਦਾਅਵਾ ਦੇ ਕੇ ਪਤਾ ਨਹੀਂ ਕਿਹੜੇ ਪਾਸਿਓਂ ਅਗਾਂਹਵਧੂ ਹੋਣ ਦਾ ਭਰਮ ਪਾਲ ਲਿਆ ਹੈ ?
ਰ ਅੱਜ ਵੀ ਤੁਹਾਨੂੰ ਇਸ ਤਰ੍ਹਾਂ ਦੇ ਲੋਕ ਟਾਂਵੇ - ਟਾਂਵੇ ਮਿਲ ਸਕਦੇ ਹਨ ਜੋ ਅਣਖ ਤੇ ਇੱਜਤ ਦਾ ਮਤਲਬ ਚੰਗੀ ਤਰ੍ਹਾਂ ਜਾਣਦੇ ਹਨ . ਪਰ ਸਾਡੇ ਮਾਡਰਨ ਤੇ ਅਗਾਂਹਵਧੂ ਨੌਜਵਾਨ ਭੈਣ - ਭਰਾ ਉਨ੍ਹਾਂ ਨੂੰ " ਬੈਕਵਰਡ ' ਸ਼ਬਦ ਜਿਹੇ ਵਿਸ਼ੇਸ਼ਣਾਂ ਨਾਲ ਸੰਬੋਧਨ ਕਰਦੇ ਹਨ . ਅਗਾਂਹਵਧੂ ਹੋਣਾ ਕੋਈ ਮਾੜੀ ਗੱਲ ਨਹੀਂ ਹੈ , ਪਰ ਇਸ ਦੀ ਆੜ ਵਿੱਚ ਆਪਣੇ ਹੀ ਕਲਚਰ ਨੂੰ ਅਤੇ ਅਨਮੋਲ ਵਿਰਸੇ ਦਾ ਘਾਣ ਕਰਨਾ ਜਾਂ ਉਸ ਨੂੰ ਭੁੱਲਣਾ ਮਾੜੀ ਗੱਲ ਹੈ .
ਚੁੰਨੀ " ਭਾਵੇਂ ਪਿਆਜ਼ ਦੇ ਛਿਲਕੇ ਤੋਂ ਵੀ ਪਤਲੀ ਤੇ ਪਾਰਦਰਸ਼ੀ ਹੈ , ਪਰ ਇਹ ਇੱਕ ਔਰਤ ਦਾ ਓਹ ਗਹਿਣਾ ਹੈ ਜੋ ਉਸਦੇ ਤਨ ਨੂੰ ਸਿਰਫ ਢਕਦੀ ਹੀ ਨਹੀਂ ਸਗੋਂ ਉਸ ਦੇ ਮਾਨ ਸਨਮਾਨ ਨੂੰ ਵੀ ਚਾਰ ਚੰਨ ਲਾਉਂਦੀ ਹੈ .
ਕੋਈ ਸਮਾਂ ਸੀ ਜਦੋਂ ਔਰਤ ਆਪਣੇ ਸਹੁਰੇ , ਜੇਠ ਤੋਂ ਅਤੇ ਸਹੁਰੇ ਪਿੰਡ ਦੇ ਬਜ਼ੁਰਗਾਂ ਤੋਂ ਆਪਣੀ ਚੁੰਨੀ ਨਾਲ ਘੁੰਡ ਕੱਢ ਕੇ ਰੱਖਦੀ ਸੀ , ਉਹ ਇਸ ਕਰਕੇ ਨਹੀਂ ਕਿ ਉਹ ਔਰਤ ਬਦਸੂਰਤ ਸੀ . ਸਿਰਫ ਇਸ ਲਈ ਕਿ ਉਹ ਆਪਣੇ ਬਜ਼ੁਰਗਾਂ ਦਾ ਸਤਿਕਾਰ ਕਰਨਾ ਜਾਣਦੀ ਸੀ . ਜਿੱਥੇ ਅੱਜ ਕੱਲ ਮੇਰੀਆਂ ਅਗਾਂਹਵਧੂ ਭੈਣਾਂ ਨੂੰ ਇਸ ਰਿਵਾਜ਼ ਨੂੰ ਹੌਲੀ ਹੌਲੀ ਖਤਮ ਕਰ ਦਿੱਤਾ . ਹੁਣ ਵੀ ਤੁਹਾਨੂੰ ਕੁੱਝ ਮੇਰੀਆਂ ਪੰਜਾਬਣ ਭੈਣਾਂ ਤੇ ਮਾਵਾਂ ਅਜਿਹੀਆਂ ਵੀ ਮਿਲਣਗੀਆਂ ਜੋ ਆਪਣੇ ਰੀਤ - ਰਿਵਾਜ਼ਾਂ ਅਤੇ ਆਪਣੇ ਸੱਭਿਆਚਾਰ ਨੂੰ ਦਿਲ ਵਿੱਚ ਸਮੋਈ ਬੈਠੀਆਂ ਹਨ .
ਅੱਜ ਵੀ ਉਹ ਤੁਹਾਨੂੰ ਪੰਜਾਬੀ ਪਹਿਰਾਵੇ ' ਚ ਅਤੇ ਸਿਰ ਚੁੰਨੀ ਨਾਲ ਢੱਕ ਕੇ ਸਤਿਕਾਰ ਨਾਲ ਕਿਸੇ ਦੇਵੀ ਦੇ ਰੂਪ ਵਿੱਚ ਮਿਲਣਗੀਆਂ . ਕੋਈ ਸਮਾਂ ਸੀ ਜਦੋਂ ਪੰਜਾਬਣ ਮੁਟਿਆਰਾਂ ਆਪਣੇ ਹੱਥੀਂ ਫੁਲਕਾਰੀ ਕੱਢਦੀਆਂ ਸਨ ਅਤੇ ਚੁੰਨੀਆਂ ਨੂੰ ਸੋਹਣੇ ਸੋਹਣੇ ਰੰਗਾਂ ਨਾਲ ਲਲਾਰੀ ਤੋਂ ਰੰਗਵਾਉਦੀਆਂ ਸਨ , ਪਰ ਅੱਜ ਕੱਲ ਜੇ ਤੁਸੀਂ ਕਿਸੇ ਅਗਾਂਹਵਧੂ ਕੁੜੀ ਨੂੰ ਪੁੱਛੋ ਕਿ ਫੁਲਕਾਰੀ ਕੀ ਹੁੰਦੀ ਹੈ ਤਾਂ ਸ਼ਾਇਦ ਉਸਦਾ ਇਹੀ ਜਵਾਬ ਹੋਵੇਗਾ ਕਿ " ਕੋਈ ਫੁਲਾਵਰ ਬੁੱਕੇ ਦੀ ਵਰਾਇਟੀ ਜਾਂ ਕੋਈ ਵੈਲਨਟਾਈਨ ਗਿਫਟ ਹੋਵੇਗਾ . ਤੇ ਲਲਾਰੀ ਦਾ ਤਾਂ ਪਤਾ ਹੀ ਕੀ ਹੋਣੈ .
ਇਹ ਵੀ ਸੱਚ ਹੈ ਕਿਸੇ ਵੀ ਕੰਪਨੀ ' ਚ ਕੰਮ ਕਰਨ ਲਈ ਉਸਦੇ ਪੋ੍ਰਫੈਸ਼ਨ ਮੁਤਾਬਿਕ ਡਰੈੱਸ ਪਾਉਣੀ ਪੈਂਦੀ ਹੈ .
ਪਰ ਕਿਸੇ ਵੀ ਕੰਪਨੀ ਦੀ ਡਰੈੱਸ ਏਨੀ ਮਾੜੀ ਨਹੀਂ ਕਿ ਤੁਹਾਡੇ ਤਨ ਨੂੰ ਸਹੀ ਢਕਾਅ ਨਾ ਦੇ ਸਕੇ .
ਨੇ ਉਹ ਮਾਂ - ਪਿਓ ਜਿਹੜੇ ਸਾਡੇ ' ਤੇ ਏਨਾ ਵਿਸ਼ਵਾਸ਼ ਕਰਦੇ ਹਨ ਕਿ ਸਾਡੇ ' ਤੇ ਲੱਖਾਂ ਰੁਪਏ ਖਰਚਾ ਕਰਕੇ ਸਾਨੂੰ ਪੜ੍ਹਨ ਲਈ ਭੇਜਦੇ ਨੇ , ਸ਼ਾਇਦ ਉਹ ਸਾਡੇ ਤੋਂ ਇਹੀ ਚਾਹੁੰਦੇ ਹਨ ਕਿ ਸਾਡੇ ਬੱਚੇ ਦੇਸ਼ ਦਾ ਅਤੇ ਸਾਡੇ ਅਨਮੋਲ ਵਿਰਸੇ ਦਾ ਨਾਮ ਵੀ ਚਮਕਾਉਣ .
ਪਰ ਪਤਾ ਨਹੀਂ ਕਿਉਂ ਉਹ ਆਪਣੇ ਸੱਭਿਆਚਾਰ ਨੂੰ ਭੁਲਾ ਕੇ ਨੰਗੇਜ ਭਰਪੂਰ ਪਹਿਰਾਵੇ ਨੂੰ ਜਿਆਦਾ ਤਰਜੀਹ ਦਿੰਦੇ ਹਨ . ਮੁੰਡੇ ਕੁੜੀਆਂ ' ਬੁਆਏ ਫਰੈਂਡ ਜਾਂ ਗਰਲ ਫਰੈਂਡ ' ਲੱਭਣਾ ਹੀ ਆਪਣਾ ਪਰਮ - ਧਰਮ ਸਮਝਣ ਲਗਦੇ ਹਨ . ਗੋਰੇ ਤਾਂ ਵਿਆਹ ਤੋਂ ਪਹਿਲਾਂ ਇਕੱਠੇ ਰਹਿੰਦੇ ਸੁਣੇ ਸਨ ਪਰ ਨਵੇਂ ਆਏ ਪੰਜਾਬੀ ਭੈਣ - ਭਰਾ ਸ਼ਰਮ ਹਯਾ ਦੀਆਂ ਕੰਧਾਂ ਟੱਪ ਕੇ , ਮਾਂ ਪਿਓ ਦੀਆਂ ਅੱਖਾਂ ' ਚ ਮਿੱਟੀ ਝੋਕ ਕੇ ਗੋਰਿਆਂ ਤੋਂ ਵੀ ' ਅਗਾਂਹ ' ਲੰਘ ਗਏ ਜਾਪਦੇ ਹਨ )
ਖੂਬਸੂਰਤੀ ਕਿਸੇ ਵੀ ਅੰਗ ਦਿਖਾਉ ਪਹਿਰਾਵੇ ਦੀ ਮੁਹਤਾਜ਼ ਨਹੀਂ , ਸਗੋਂ ਇਹ ਗੱਲ ਵੱਧ ਅਹਿਮੀਅਤ ਰੱਖਦੀ ਹੈ ਕਿ ਤੁਹਾਡੀ ਸ਼ਖਸੀਅਤ ਜਾਂ ਤੁਹਾਡੇ ਵਿਚਾਰ ਕਿੰਨੇ ਖੂਬਸੂਰਤ ਹਨ .
ਵਿਚਾਰਾਂ ਪੱਖੋਂ ਊਣੇ ਲੋਕ ਹੀ ਆਪਣੀ ਹੋਂਦ ਨੂੰ ਦਰਸਾਉਣ ਲਈ ਅਜਿਹੇ ਢਕਵੰਝਾਂ ਦਾ ਸਹਾਰਾ ਲੈਂਦੇ ਹਨ .
ਭੈਣੋ ਤੇ ਭਰਾਵੋ , ਮੇਰੀ ਤੁੱਛ ਬੁੱਧੀ ਨੇ ਜੋ ਕੁੱਝ ਵੀ ਵੇਖਿਆ , ਉਹੀ ਤੁਹਾਡੇ ਨਾਲ ਸਾਂਝਾ ਕਰ ਚੁੱਕਾ ਹਾਂ ਜੇ ਚੰਗਾ ਲੱਗੇ ਤਾਂ ਅਮਲ ਕਰਨ ਦੀ ਕੋਸ਼ਿਸ ਕਰਨਾ . ਜੇ ਤੁੱਛ ਬੁੱਧੀ ' ਚ ਵਾਧਾ ਕਰਨ ਲਈ ਕੋਈ ਸੁਝਾਅ ਦੇ ਸਕਦੇ ਹੋ ਤਾਂ ਮੈਂ ਮੱਥੇ ਤੇ ਹੱਥ ਰੱਖ ਕੇ ਉਡੀਕਾਂਗਾ

Tuesday, July 20, 2010

ਨੌਜਵਾਨਾਂ ਲਈ ਖ਼ਤਰਨਾਕ -ਇਲੈਕਟ੍ਰਿਕ ਮੀਡੀਆ

ਅੱਜ ਤੁਸੀਂ ਕੋਈ ਵੀ ਚੈਨਲ ਲਗਾ ਕੇ ਵੇਖ ਲਵੋ, ਹਰ ਪਾਸੇ ਲੱਚਰਤਾ, ਅਸ਼ਲੀਲਤਾ, ਕਾਮੁਕਤਾ ਭਰੇ ਸੀਨ ਧੀ-ਭੈਣਾਂ ਦੀ ਇੱਜ਼ਤ ਦਾ ਦੀਵਾਲਾ ਕੱਢਦੇ ਹੋਏ ਇਹਨਾਂ ਪਵਿੱਤਰ ਰਿਸ਼ਤਿਆਂ ਦੀ ਮਿੱਟੀ ਪਲੀਤ ਕਰ ਰਹੇ ਹਨ। ਅਧ-ਨੰਗੀਆਂ ਕੁੜੀਆਂ ਦੇ ਸਰੀਰਾਂ ਦੀ ਨੁਮਾਇਸ਼, ਸ਼ਿਸ਼ਟਾਚਾਰ ਅਤੇ ਨੈਤੀਕਤਾ ਦੀਆਂ ਸਾਰੀਆਂ ਹੱਦਾਂ ਟੱਪਦੇ ਹੋਏ ਹੀਰੋ-ਹੀਰੋਇਨਾਂ ਦੇ ਗੰਦੇ ਸੀਨ ਪੰਜਾਬੀ ਸੱਭਿਆਚਾਰ ਦਾ ਬੇੜਾ ਗਰਕ ਕਰ ਰਹੇ ਹਨ । ਅਜੋਕੇ ਗਾਇਕ ਬਿਨ੍ਹਾਂ ਕਿਸੇ ਸਖ਼ਤ ਰਿਆਜ਼ ਅਤੇ ਉਸਤਾਦ ਦੇ ਜਾਂ ਸਖਤ ਘਾਲਣਾ ਦੇ, ਆਪਣੇ ਪਿਉ ਦੀ ਜੱਦੀ-ਪੁਸ਼ਤੀ ਜ਼ਮੀਨ ਵੇਚ ਕੇ, ਕੰਨੀ ਨੱਤੀਆਂ ਗੱਲਾਂ ਵਿੱਚ ਸੰਗਲ ਪਾ ਕੇ, ਟੁੱਟੇ ਹੱਥਾਂ ਨਾਲ ਕੈਮਰੇ ਵੱਲ ਇਸ਼ਾਰੇ ਕਰ ਕੇ, ਟੁਕੜ ਬੋਚ ਗੀਤਕਾਰਾਂ ਕੋਲੋਂ ਬਗਾਨੀ ਧੀ-ਭੈਣ ਦੇ ਸੰਬੰਧ ਵਿੱਚ ਘਟੀਆ ਗੀਤ ਲਿਖਵਾ ਕੇ ਆਪਣੀ ਕੈਸਿਟ ਨੂੰ ਹਿੱਟ ਕਰਵਾਉਣ ਲਈ ਨੰਗੀਆਂ ਲੱਤਾਂ ਅਤੇ ਛਾਤੀਆਂ ਤੇ ਕੈਮਰੇ ਮਾਰ-ਮਾਰ ਕੇ ਸੱਭਿਆਚਾਰ ਦਾ ਗਲਾ ਘੁੱਟ ਰਹੇ ਹਨ। ਪਰ ਧੰਨ ਸਾਡੇ ਜਿਗਰੇ ਕਿ ਬੜੇ ਫ਼ਖਰ ਨਾਲ ਪਰਿਵਾਰ ਵਿੱਚ ਬੈਠ ਕੇ ਆਪਣਾ ਮਨੋਰੰਜਨ ਕੀਤਾ ਜਾ ਰਿਹਾ ਹੈ। ਕੋਈ ਪ੍ਰਤੀਕਰਮ ਜਾਂ ਵਿਰੋਧ ਜਬਰਦਸਤ ਰੂਪ ਵਿੱਚ ਕਿਸੇ ਪਾਸਿਉਂ ਵੀ ਸਾਹਮਣੇ ਨਹੀਂ ਆ ਰਿਹਾ।

ਹੁਣ ਪਿਛਲੇ ਲੰਮੇ ਸਮੇਂ ਤੋਂ ਇੱਕ ਹੋਰ ਨਵਾਂ ਡਰਾਮਾਂ ਸ਼ੁਰੂ ਹੋਇਆ ਪਿਆ ਹੈ ਜਿਸ ਵਿੱਚ ਵੱਖ-ਵੱਖ ਚੈਨਲਾਂ ਵਾਲਿਆਂ ਨੇ ਗਾਇਕ ਪੈਦਾ ਕਰਨ ਦਾ ਠੇਕਾ ਆਪਣੇ ਸਿਰ ਲੈ ਲਿਆ ਹੈ ਹੋਰ ਤਾਂ ਹੋਰ ਕੁਝ ਟੀ.ਵੀ. ਚੈਨਲਾਂ ਵਲੋਂ ਮਸ਼ਕਰੇ ਵੀ ਪੈਦਾ ਕੀਤੇ ਜਾ ਰਹੇ ਹਨ ਜਿਹਨਾਂ ਨੂੰ ਮਹਾਨ ਕਮੇਡੀਅਨ ਕਹਿੰਦੇ ਹਨ ਅਤੇ ਇਹ ਵੀ ਕਮੇਡੀ ਕਰਦੇ-2 ਆਪਣੀ ਔਕਾਤ ਨੂੰ ਭੁੱਲ ਅਸ਼ਲੀਲ ਚੁੱਟਕਲੇ, ਅਤੇ ਧਰਮਾਂ ਉਪਰ ਖ਼ਾਸਕਰ ਸਿੱਖ ਧਰਮ ਦੇ ਸਿਧਾਂਤਾਂ ਤੇ ਵੀ ਹਮਲੇ ਕਰਨ ਵਿੱਚ ਕਸਰ ਨਹੀਂ ਛੱਡਦੇ ਅਤੇ ਅੱਗੇ ਸਿੱਖੀ ਬਾਣੇ ਵਿੱਚ ਬੈਠੇ ਜੱਜ ਵੀ ਦੰਦੀਆਂ ਕੱਢਣ ਤੋਂ ਵੱਧ ਕੁਝ ਨਹੀਂ ਕਰਦੇ ਅਤੇ ਕੌਮ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ
ਕੁੱਲ ਸਿੱਟਾ ਇਹ ਨਿਕਲਦਾ ਹੈ ਕਿ ਅੱਜ ਜੋ ਕੁੱਝ ਵੀ ਮੀਡੀਏ ਦੇ ਰਾਹੀਂ ਸਮਾਜ ਨੂੰ ਵਿਖਾਇਆ ਜਾ ਰਿਹਾ ਹੈ, ਉਹ ਕੋਈ ਬਹੁੱਤਾ ਵਧੀਆ ਜਾ ਉਸਾਰੂ ਨਹੀਂ ਹੈ ਜਿਸ ਕਰਕੇ ਖਾਸਕਰ ਨੌਜਵਾਨ ਇਸ ਨੂੰ ਰਿਐਲਟੀ ਭਾਵ ਸੱਚਾਈ ਸਮਝ ਕੇ ਅਪਨਾ ਰਹੇ ਹਨ ਜੋ ਉਹਨਾਂ ਲਈ ਹੀ ਖ਼ਤਰਨਾਕ ਸਾਬਿਤ ਹੁੰਦਾ ਹੈ ਜਿਸ ਦਾ ਸਭ ਤੋਂ ਵੱਡਾ ਖਮਿਆਜ਼ਾ ਸਿੱਖ ਕੌਮ ਨੂੰ ਭੁਗਤਣਾ ਪੈ ਰਿਹਾ ਹੈ ਕਿਉਂਕਿ ਨੌਜਵਾਨ ਕੌਮ ਦਾ ਭਵਿੱਖ ਹੁੰਦੇ ਹਨ ਪਰ ਜੇਕਰ ਨੌਜਵਾਨ ਹੀ ਆਪਣੇ ਅਮੀਰ ਵਿਰਸੇ, ਸੱਭਿਆਚਾਰ, ਗੁਰੂਆਂ ਅਤੇ ਸਿੱਖਾਂ ਦੀ ਕੁਰਬਾਨੀਆਂ ਨੂੰ ਭੁਲਾ ਕੇ ਹੋਰਨਾਂ ਹੀ ਵਿਅਰਥ ਕਾਰਜਾਂ ਵਿੱਚ ਫਸ ਕੇ ਆਪਣਾ ਧਰਮ ਖਤਰੇ ਵਿੱਚ ਪਾ ਦੇਣਗੇ ਤਾਂ ਕੌਮ ਦਾ ਤਾਂ ਰੱਬ ਹੀ ਰਾਖਾ ਹੋਵੇਗਾ

ਜੋਸ਼ੀਲਾ ਪੰਜਾਬ ਜਾਂ ਨਸ਼ੀਲਾ ਪੰਜਾਬ

ਪਿਛਲੇ ਸਮੇਂ ਦੌਰਾਨ ਪੰਜਾਬ ਵਿੱਚੋਂ ਇਹ ਗੱਲ ਉੱਭਰਕੇ ਸਾਹਮਣੇ ਆਈ ਹੈ ਕਿ ਪੰਜਾਬ ਦੀ ਜਵਾਨੀ ਹੱਡੀਆਂ ਦੀ ਮੁੱਠ ਬਣਕੇ ਰਹਿ ਗਈ ਹੈ ਪੰਜਾਬ ਦੇ ਗਜ਼ ਗਜ਼ ਚੌੜੀਆਂ ਹਿੱਕਾਂ ਵਾਲੇ ਜਵਾਨ ਅਤੇ ਪੰਜਾਬ ਵਰਗੇ ਦਰਸ਼ਨੀ ਜਵਾਨ ਹਿੰਦੁਸਤਾਨ ਦੇ ਹੋਰ ਕਿਸੇ ਕੋਨੇ ਚੋਂ ਨਹੀਂ ਸਨ ਲੱਭਦੇ ਪੰਜਾਬ ਦੇ ਗੱਭਰੂਆਂ ਦੀ ਬਹਾਦਰੀ ਅਤੇ ਸੁਹੱਪਣ ਦਾ ਮੁਕਾਮ ਸੀ, ਇੱਕ ਸਮਾਂ ਸੀ ਜਦੋਂ ਸਾਡੇ ਨੌਜਵਾਨ ਆਪਣੇ ਤੰਦਰੁਸਤ ਜੁੱਸਿਆਂ ਕਾਰਨ ਜਾਣੇ ਜਾਂਦੇ ਸਨ ਪ੍ਰੰਤੂ ਅੱਜ ਨਸ਼ਿਆਂ ਵਰਗੀ ਲਾਹਣਤ ਵਿੱਚ ਫਸ ਕੇ ਜਿਥੇ ਉਹਨਾਂ ਆਪਣੀ ਤੰਦਰੁਸਤੀ ਨੂੰ ਗੁਆ ਲਿਆ ਹੈ ਉਥੇ ਹੀ ਮਾਨਸਿਕ ’ਤੇ ਸਰੀਰਕ ਤੌਰ ’ਤੇ ਵੀ ਕਮਜ਼ੋਰ ਹੋ ਕੇ ਰਹਿ ਗਏ ਹਨ’’
ਪੰਜਾਬ ਵਿਚ ਅੱਜ ਪਾਣੀ ਦੀਆਂ ਨਦੀਆਂ ਸੁੱਕ ਰਹੀਆਂ ਹਨ ਅਤੇ ਨਸ਼ਿਆਂ ਦੇ ਦਰਿਆ ਜੋਬਨ ਤੇ ਵਹਿ ਰਹੇ ਹਨ,ਜਿਨ੍ਹਾ ਵਿਚ ਪੰਜਾਬ ਦੀ ਜਵਾਨੀ ਡੁੱਬ ਕੇ ਗੋਤੇ ਖਾਈ ਜਾ ਰਹੀ ਹੈ ਪੰਜਾਬ ਵਿਚ ਸਭ ਤੋਂ ਵਧੇਰੇ ਨਸ਼ਾ ਸ਼ਰਾਬ ਦਾ ਹੈ ਅਤੇ ਇਸ ਨਸ਼ੇ ਨੂੰ ਪੰਜਾਬੀਆਂ ਵੱਲੋਂ ਪੂਰੀ ਮਾਨਤਾ ਮਿਲੀ ਹੋਈ ਹੈ ਜਦੋਂ ਕਿ ਸ਼ਰਾਬ ਮਨੁੱਖ ਨੂੰ ਸਿਹਤ ਪੱਖੋਂ ਵੱਡਾ ਨੁਕਸਾਨ ਪਹੁੰਚਾਉਂਦੀ ਹੈ ਇਸਤੋਂ ਇਲਾਵਾ ਹੋਰ ਵੀ ਅਣਗਿਣਤ ਨਸ਼ੇ ਹਨ,ਜੋ ਮਾਪਿਆਂ ਦੀ ਨਜ਼ਰ ਤੋਂ ਉਹਲੇ ਵਰਤੇ ਜਾ ਰਹੇ ਹਨ
ਪਹਿਲਾਂ ਪਹਿਲ ਤਾਂ ਪਿੰਡਾਂ ਵਿੱਚ ਸ਼ਰਾਬ ਆਦਿ ਬਾਰੇ ਹੀ ਲੋਕਾਂ ਨੂੰ ਪਤਾ ਹੁੰਦਾ ਸੀ ਅਤੇ ਹਰ ਪਿੰਡ ਵਿੱਚ ਸਿਰਫ ਗਿਣਤੀ ਦੇ ਦੋ-ਚਾਰ ਕੁ ਹੀ ਅਮਲੀ ਹੁੰਦੇ ਸਨ ਜੋ ਕਿ ਆਪਣੇ ਨਸ਼ੇ ਨੂੰ ਪੂਰਾ ਕਰਨ ਲਈ ਡੋਡੇ ਤੇ ਅਫ਼ੀਮ ਆਦਿ ਦੀ ਵਰਤੋਂ ਕਰਦੇ ਸਨ। ਪਰ ਹੁਣ ਜਿਵੇਂ ਪਿੰਡਾਂ ਵਿੱਚ ਨਸ਼ਿਆਂ ਦੀ ਵਰਤੋਂ ਹੋ ਰਹੀ ਹੈ ਤਾਂ ਉਹ ਦਿਨ ਦੂਰ ਨਹੀਂ ਜਦੋਂ ਲੱਗਭੱਗ ਹਰ ਘਰ ਵਿੱਚ ਇੱਕ ਅਮਲੀ ਹੋਵੇਗਾ। ਇਹ ਨੌਜਵਾਨ ਸ਼ਰਾਬ ਨੂੰ ਤਾਂ ਕੁੱਝ ਸਮਝਦੇ ਹੀ ਨਹੀਂ ਹਨ। ਹੁਣ ਤਾਂ ਨੌਜਵਾਨ ਅਫ਼ੀਮ ਡੋਡਿਆਂ ਤੋਂ ਇਲਾਵਾ ਸਮੈਕ, ਚਰਸ, ਗਾਂਜਾ ਆਦਿ ਮਹਿੰਗੇ ਨਸ਼ੇ ਕਰਨ ਨੂੰ ਆਪਣੀ ਟੌਹਰ ਸਮਝਦੇ ਹਨ।
ਪ੍ਰਾਪਤ ਅੰਕੜਿਆਂ ਮੁਤਾਬਕ ਮਾਲਵੇ ਚ 65 ਫੀ ਸਦੀ,ਦੁਆਬੇ ਚ 68 ਫੀ ਸਦੀ ਅਤੇ ਮਾਝੇ ਚ 61 ਫੀ ਸਦੀ ਲੋਕ ਨਸ਼ਿਆਂ ਦੀ ਵਰਤੋਂ ਕਰਦੇ ਹਨ ਦੂਸਰਾ ਸਿਤਮਜ਼ਰੀਫੀ ਵਾਲੀ ਗੱਲ ਇਹ ਵੀ ਹੈ ਕਿ ਖੁੱਲ੍ਹੀਆਂ ਖੁਰਾਕਾਂ ਖਾਣ ਵਾਲੇ ਪੰਜਾਬੀਆਂ ਵਿਚੋਂ ਅੱਜ ਤੰਗੀਆਂ ਤੁਰਸ਼ੀਆਂ ਦੇ ਮਾਰੇ ਬਹੁਤੇ ਮਾਪੇ ਆਪਣੇ ਬੱਚਿਆਂ ਦੇ ਮੂੰਹ ਚੋਂ ਦੁੱਧ ,ਘਿਉ ਖੋਹਕੇ ਆਪਣੀ ਕਬੀਲਦਾਰੀ ਦਾ ਡੰਗ ਟਪਾਉਣ ਲਈ ਇਸਨੂੰ ਮੁੱਲ ਵੇਚਕੇ ਆਪਣਾ ਜੂਨ ਗੁਜ਼ਾਰਾ ਕਰਦੇ ਹਨ ਅਤੇ ਕਈ ਆਪਣੇ ਬੱਚਿਆਂ ਲਈ ਲੋੜੀਂਦੀਆਂ ਖੁਰਾਕੀ ਵਸਤਾਂ ਮੁੱਲ ਖਰੀਦਕੇ ਦੇਣ ਤੋਂ ਅਸਮਰਥ ਹਨ,ਫਿਰ ਚੌੜੀਆਂ ਹਿੱਕਾਂ ਵਾਲੇ ਛੇ ਛੇ ਫੁੱਟੇ ਜਵਾਨ ਕਿੱਥੋਂ ਮਿਲਣ ਵਾਲੇ ਹਨ
ਹਰੇ ਇਨਕਲਾਬ ਦੀ ਤੁਲਨਾ ਵਿਚ ਖੇਤੀਬਾੜੀ ਤੋਂ ਹੁੰਦੇ ਮੁਨਾਫ਼ੇ ਦੇ ਵਾਧੇ ’ਚ ਆਈ ਭਾਰੀ ਗਿਰਾਵਟ ਅਤੇ ਸਰਕਾਰਾਂ ਵੱਲੋਂ ਰੋਜ਼ਗਾਰ ਦੇ ਮਾਮਲੇ ’ਚ ਹੱਥ ਖੜ੍ਹੇ ਕਰ ਦੇਣ ਨਾਲ ਪਿੰਡਾਂ ਦਾ ਨੌਜਵਾਨ ਵਰਗ ਦੁਬਿਧਾ ਅਤੇ ਪ੍ਰੇਸ਼ਾਨੀ ਨਾਲ ਘਿਰਿਆ ਪਿਆ ਹੈ। ਅੱਤਵਾਦ ਦੌਰਾਨ ਹੋਏ ਨੁਕਸਾਨ ਤੋਂ ਬਾਅਦ ਗੋਡਿਆਂ ਭਾਰ ਉਠ ਰਹੇ ਮਾਝੇ ਦੇ ਪੇਂਡੂ ਗੱਭਰੂਆਂ ਨੂੰ ਹੁਣ ਪ੍ਰਵਾਸ ਦਾ ਔਖਾ ਰਸਤਾ ਇਕੋ ਇਕ ਹੱਲ ਦਿਖਾਈ ਦੇ ਰਿਹਾ ਹੈ। ਸੁੰਗੜ ਰਹੀਆਂ ਜ਼ਮੀਨਾਂ ਵੱਲੋਂ ਵੀ ਆਸ ਦੀ ਕੋਈ ਕਿਰਨ ਨਾ ਆਉਂਦੀ ਵੇਖ ਕੇ ‘ਹਤਾਸ਼’ ਜਵਾਨੀ ਨਸ਼ਿਆਂ ਦੀ ਮੰਡੀ ਦਾ ਰੂਪ ਬਣ ਰਹੀ ਹੈ।

ਪੰਜਾਬ ਦੀ ਸਰੀਰਕ ਤੰਦਰੁਸਤੀ ਨੇ ਪੂਰੀ ਦੁਨੀਆ ਵਿੱਚ ਆਪਣਾ ਲੋਹਾ ਮਨਵਾਇਆ ਹੈ। ਪੰਜਾਬੀਆਂ ਦੀ ਹਰ ਖੇਡ ਵਿੱਚ ਵੱਡੀ ਧਾਕ ਰਹੀ ਹੈ। ਇਕੱਲੀਆਂ ਖੇਡਾਂ ਹੀ ਨਹੀਂ ਪੰਜਾਬੀਆਂ ਨੇ ਹਰ ਜ਼ੁਲਮ ਦਾ ਟਾਕਰਾ ਕੀਤਾ, ਹਰ ਦੁਸ਼ਮਣ ਤੇ ਮੈਦਾਨ ਜੰਗ ਵਿੱਚ ਫਤਿਹ ਹਾਸਲ ਕੀਤੀ, ਦੇਸ਼ ਦੀ ਆਜ਼ਾਦੀ ਲਈ 90 ਪ੍ਰਤੀਸ਼ਤ ਕੁਰਬਾਨੀਆਂ ਕੀਤੀਆਂ। ਪੰਜਾਬੀ ਉਸ ਕੌਮ ਦੇ ਉਸ ਗੁਰੂ ਦੇ ਵਾਰਿਸ ਹਨ ਜਿਨ੍ਹਾਂ ਨੂੰ ਈਨ ਮੰਨਣ ਨਹੀਂ ਆਉਂਦੀ। ਇਹ ਪੰਜਾਬੀਆਂ ਦੀ ਤੰਦਰੁਸਤੀ ਅਤੇ ਦਲੇਰੀ ਹੀ ਹੈ ਕਿ ਉਹ ਹਰ ਮੈਦਾਨ ਫਤਿਹ ਲਈ ਜੂਝਦੇ ਹਨ। ਨੌਜਵਾਨਾਂ ਨੂੰ ਬਿਨਾਂ ਮੰਗੇ ਇਹੀ ਸਲਾਹ ਹੈ ਕਿ ਤੁਸੀਂ ਉਸ ਕੌਮ ਦੇ ਵਾਰਸ ਹੋ ਜਿਸਦੇ ਗੁਰੂ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤੁਹਾਡੀ ਕੌਮ ਦੀ ਜ਼ਮੀਰ ਨੂੰ ਕਾਇਮ ਰੱਖਣ ਲਈ ਆਪਣੇ ਪੁੱਤਰ ਤੇ ਆਪਣੇ ਪਿਉ ਦਾਦੇ ਵਾਰ ਦਿੱਤੇ। ਅਜਿਹੀ ਕੁਰਬਾਨੀ ਦੁਨੀਆ ਵਿੱਚ ਨਾ ਕਿਸੇ ਨੇ ਕੀਤੀ ਹੈ ਨਾ ਹੀ ਭਵਿੱਖ ਵਿੱਚ ਹੋਵੇਗੀ। ਉਹ ਭਟਕੇ ਹੋਏ ਪੰਜਾਬ ਦੇ ਸੂਰਬੀਰ, ਨੌਜਵਾਨੋ ਤੁਸੀਂ ਨਸ਼ਿਆਂ ਦੇ ਵੱਸ ਪੈ ਗਏ ਹੋ ਪਰ ਤੁਹਾਨੂੰ ਪਤਾ ਕਿ ਭਲਕੇ ਤੁਸੀਂ ਹੀ ਇਸ ਦੇਸ਼ ਦੀ ਵਾਗ-ਡੋਰ ਸੰਭਾਲਣੀ ਹੈ। ਤੁਹਾਡੇ ਵਿਚੋਂ ਹੀ ਮਿਲਖਾ ਸਿੰਘ, ਬਲਬੀਰ ਸਿੰਘ, ਸੁਰਜੀਤ, ਗਗਨਅਜੀਤ, ਅਜੀਤਪਾਲ ਫੁੱਟਬਾਲਰ, ਜਰਨੈਲ ਸਿੰਘ, ਸ਼ਹੀਦ ਭਗਤ ਸਿੰਘ, ਊਧਮ ਸਿੰਘ ਕਲਪਨਾ ਚਾਵਲਾ ਵਰਗੇ ਪੈਦਾ ਹੋਣੇ ਹਨ ਪਰ ਜੇਕਰ ਤੁਸੀਂ ਨਸ਼ਿਆਂ ਵਿੱਚ ਨਿਘਰ ਕੇ ਆਪਣੇ ਆਪ ਨੂੰ ਹੀ ਸੰਭਾਲਣ ਜੋਗੇ ਨਾ ਰਹੇ ਤਾਂ ਫੇਰ ਇਹ ਵਤਨ ਪੰਜਾਬ ਦੀ ਵਾਗ-ਡੋਰ ਕੋਣ ਸੰਭਾਲੇਗਾ।
ਇਹ ਫੈਸਲਾ ਤੁਹਾਡੇ ਹੱਥ ਵਿੱਚ ਹੈ ਕਿ ਤੁਸੀਂ ਆਪਣੇ ਸੋਹਣੇ ਵਤਨ ਪੰਜਾਬ ਨੂੰ ਜੋਸ਼ੀਲਾ ਪੰਜਾਬ ਬਣਾਉਣਾ ਹੈ ਜਾਂ ਨਸ਼ੀਲਾ ਪੰਜਾਬ।


Tuesday, July 13, 2010

ਅੱਜਕੱਲ - ਪੈਸੇ ਦੇ ਪ੍ਰਭਾਵ

ਅੱਜਕੱਲ ਪੈਸਾ ਇੱਕ ਅਜਿਹੀ ਸ਼ੈਅ ਬਣ ਚੁੱਕਾ ਹੈ ਜਿਸ ਦੇ ਬਿਨਾ ਮਨੁੱਖ ਬਿਲਕੁਲ ਪ੍ਰਭਾਵਹੀਨ ਬਣ ਜਾੰਦਾ ਹੈ ਕੋਈ ਉਸਦੀ ਕਦਰ ਨਹੀ ਕਰਦਾ, ਉਸਦੀ ਹਰ ਗੱਲ ਬੇਅਰਥ ਸਿੱਧ ਹੁੰਦੀ ਹੈ ਉਸਨੂੰ ਤਿਰਸਕਾਰ ਭਰੀ ਨਜ਼ਰ ਨਾਲ ਵੇਖਿਆ ਜਾੰਦਾ ਹੈ, ਜਦ ਉਸੇ ਮਨੁੱਖ ਕੋਲ ਪੈਸਾ ਆ ਜਾੰਦਾ ਹੈ ਤਾਂ ਉਸਦੀ ਜ਼ਿੰਦਗੀ ਹੀ ਬਦਲ ਜਾੰਦੀ ਹੈ ਹਰ ਕੋਈ ਉਸਦਾ ਪਾਣੀ ਭਰਦਾ ਨਜ਼ਰ ਆਉੰਦਾ ਹੈ, ਉਸਦੇ ਮੂੰਹੋ ਨਿਕਲੀ ਹਰ ਗੱਲ ਦੇ ਵੱਖ - ਵੱਖ ਮਤਲਬ ਕੱਢ ਕੇ ਉਹਨਾਂ ਦਾ ਪ੍ਰਚਾਰ ਕਰਨਾ ਉਸਦੇ ਆਲੇ ਦੁਆਲੇ ਰਹਿੰਦੇ ਸੱਜਣਾ ਦਾ ਧਰਮ ਹੀ ਬਣ ਜਾੰਦਾ ਹੈ, ਪੈਸਾ ਅੱਜਕੱਲ ਹਰ ਰਿਸ਼ਤੇ ਦੀ ਡੂੰਘਾਈ ਨਿਸ਼ਚਿਤ ਕਰਦਾ ਹੈ, ਅਮੀਰ ਮਨੁੱਖ ਦੇ ਆਲੇ ਦੁਆਲੇ ਰਿਸ਼ਤੇਦਾਰਾਂ ਦੀ ਭੀੜ ਲੱਗੀ ਰਹਿੰਦੀ ਹੈ ਕਿਉੰਕਿ ਉਸ ਤੋਂ ਕਈ ਪ੍ਰਕਾਰ ਦੀ ਆਸ ਰਹਿੰਦੀ ਹੈ | ਸੋ ਇਹ ਤਾਂ ਹੈ ਪੈਸੇ ਦੇ ਪ੍ਰਭਾਵ ਦੀ ਗੱਲ, ਜੇਕਰ ਇਸਦੇ ਭੰਡਾਰਣ ਬਾਰੇ ਗੱਲ ਕੀਤੀ ਜਾਵੇ ਕਿ ਪੈਸਾ ਕੋਲ ਜਮਾਂ ਕਰਨਾ ਜ਼ਰੂਰੀ ਹੈ ਕਿ ਨਹੀਂ | ਇਹ ਗੱਲ ਮਨੁੱਖ ਦੀ ਪ੍ਰਵਿਰਤੀ ਅਨੁਸਾਰ ਠੀਕ ਹੈ ਕਿ ਕੁੱਝ ਸੀਮਾ ਤੱਕ ਪੈਸਾ ਕੋਲ ਰੱਖਿਆ ਜਾਣਾ ਸਹੀ ਹੈ ਤਾਂ ਜੋ ਉਹ ਆਪਣੀ ਰੋਜ਼ਾਨਾ ਜ਼ਿੰਦਗੀ ਨੂੰ ਸੁਖਾਲਾ ਰੱਖ ਸਕੇ ਆਪਣੀਆਂ ਜ਼ਰੂਰੀ ਲੋੜਾਂ ਪੂਰੀਆਂ ਕਰ ਸਕੇ ਪਰ ਪੈਸਾ ਇੱਕਠਾ ਕਰਨਾ ਅਤੇ ਖਰਚ ਨਾ ਕਰਨਾ ਅਤੇ ਇੱਕਠਾ ਕਰਨ ਦੀ ਰੁਚੀ ਖਤਰਨਾਕ ਹੈ, ਦੇਸ਼ ਦੀ ਅਰਥ ਵਿਵਸਥਾ ਇਸਦੇ ਚੱਲਦੇ ਰਹਿਣ ਨਾਲ ਹੀ ਜੁੜੀ ਹੋਈ ਹੈ ਇਸਦੇ ਚੱਕਰ 'ਚ ਆਈ ਖਡੋਤ ਦੇਸ਼ ਦੇ ਵਿਕਾਸ 'ਚ ਖਡੌਤ ਮੰਨੀ ਜਾਂਦੀ ਹੈ

ਅਸੀਂ ਪੰਜਾਬੀ ਕਿਉਂ ਸਿੱਖੀਏ?

ਪੰਜਾਬੀ ਭਾਈਚਾਰਾ ਹੁਣ ਅੰਤਰਰਾਸ਼ਟਰੀ ਹੋ ਗਿਆ ਹੈ।ਪੰਜਾਬੀ ਦੁਨੀਆਂ ਦੇ ਹਰ ਕੋਨੇ ਵਿੱਚ ਵਸੇ ਹਨ
ਪੰਜਾਬੀ ਦੁਨੀਆਂ ਵਿਚ 120 ਮਿਲੀਅਨ ਲੋਕਾਂ ਦੀ ਮਾਂ ਬੋਲੀ ਹੈ। ਬੋਲੀਆਂ ਜਾਣ ਵਾਲੀਆਂ ਬੋਲੀਆਂ ਚ ਪੰਜਾਬੀ 12ਵੀਂ ਬੋਲੀ ਹੈ ਅਤੇ ਇਹੀ ਦਰਜਾ ਫਰੈਂਚ ਦਾ ਹੈ। ਇਹ ਦਰਜਾ ਤਾਂ ਸੇੰਸੇਕ੍ਸ ਦੇ ਆਧਾਰ ਤੇ ਹੈ। ਜੇ ਸਾਰੇ ਪੰਜਾਬੀ ਬੋਲਣ ਵਾਲੇ ਅਪਣੀ ਮਾਂ ਬੋਲੀ ਪੰਜਾਬੀ ਲਿਖਾਉਣ ਤਾਂ ਇਹ ਦਰਜਾ ਹੋਰ ਵੀ ਉੱਚਾ ਹੋ ਸਕਦਾ ਹੈ।
ਵਿਸ਼ਵੀਕਰਨ ਅਤੇ ਉਦਾਰੀਕਰਨ ਨਾਲ ਸੰਸਾਰ ਭਰ ਵਿੱਚ ਇੱਕ ਸਾਂਝਾ ਸੱਭਿਆਚਾਰ ਜਨਮ ਲੈ ਰਿਹਾ ਹੈ।ਪੰਜਾਬੀ ਵਿਰਸੇ ਅਤੇ ਸੱਭਿਆਚਾਰ ਵਿੱਚ ਇੰਨੀ ਸਮਰਥਾ ਹੈ ਕਿ ਇਸ ਉੱਭਰ ਰਹੇ ਵਿਸ਼ਵ-ਸੱਭਿਆਚਾਰ ਵਿੱਚ ਆਪਣਾ ਯੋਗਦਾਨ ਪਾ ਕੇ ਵਿਸ਼ੇਸ ਸਥਾਨ ਪ੍ਰਾਪਤ ਕਰ ਸਕਦਾ ਹੈ।ਇਸ ਲਈ ਸਾਡੇ ਲਈ ਜ਼ਰੂਰੀ ਹੈ ਕਿ ਅਸੀਂ ਆਪਣੀ ਅਤੇ ਆਪਣੇ ਸੱਭਿਆਚਾਰ ਦੀ ਪਛਾਣ ਕਰੀਏ ਤੇ ਇਸ ਨੂੰ ਬੱਚਿਆਂ ਤੱਕ ਪਹੁੰਚਾਈਏ। ਇਹ ਮਾਂ ਬੋਲੀ ਪੰਜਾਬੀ ਤੋਂ ਬਿਨਾਂ ਸੰਭਵ ਨਹੀ ਹੈ।
ਕਿਸੇ ਸਿਆਣੇ ਵਿਅਕਤੀ ਦਾ ਕਹਿਣਾ ਹੈ ਕਿ ਕਿਸੇ ਵੀ ਮਾਂ ਪਿਓ ਵਲੋਂ ਬੱਚਿਆਂ ਨੂੰ ਦੇਣ ਲਈ ਸਭ ਤੋਂ ਵੱਡਾ ਤੋਹਫਾ ਮਾਂ ਬੋਲੀ ਅਤੇ ਸੱਭਿਆਚਾਰ ਦੀ ਸਿੱਖਿਆ ਹੈ।
ਜਦੋਂ ਅਸੀਂ ਬੋਲਦੇ ਹਾਂ ਤਾਂ ਪੰਜਾਬੀ ਵਿੱਚ ਕਈ ਇਹੋ ਜਿਹੀਆਂ ਧੁਨੀਆਂ/ਸਵਰ ਹਨ ਜਿਹੜੀਆਂ ਪੱਛਮੀ ਬੋਲੀਆਂ ਬੋਲਣ ਵੇਲੇ ਨਾ ਤਾਂ ਪੈਦਾ ਹੁੰਦੀਆਂ ਹਨ ਅਤੇ ਨਾਂ ਹੀ ਉਹ ਲੋਕ ਉਹਨਾਂ ਨੂੰ ਸਮਝ ਸਕਦੇ ਹਨ ਅਤੇ ਨਾਂ ਹੀ ਕਿਆਸ (conceptual) ਕਰ ਸਕਦੇ ਹਨ। ਜਿਵੇਂ ੜ (ਲੜਕਾ, ਗੜਬੜ) ਦੀ ਅਵਾਜ਼ ਹੈ।ਇਸ ਤਰ੍ਹਾਂ ਪੰਜਾਬੀ ਬੋਲਣ ਵਾਲਿਆਂ ਦੀ ਉਚਾਰਨ ਸ਼ਕਤੀ/ਸਮਰਥਾ ਵਿਸ਼ਾਲ ਹੈ।

ਜ਼ੁਬਾਨ ਸਾਡਾ ਇਕ ਆਪਸ ਵਿੱਚ ਗੱਲਬਾਤ ਜਾਂ ਸੰਪਰਕ (communicate) ਕਰਨ ਜਾਂ ਰੱਖਣ ਦਾ ਸਾਧਨ ਹੈ। ਜਦੋਂ ਇੱਕ ਬੱਚਾ ਜਨਮ ਲੈਂਦਾ ਹੈ ਉਹ ਆਪਣੀ ਮਾਂ ਕੋਲੋਂ ਮਾਂ ਬੋਲੀ ਸਿੱਖਦਾ ਹੈ। ਅਤੇ ਘਰ ਦੇ ਮਾਹੌਲ ਚੋਂ ਬੋਲੀ ਦੇ ਨਾਲ ਨਾਲ ਸੱਭਿਆਚਾਰ, ਧਰਮ, ਰਸਮੋ ਰਿਵਾਜ਼, ਅਤੇ ਹੋਰ ਸਮਾਜਕ ਕਦਰਾਂ ਕੀਮਤਾਂ ਵੀ ਸਿੱਖਦਾ ਹੈ।ਇਹ ਧਾਰਮਕ ਅਤੇ ਸੱਭਿਆਚਾਰਕ ਕਦਰਾਂ ਕੀਮਤਾਂ ਦੀ ਸਿੱਖਿਆ ਉਸ ਨੂੰ ਭਵਿੱਖ ਵਿੱਚ ਗਲਤ ਤੇ ਸਹੀ ਦੀ ਪਛਾਣ ਕਰਾਉਂਦੀ ਰਹਿੰਦੀ ਹੈ।ਬੱਚੇ ਦੀ ਸਖਸ਼ੀਅਤ ਉੱਤੇ ਉਸ ਦੇ ਮਾਹੌਲ ਦਾ ਬਹੁਤ ਅਸਰ ਹੂੰਦਾ ਹੈ। ਧਰਮ, ਸੱਭਿਆਚਾਰ ਅਤੇ ਬੋਲੀ ਤਿੰਨੋ ਚੀਜ਼ਾਂ ਕਿਸੇ ਸਮਾਜ, ਪ੍ਰੀਵਾਰ ਜਾਂ ਭਾਈਚਾਰੇ ਵਿੱਚ ਗੂੰਦ (glue) ਦਾ ਕੰਮ ਕਰਦੇ ਹਨ। ਜੇ ਕਿਸੇ ਇੱਕ ਨੂੰ ਹਟਾ ਦੇਈਏ ਜਾਂ ਨਾ ਵਰਤੀਏ ਤਾਂ ਸਾਡਾ ਸਮਾਜ, ਪ੍ਰੀਵਾਰ, ਜਾਂ ਭਾਈਚਾਰਾ ਟੁੱਟ ਜਾਵੇਗਾ।

ਸਿੱਖਾਂ ਲਈ ਬੱਚਿਆਂ ਨੂੰ ਪੰਜਾਬੀ ਸਿਖਾਉਣੀ ਬਹੁਤ ਜ਼ਰੂਰੀ ਹੈ। ਜੇ ਨਾ ਸਿਖਾਈ, ਬੋਲੀ ਦੇ ਨਾਲ ਨਾਲ ਧਰਮ ਵੀ ਖਤਮ ਹੋ ਜਾਏਗਾ

ਸਾਡੇ ਬੱਚਿਆਂ ਨੂੰ ਅੰਗਰੇਜ਼ੀ ਵਿੱਚ ਪੂਰੀ ਮੁਹਾਰਤ ਹੋਣੀ ਚਾਹੀਦੀ ਹੈ ਤਾਂ ਜੋ ਉਹ ਚੰਗਾ ਰੁਜ਼ਗਾਰ ਪ੍ਰਾਪਤ ਕਰ ਸਕਣ ਅਤੇ ਹਰ ਇੱਕ ਨੂੰ ਉਹਨਾ ਤੇ ਮਾਣ ਹੋਵੇ।ਪਰ ਨਾਲ ਦੀ ਨਾਲ ਪੰਜਾਬੀ ਵੀ ਸਿੱਖਣੀ ਚਾਹੀਦੀ ਹੈ ਤਾਂ ਜੋ ਇੱਕ ਪੰਜਾਬੀਅਤ ਦੀ ਤੰਦ ਜੋ ਸਾਨੂੰ ਜੋੜਦੀ ਹੈ ਉਹ ਨਾ ਟੁੱਟੇ।

ਮਾਂ ਬੋਲੀ ਕਿਸੇ ਆਦਮੀ ਦਾ ਸਾਰਾ ਵਿਅਕਤੀਤਵ ਹੈ, ਜਿੰਦਗੀ ਹੈ। ਮਨੁੱਖ ਸਮਾਜਕ ਪ੍ਰਾਣੀ ਹੈ। ਬੋਲੀ ਸਮਾਜ ਨਾਲ ਸੰਬੰਧ ਰੱਖਣ ਦਾ ਸਾਧਨ ਹੈ ਜਿਸ ਨਾਲ ਮਨੁੱਖ ਜਿਉਂਦਾ ਰਹਿੰਦਾ ਹੈ। ਜੇ ਸਾਨੂੰ ਅਜਿਹੀ ਥਾਂ ਰਹਿਣਾ ਪਵੇ ਜਿੱਥੇ ਸਮਾਜ ਵਿੱਚ ਮਾਂ ਬੋਲੀ ਨਹੀਂ ਹੈ ਉੱਥੇ ਅਸੀਂ ਮਾਨਸਿਕ ਤੌਰ ਤੇ, ਸੱਭਿਆਚਾਰਕ ਤੌਰ ਤੇ ਅਤੇ ਸਰੀਰਕ ਤੌਰ ਤੇ ਮਰ ਜਾਵਾਂਗੇ। ਬੋਲੀ ਦੇ ਵਿੱਚ ਹੀ ਸੱਭਿਆਚਾਰਕ ਜਿੰਦਗੀ ਦੇ ਅਹਿਸਾਸ ਹਨ, ਸੰਵੇਦਨਸ਼ੀਲਤਾ ਹੈ। ਇਹ ਕਦੇ ਨਹੀਂ ਹੁੰਦਾ ਕਿ ਦੋ ਪੰਜਾਬੀ ਇੱਕ ਦੂਜੇ ਕੋਲੋਂ ਬਿਨਾ ਮੁਸਕਰਾਏ ਲੰਘ ਜਾਣ।ਸਾਡੇ ਬੱਚਿਆਂ ਨੇ ਜੇਕਰ ਪੰਜਾਬੀ ਨਾ ਸਿੱਖੀ ਤਾਂ ਉਹ ਇੱਕ ਦੂਜੇ ਨੂੰ ਅਜਨਬੀਆਂ ਦੀ ਤਰ੍ਹਾਂ ਮਿਲਣਗੇ ਜੋ ਬਿਲਕੁਲ ਚੰਗਾ ਨਹੀ ਹੋਵੇਗਾ।

ਆਧੁਨਿਕ ਪੰਜਾਬੀ ਸਾਹਿਤ ਵੀ ਬਹੁਤ ਅਮੀਰ ਹੈ।ਸਾਹਿਤਕਾਰਾਂ ਨੇ, ਲੇਖਕਾਂ ਨੇ ਦੁਨੀਆਂ ਦੇ ਹਰ ਵਰਤਾਰੇ ਨਾਲ ਪ੍ਰਤੀਕਿਰਿਆ ਕੀਤੀ ਅਤੇ ਸਾਹਿਤ ਰਚਿਆ ਹੈ। ਪੰਜਾਬੀ ਬੋਲੀ ਦੀਆਂ ਕਹਾਵਤਾਂ, ਅਖਾਉਤਾਂ, ਅਖਾਣਾਂ, ਲਤੀਫੇ, ਮੁਹਾਵਰੇ ਗਿਆਨ ਦਾ ਅਤੇ ਅਨੁਭਵ ਦਾ ਬਡਮੁੱਲਾ ਖਜ਼ਾਨਾ ਹਨ। ਪੰਜਾਬੀ ਬੋਲੀ ਸੱਤਵੀਂ ਅੱਠਵੀਂ ਸਦੀ ਤੋਂ ਬੜੇ ਧੜੱਲੇ ਨਾਲ ਪੰਜਾਬ ਦੀ ਲੋਕ ਬੋਲੀ ਦੇ ਤੌਰ ਤੇ ਪ੍ਰਚੱਲਤ ਰਹੀ ਹੈ। ਬਾਬਾ ਫਰੀਦ ਦੁਆਰਾ ੧੨ ਵੀਂ ਸਦੀ ਵਿੱਚ ਪੰਜਾਬੀ ਵਿੱਚ ਬਾਣੀ ਦਾ ਉਚਾਰਨਾ ਅਤੇ ਲਿਖਣਾ ਇਹ ਦਰਸਾਉਂਦਾ ਹੈ ਕਿ ਇਹ ਬੋਲੀ ਉਸ ਸਮੇਂ ਲੋਕਾਂ ਦੀ ਬੋਲੀ ਸੀ ਅਤੇ ਪੂਰੀ ਤਰਾਂ ਵਿਕਸਤ ਹੋ ਚੁੱਕੀ ਸੀ। ਜਿਨ੍ਹਾਂ ਲੋਕਾਂ ਨੇ ਇਸ ਬੋਲੀ ਨੂੰ ਸੰਭਾਲਿਆ, ਵਿਕਸਤ ਕੀਤਾ ਅਤੇ ਲੋਕਾਂ ਦੀ ਜ਼ੁਬਾਨ ਤੇ ਚੜ੍ਹਾਇਆ ਉਹ ਸਨ ਸੂਫੀ ਸੰਤ ਕਵੀ, ਭਗਤ, ਗੁਰੂ ਅਤੇ ਲੋਕ ਕਵੀ।ਇਹਨਾਂ ਨੇ ਸਾਨੂੰ ਬੋਲੀ ਦੇ ਨਾਲ ਨਾਲ ਵਿਰਸੇ ਵਿੱਚ ਜ਼ਿੰਦਗੀ ਦੇ ਤਜ਼ਰਬਿਆਂ ਚੋਂ ਕੱਢੇ ਤੱਤ ਦਿੱਤੇ, ਆਜ਼ਾਦ ਸੋਚ, ਖੁਦਮੁਖਤਿਆਰੀ ਅਤੇ ਸੱਚ ਬੋਲਣ ਦੀ ਜੁਰੱਅਤ ਦਿੱਤੀ।ਸਮੇਂ ਦੀਆਂ ਸਮਾਜਿਕ, ਧਾਰਮਿਕ ਅਤੇ ਰਾਜਨੀਤਕ ਕੁਰੀਤੀਆਂ ਦੇ ਵਿਰੁੱਧ ਬੋਲਣ ਦੀ ਜੁਰੱਅਤ ਦਿੱਤੀ।ਅਧਿਆਤਮਿਕ ਅਤੇ ਸਮਾਜਿਕ ਸਿਧਾਂਤ ਦਿੱਤੇ।ਮਨੁੱਖਤਾ ਦਾ ਸਨੇਹਾ ਦਿੱਤਾ। ਇਹੀ ਪੰਜਾਬੀਆਂ ਦਾ ਵਿਰਸਾ ਹੈ। ਜੇ ਬੋਲੀ ਸਿੱਖੋਗੇ ਤਾਂ ਹੀ ਵਿਰਾਸਤ ਪਾਉਂਗੇ। ਇਹੋ ਜਿਹੀ ਵਿਰਾਸਤ ਦੁਨੀਆਂ ਦੇ ਕਿਸੇ ਵੀ ਕੋਨੇ ਦੇ ਸੱਭਿਆਚਾਰ ਨੂੰ ਅਮੀਰ ਬਣਾ ਸਕਦੀ ਹੈ।