Wednesday, January 26, 2011

pUNJABI qUOTES

ਲੱਡੂ ਦੀ ਕੁੜਮਾਈ
ਭੰਗੜਾ ਪਾਉਣ ਪਕੌੜੇ
ਜਲੇਬੀ ਜੀ ਸ਼ਰਮਾਈ...


ਪੀਕੇ ਪਾਈਆ ਭੁੱਕੀ
ਅਮਲੀ ਭਾਲ਼ੇ ਦਾਤਣ
ਚੜ੍ਹਿਆ ਕਿੱਕਰ ਸੁੱਕੀ...

ਟ੍ਰੈਕਟਰ ਬੈਠਾ ਭਈਆ
ਗੀਤ ਪੰਜਾਬੀ ਗਾਉਂਦਾ
ਪੀ ਕੇ ਦੇਸੀ ਪਊਆ....

ਓਦੋਂ ਖੁਲਾਸਾ ਖੁਲ੍ਹਿੱਆ
ਗੱਲੀਂ-ਗੱਲੀਂ ਗੱਪੀ ਮਾਸੜ
ਗੱਪ ਮਾਰ ਕੇ ਭੁਲਿੱਆ....

Wednesday, August 11, 2010

ਪੰਜਾਬੀ ਗਾਲ੍ਹਾਂ ਵਿਚ ਮਾਂ, ਭੈਣ ਤੇ ਕੁੜੀ ਰਿਸ਼ਤੇ ਦੀ ਵਰਤੋਂ


ਭਾਰਤ ਹੀ ਨਹੀਂ ਸਗੋਂ ਵਿਸ਼ਵ ਵਿਆਪੀ ਮਰਦ ਪ੍ਰਧਾਨ ਸਮਾਜ ਨੇ ਆਪਣੀ ਅਜਿਹੀ ਪੱਕੜ ਕੀਤੀ ਹੋਈ ਹੈ ਕਿ ਹੋਰਨਾਂ ਨੂੰ ਉਭਰਨ ਦੀ ਤਾਂ ਗੁੰਜਾਇਸ ਹੀ ਨਹੀਂ ਦਿਤੀ। ਇਵੇਂ ਕਹਾਂ ਕਿ ਇਸਤਰੀ ਲਈ ਤਾਂ ਕਿਤੇ ਥਾਂ ਹੀ ਨਹੀ ਰੱਖੀ, ਵਰਕਾ ਹੀ ਪਾੜ ਦਿਤਾ ਮਰਦਾਂ ਨੇ, ਕਹਿਣ ਨੂੰ ਭਾਵੇਂ ਕਹੀ ਜਾਓ ਕਿ ਔਰਤਾਂ ਲਈ ਰਾਖਵਾ ਕਰਣ ਕਰ ਦਿੱਤਾ ਗਿਆ ਹੈ। ਆਪਣੇ ਆਪ ਨੂੰ ਸਭਯ ਕਹਾਉਣ ਵਾਲਾ ਪੱਛਮੀ ਸਮਾਜ ਜਿਸ ਦੀ ਅਸੀਂ ਭਾਰਤੀ ਅੰਧਾਂ ਧੁੰਦ ਨਕਲ ਕਰ ਰਹੇ ਹਾਂ, ਨੇ ਵੀ ਸਿਧੇ ਤੌਰ ਤੇ ਇਸਤਰੀ ਨੂੰ ਪੂਜਿਆ ਹੀ ਨਹੀਂ ਸਗੋਂ ਉਸ ਦੀ ਨਿਰਾਦਰੀ ਹੀ ਕੀਤੀ ਹੈ।

ਲਗਭਗ ਸੰਸਾਰ ਦੀਆਂ ਕੁਝ ਇਕ ਲੜਾਈਆਂ ਨੂੰ ਛੱਡ ਕੇ ਸਭ ਦਾ ਅਧਾਰ ਸਿੱਧੇ ਅਸਿੱਧੇ ਤੌਰ ਤੇ ਇਸਤਰੀ ਹੀ ਰਿਹਾ ਹੈ। ਸਕੂਲ ਕਾਲਜਾਂ ਵਿਚ ਝਗੜਿਆਂ ਲਈ ਵੀ ਲੜਕੀਆਂ ਹੀ ਮੁੱਖ ਅਧਾਰ ਰਹਿੰਦੀਆਂ ਹਨ।

ਸਮਾਜ ਨੇ ਔਰਤ ਸਿਰਫ ਮਰਦ ਦੀ ਸਰੀਰਕ ਤੇ ਮਾਨਸਿਕ ਲੋੜ ਪੂਰਤੀ ਦਾ ਯੰਤਰ ਬਣਾ ਦਿੱਤੀ। ਲੋੜ ਸਮੇਂ ਪੁਚਕਾਰਿਆ ਔਰਤ ਨੂੰ ਨਹੀਂ ਦੁਤਕਾਰ ਦਿੱਤਾ, ਇਸਤਰੀ ਦਾ ਬਹੁਤ ਵੱਡਾ ਨਿਰਾਦਰ ਹੈ, ਇਹ ਡਾ: ਫਰਾਈਡ ਵਲੋਂ ਵੀ ਸਿੱਧ ਕੀਤਾ ਕਿ ਕਾਮ ਤ੍ਰਿਪਤੀ ਉਪਰੰਤ ਮਰਦ ਦਾ ਇਸਤਰੀ ਵੱਲ ਪਿੱਠ ਕਰਨਾ ਵੀ ਉਸ ਦੀ ਨਿਰਾਦਰੀ ਦਰਸਾਉਂਦਾ ਹੈ।

ਯੁੱਗਾਂ ਯੁੱਗੰਤਰ ਤੋਂ ਜਦ ਵੀ ਮਰਦ ਨੇ ਗੁੱਸੇ ਵਿਚ ਆ ਕੇ ਜਾਂ ਐਵੇਂ ਹੀ ਮੰਨ ਪ੍ਰਚਾਵੇ ਲਈ ਕੋਈ ਗਾਲ੍ਹ ਕੱਢੀ ਤਾਂ ਵੀ ਉਸ ਨੇ ਇਸਤਰੀ ਰਿਸ਼ਤੇ ਨੂੰ ਸੰਬੋਧਨ ਕੀਤਾ। ਹਰ ਵਾਰ ਗਾਲ੍ਹ ਵਿਚ ਉਚਾਰਣ ਕੀਤਾ "ਤੇਰੀ ਮਾਂ ਦੀ...", "ਤੇਰੀ ਭੈਣ ਦੀ....", "ਮਾਂ ਚੋ.....", "ਭੈਣ ਚੋ......", "ਕੁੜੀ ਚੋ...."। ਬੋਲ ਚਾਲ ਦੀ ਇਸ ਵਿਆਕਰਣ ਤੇ ਸ਼ਬਦਾਵਲੀ ਇਤਨੀ ਪ੍ਰਚੱਲਤ ਹੋ ਗਈ ਹੈ ਕਿ ਇਨ੍ਹਾਂ ਦੀ ਵਰਤੋਂ ਬਿਨਾ ਸਮਾਜ ਅਸਭਯ ਜਿਹਾ ਲੱਗਦਾ ਹੈ।

ਇੰਜ ਮਹਿਸੂਸ ਕੀਤਾ ਜਾਂਦਾ ਹੈ ਕਿ ਜਿਵੇਂ ਆਧੂਨਿਕ ਸਮਾਜ ਗੱਲ ਬਾਤ ਕਰਨ ਦਾ ਸਲੀਕਾ ਹੀ ਭੁੱਲ ਗਿਆ ਹੋਵੇ ਅਤੇ ਵਾਕ ਰਚਨਾ ਅਧੁਰੀ ਰਹਿ ਗਈ ਹੋਵੇ ਬਿਨਾਂ ਗਾਲ੍ਹਾ ਤੋਂ। ਗਾਲ੍ਹ ਵਿਚ ਕਿਸ ਰਿਸਤੇ ਨੂੰ ਵਰਿਤਆ ਗਿਆ ਹੈ ਤੇ ਕਿਸ ਲਈ ਅਤੇ ਕਿਉਂ, ਨਾ ਗਾਲ੍ਹ ਕੱਢਣ ਵਾਲੇ ਨੂੰ ਪਤਾ ਹੁੰਦਾ ਹੈ ਤੇ ਨਾ ਹੀ ਸੁਣਣ ਵਾਲੇ ਨੂੰ, ਬਸ ਗਾਲ੍ਹ ਕੱਢਣ ਲਈ ਕੱਢ ਦਿਤੀ ਜਾਂਦੀ ਹੈ। ਮਹਾਤਮਾਂ ਬੁੱਧ ਜੀ ਨੇ ਪ੍ਰਵਚਨ ਕੀਤੇ ਸਨ ਕਿ ਜੇ ਕੋਈ ਗਾਲ੍ਹ ਕੱਢਦਾ ਹੈ ਤਾਂ ਉਸ ਦਾ ਉਤਰ ਨਾ ਦਿੱਤਾ ਜਾਵੇ ਤਾਂ ਗਾਲ੍ਹ ਕੱਢਣ ਵਾਲੇ ਨੂੰ ਲੱਗਦੀ ਹੈ।

ਪਰ ਇਥੇ ਤਾਂ ਜਿਹੜੀ ਗਾਲ੍ਹ ਕੱਢੀ ਗਈ ਹੈ ਦਾ ਆਪਣੀ ਮਾਂ, ਭੈਣ ਅਤੇ ਲੜਕੀ ਨਾਲ ਵੀ ਤਾਂ ਰਿਸਤਾ ਹੈ। ਸਦੀਆਂ ਤੋਂ ਸਾਨੂੰ ਇਹੋ ਸਿੱਖਿਆ ਦਿਤੀ ਜਾਂਦੀ ਰਹੀ ਹੈ ਹਰ ਇਸਤਰੀ ਉਮਰ ਦੇ ਲਿਹਾਜ ਨਾਲ ਹਰ ਇਕ ਦੀ ਮਾਂ, ਭੈਣ ਤੇ ਧੀ ਲਗਦੀ ਹੈ। ਫਿਰ ਕਿਸ ਨੂੰ ਗਾਲ੍ਹਾਂ ਦਿੱਤੀਆਂ ਜਾ ਰਹੀਆਂ ਹਨ, ਆਪਣੀ ਮਾਂ, ਭੈਣ, ਧੀ ਨੂੰ ਹੀ ਨਾ ਆਖਿਰ, ਮਿਤਰੋ ਸ਼ਰਮ ਕਰੋ ਕੁਝ ਤਾਂ ਘੱਟੋ ਘੱਟ ਲੇਖ ਪੜ੍ਹ ਕੇ ਹੀ ਸਹੀ।
ਕਿਸੇ ਇਸਤਰੀ ਸੰਗਠਣ ਨੇ ਕਦੇ ਵਿਰੋਧ ਨਹੀਂ ਕੀਤਾ ਗਾਲ੍ਹਾਂ ਦਾ। ਕਿਸੇ ਔਰਤ ਨੇ ਅਵਾਜ ਨਹੀ ਚੁੱਕੀ ਬਸ ਬੁੱਤ ਬਣ ਸੁਣਦੀ ਰਹੀ ਗਾਲ੍ਹਾਂ ਮਰਦ ਪਾਸੋਂ। ਪਤਾ ਨਹੀਂ ਕਿਸ ਮਨੋਵਿਗਿਆਨਿਕ ਦੱਬਾ ਹੇਠ ਇੰਜ ਜੁੱਗਾਂ ਤੋਂ ਹੁੰਦਾ ਆ ਰਿਹਾ ਹੈ। ਸਿੱਖ ਧਰਮ ਵਿਚ ਗੁਰੂ ਸਾਹਿਬਾਨਾਂ ਨੇ ਇਸਤਰੀ ਨੂੰ ਮਾਣ ਦਿਤਾ ਤੇ ਫੁਰਮਾਇਆ "ਸੋ ਕਿਉ ਮੰਦਾ ਆਖੀਐ ਜਿਤ ਜੰਮਹਿ ਰਾਜਾਨ "। ਅਸਾਂ ਨੇ ਹੀ ਗਾਲ੍ਹਾਂ ਰਾਹੀ ਅੱਜ ਇਸਤਰੀ ਦੀ ਮਾਂ ਭੈਣ ਇਕ ਕਰ ਦਿਤੀ ।
ਸਮਾਂ ਬਦਲ ਰਿਹਾ ਹੈ ਪਤਾ ਲੱਗਣ ਲੱਗ ਪਿਆ ਹੈ ਜਦੋ ਹੁਣ ਇਸਤਰੀ ਵੀ ਮਰਦਾ ਵਾਂਗ ਮਾਂ, ਭੈਣ ਦੀਆਂ ਗਾਲ੍ਹਾਂ ਕੱਢਣ ਲਗ ਪਈਆ ਹਨ। ਕਿਸ ਰਿਸਤੇ ਨੂੰ ਇਸਤਰੀ ਗਾਲ੍ਹ ਕੱਢ ਰਾਹੀ ਹੈ ਇਸਤਰੀ ਹੀ ਬੇਹਤਰ ਜਾਣਦੀ ਹੈ।
ਪਰ ਸ਼ੁਕਰ ਹੈ ਹਾਲੇ ਤਕ ਸਿੱਖਿਆ ਸ਼ਾਸਤ੍ਰੀਆਂ ਵਲੋਂ ਗਾਲ੍ਹਾਂ ਨੂੰ ਕਿਸੇ ਜਮਾਤ ਦੇ ਸਿਲੇਬਸ ਵਿਚ ਸਾਮਿਲ ਨਹੀਂ ਕੀਤਾ ਗਿਆ ਅਤੇ ਨਾ ਹੀ ਅੱਜ ਤੱਕ ਇਸ ਨੂੰ ਚੌਣਵਾਂ ਵਿਸ਼ਾ ਹੀ ਬਣਾਇਆ, ਨਹੀਂ ਤਾਂ ਪੇਪਰਾਂ ਵਿਚ ਇਸ ਬਾਰੇ ਪ੍ਰਸ਼ਨ ਵੀ ਆਉਦੇ ਅਤੇ ਨੰਬਰ ਵੀ ਦਿਤੇ ਜਾਂਦੇ। ਸਮਾਂ ਦੂਰ ਨਹੀ ਜਦੋਂ ਗੱਲ ਗੱਲ ਵਿਚ ਗਾਂਲ੍ਹਾਂ ਦੀ ਵਰਤੋਂ ਦੇ ਮੁਕਬਲੇ ਵੀ ਹੋਣ ਲੱਗ ਜਾਣਗੇ ਜਿਵੇ ਗਾਣੇ ਗਾਣ ਤੇ ਡਾਂਸ ਆਦਿ ਦੇ ਹੁੰਦੇ ਹਨ।

ਭਾਵੇਂ ਆਧੂਨਿਕ ਸਮੇਂ ਔਰਤ ਨੂੰ ਅਗਾਂਹਾਂ ਵਧੁ ਕਰਾਰ ਦਿਤਾ ਜਾ ਰਿਹਾ ਹੈ ਪਰ ਫਿਰ ਵੀ ਬਹੁਤ ਦੂਰੀ ਹੈ ਮਰਦ ਤੇ ਔਰਤ ਵਿਚ ਅਤੇ ਆਪਸੀ ਸੋਚ ਵਿਚਾਰ ਵਿੱਚ। ਹਾਲੇ ਵੀ ਬਰਾਬਰੀ ਤੇ ਨਹੀ ਆ ਰਹੀ।

Monday, August 9, 2010

ਪੰਜਾਬ

ਪੰਜਾਬ –ਪੰਜਾਂ ਪਾਣੀਆਂ ਦੀ ਧਰਤੀ, ਇਹੋ ਹੀ ਪਹਿਚਾਣ ਹੈ ਹਿੰਦੁਸਤਾਨ ਅਤੇ ਪਾਕਿਸਤਾਨ ਦੀ ਸਾਂਝੀ ਹੱਦ ਤੇ ਪੈਂਦੇ ਇਸ ਇਲਾਕੇ ਦੀ। ਇਸ ਦਾ ਰਕਬਾ ਦੋਵਾਂ ਦੇਸ਼ਾਂ ਵਿੱਚ ਵੰਡਿਆ ਹੋਇਆ ਹੈ। ਇੱਥੇ ਸਿੱਖ, ਹਿੰਦੂ ਅਤੇ ਮੁਸਲਮਾਨ ਧਰਮਾਂ ਦੇ ਲੋਕ ਮੁੱਖ ਤੌਰ ਤੇ ਵਸਦੇ ਹਨ। ਜੈਨੀਆਂ, ਬੋਧੀਆਂ ਅਤੇ ਇਸਾਈਆ ਦੀ ਵੀ ਵਸੋਂ ਹੈ। ਇਤਿਹਾਸ ਤੇ ਬਹੁਤ ਲੰਮਾ ਅਤੇ ਪੁਰਾਣਾ ਹੈ।
ਇਥੋਂ ਦੀਆ ਰੁੱਤਾਂ ਨੇ ਇੱਥੋਂ ਦੇ ਵਸਨੀਕਾਂ ਦਾ ਸੁਭਾਅ ਘੜਿਆ ਹੈ। ਜਿੱਥੇ ਕੜਕਦੀ ਧੁੱਪ ਅਤੇ ਵਗਦੀਆਂ ਲੂਹਾਂ ਨੇ ਕਣਕਾਂ ਦੀ ਵਾਢੀ ਕਰਦੇ ਪੰਜਾਬੀਆ ਨੂੰ ਬਹੁਤ ਅਣਖੀਲਾ ਗਰਮ ਖੂਨ ਦਿੱਤਾ ਹੈ ਉੱਤੇ ਪੋਹ ਮਾਘ ਦੇ ਕੱਕਰ-ਪਾਲੇ ਨੇ ਖੇਤਾ ਨੂੰ ਪਾਣੀ ਲਾਉਂਦੇ ਕਿਸਾਨਾਂ ਨੂੰ ਪਹਾੜ ਜਿੱਡਾ ਜੇਰਾ ਤੇ ਸਖਤ-ਜਾਨ ਬਣਾਇਆ ਹੈ। ਇੱਥੋਂ ਦੀ ਬਹਾਰ ਵਿੱਚ ਖਿੜ੍ਹਦੇ ਸਰੋਂ ਦੇ ਫੁੱਲ ਜਵਾਨੀਆਂ ਦੇ ਚਿਹਰੇ ਤੇ ਹੁਸਨ ਦਾ ਰੁਹਾਨੀ ਖੇੜਾ ਪੈਦਾ ਕਰਦੇ ਹਨ। ਭਾਦੋਂ ਦੀਆਂ ਘਟਾਵਾਂ ਅਤੇ ਗਰਮੀ ਦਾ ਉਤਰਾਅ-ਚੜਾਅ ਜ਼ਿੰਦਗੀ ਦੀਆਂ ਤਲਖ ਸਚਾਈਆਂ ਵਿੱਚ ਜੂਝਦੇ ਰਹਿਣ ਦਾ ਨਿਸਚਾ ਪੈਦਾ ਕਰਦੇ ਹਨ। ਸੌਣ ਦੀਆ ਘਟਾਵਾਂ ਵਿੱਚ ਅਥਰੀ ਜਵਾਨੀ ਨੱਚ ਉੱਠਦੀ ਹੈ ਅਤੇ ਪੰਜਾਬੀਆਂ ਦਾ ਸਿੱਧਾ-ਸਾਦਾ ਜਿਹਾ ਅਸ਼ਿਕਪੁਣਾ ਦੁਨੀਆ ਦੀਆਂ ਮੰਨੀਆ-ਪ੍ਰਮੰਨੀਆ ਪ੍ਰੇਮ-ਕਲੋਲਾਂ ਨੂੰ ਮਾਤ ਦਿੰਦਾ ਹੈ। ਜਦੋਂ ਪੱਤਝੜ ਦੀ ਰੁੱਤੇ ਰੁੱਖ ਰੁੰਡ-ਮਰੁੰਡ ਹੁੰਦੇ ਜਾਂਦੇ ਹਨ ਤਾਂ ਵਧਦੀਆਂ ਕਣਕਾਂ ਨਾਲ ਮਿਲ ਕੇ ਇਹ ਰੁੱਤ ਪੰਜਾਬੀਆਂ ਨੁੰ ਹਰ ਮੁਸਕਿਲ, ਹਰ ਕਹਿਰ ਵਿੱਚੋਂ ਜੇਤੂ ਹੋ ਕੇ ਨਿਕਲਣ ਦੀ ਤਾਕਤ ਦਿੰਦੀ ਹੈ।

ਜਿਹੋ ਜਿਹੀ ਧਰਤੀ ਹੋਵੇ ਉਹੋ ਜਿਹਾ ਖਾਣ-ਪੀਣ ਦਾ ਢੰਗ ਵੀ ਰਚਿਆ ਜਾਂਦਾ ਹੈ। ਪੰਜਾਬੀਆ ਨੂੰ ਮਾਣ ਹੈ ਇੱਥੇ ਵਰਗਾ ਕੁਦਰਤੀ ਵੰਨ ਸੁਵੰਨਾ ਭੋਜਨ ਕਿਤੇ ਵੀ ਨਹੀਂ ਮਿਲਦਾ। ਇੱਥੋਂ ਦੇ ਦੁੱਧ, ਦਹੀਂ, ਲੱਸੀ, ਮੱਖਣ ਦੀ ਤਾਂ ਧਾਂਕ ਹੈ ਹੀ ਪਰ ਇੱਥੋਂ ਵਰਗੀ ਚਾਹ ਵੀ ਕੋਈ ਨਹੀਂ ਬਣਾ ਸਕਦਾ। ਪੰਜਾਬੀਆਂ ਦੀ ਭੋਜਨ ਬਣਾਉਣ ਦੀ ਕਲਾ ਵੀ ਕਮਾਲ ਦੀ ਹੈ। ਮੱਕੀ, ਬਾਜਰੇ, ਵੇਸਣ, ਕਣਕ ਦੀਆ ਰੋਟੀਆਂ, ਸਰੋਂ, ਪਾਲਕ ਦਾ ਸਾਗ, ਕਾਲੇ ਛੋਲੇ, ਕਾਬਲੀ ਛੋਲੇ, ਮੋਠ, ਅਰਹਰ, ਮੁੰਗੀ, ਮਸਰੀ, ਰਾਜਮਾਂਹ, ਮਾਂਹ ਕਾਲੇ ਅਦਿ ਦਾਲਾਂ ਵੀ ਇਸੇ ਧਰਤੀ ਦੀ ਪੈਦਾਇਸ਼ ਹਨ। ਘੀਆ ਕੱਦੂ, ਚੱਪਣ ਕੱਦੂ, ਟਿੰਡੇ, ਭਿੰਡੀਆ, ਤੋਰੀ, ਚੌਲੇ-ਫਲੀਆਂ, ਆਲੂ, ਸ਼ਲਗਮ, ਸ਼ਿਮਲਾ ਮਿਰਚ, ਬੈਂਗਣ, ਟਮਾਟਰ, ਕਟਲ, ਹਰੀ ਮਿਰਚ, ਧਨੀਆ, ਪੁਦੀਨਾ, ਕਕੜੀਆਂ, ਖੀਰੇ ਆਦਿ ਵੀ ਇਹ ਧਰਤੀ ਮਾਣ ਨਾਲ ਪੈਦਾ ਕਰਦੀ ਹੈ। ਜਿੱਥੇ ਇਨਾਂ ਕੁਝ ਹੋਵੇ ਉਥੇ ਫੇਰ ਕੁਝ ਮਿੱਠਾ ਵੀ ਹੋਣਾ ਚਾਹੀਦਾ ਹੈ ਅਤੇ ਪੰਜਾਬ ਦੀ ਧਰਤੀ ਨੂੰ ਇਸ ਗਲ ਦਾ ਖਾਸ ਖਿਆਲ ਹੈ। ਇਸ ਧਰਤੀ ਤੇ ਤੂਤੀਆਂ, ਜਾਮਨਾਂ, ਬਿੱਲ, ਕੇਲੇ, ਖਰਬੂਜੇ, ਤਰਬੂਜ਼, ਅੰਬ, ਆੜੂ, ਸੰਤਰੇ, ਮਾਲਟੇ, ਚੀਕੂ, ਅੰਗੂਰ, ਲੀਚੀਆ, ਨਾਖਾਂ, ਬੱਬੂਗੋਸ਼ੇ, ਅਮਰੂਦ, ਝਾੜ ਬੇਰ, ਲੀਲੂ ਬੇਰ, ਪਿਉਂਦੀ ਬੇਰ, ਕਰੀਰ ਆਦਿ ਮਿੱਠੇ ਫਲ ਪੈਦਾ ਹੁੰਦੇ ਹਨ। ਖਾਣ ਪੀਣ ਵਿੱਚ ਪੰਜਾਬੀਆਂ ਦੇ ਹੱਥਾਂ ਦੀ ਕਲਾਕਾਰੀ ਦਾ ਤਾਂ ਕੋਈ ਜਵਾਬ ਹੀ ਨਹੀਂ। ਖੋਆ ਮਾਰਨਾ, ਸ਼ਰਾਬ ਕੱਢਣੀ, ਸ਼ਰਦਾਈ ਰਗੜਨੀ, ਜਰਦਾ(ਭੁੱਜੇ ਮਿੱਠੇ ਚੌਲ), ਗੁੱਲਗਲੇ, ਮਾਹਲ ਪੂੜੇ, ਖੀਰ, ਨਵੀਂ ਸੂਈ ਮੱਝ ਦੇ ਦੁੱਧ ਦੀ ਬੋਹਲੀ, ਕਲਾਕੰਦ, ਲੱਡੂ, ਬਾਲੋਸ਼ਾਹੀਆਂ, ਕਈ ਪ੍ਰਕਾਰ ਦੀ ਚੱਟਣੀ, ਪਕੌੜੇ, ਮੁਰਗੇ ਅਤੇ ਬੱਕਰੇ; ਕੋਈ ਵੀ ਪਕਵਾਨ ਹੋਵੇ ਇਨਾਂ ਵਰਗਾ ਕੋਈ ਨਹੀਂ ਬਣਾ ਸਕਦਾ। ਦੇਸੀ ਘਿਓ ਤਾਂ ਜਿਵੇਂ ਬਣਿਆ ਹੀ ਇਨ੍ਹਾਂ ਲਈ ਹੈ। ਨਾ ਕੋਈ ਪੰਜਾਬੀਆ ਦਾ ਵੰਨ-ਸੁਵੰਨੇ ਖਾਣਿਆਂ ਦਾ ਏਕਾ-ਅਧਿਕਾਰ ਛੁੱਡਾ ਸਕਦਾ ਹੈ ਅਤੇ ਨਾ ਇਨ੍ਹਾਂ ਛੱਡਣਾ ਹੈ।

ਹੁਣ ਜਦੋਂ ਇਨਾਂ ਕੁਝ ਖਾਧਾ ਜਾਂਦਾ ਹੋਵੇ ਫੇਰ ਉੱਥੇ ਇਨਾਂ ਨੂੰ ਹਜ਼ਮ ਕਰਨ ਦੇ ਢੰਗ ਵੀ ਕੱਢ ਲਏ ਜਾਂਦੇ ਹਨ। ਬੱਚਿਆਂ ਤੋਂ ਲੇਕੇ ਵੱਡਿਆਂ ਤੱਕ ਕਸਰਤ, ਸਵੈ-ਸੁਰੱਖਿਆ ਅਤੇ ਮਨ ਪ੍ਰਚਾਵੇ ਲਈ ਬਹੁਤ ਤਕੜਾ ਖੇਡਾਂ ਦਾ ਖਜ਼ਾਨਾ ਹੈ ਇਸ ਧਰਤੀ ਦੇ ਵਸਨੀਕਾਂ ਕੋਲ। ਪੀਚੋ-ਬੱਕਰੀ ਤੋਂ ਸ਼ੁਰੂ ਹੋ ਕੇ ਘਰ-ਘਰ, ਲੁਕਣ-ਮੀਚੀ, ਫੜਨ-ਫੜਾਈ, ਚਿੱੜੀ-ਉੱਡ, ਦੌੜ ਲਾਉਣਾ, ਪਿੱਠੂ-ਸੇਕਣਾ, ਊਚੀ-ਲੰਮੀ ਛਾਲ, ਬਾਜ਼ੀਆਂ ਪਾਉਣਾ, ਕਬੁੱਤਰਬਾਜ਼ੀ, ਘੋੜ ਸਵਾਰੀ, ਹਲਟਾਂ ਦੀ ਦੌੜ, ਗੱਡਿਆਂ ਦੀ ਦੌੜ, ਕੁਸ਼ਤੀ, ਕਬੱਡੀ, ਤਲਵਾਰਬਾਜ਼ੀ, ਡਾਂਗ-ਬਾਜ਼ੀ, ਬੋਰੀ ਚੁੱਕਣਾ, ਮੁੰਗਲੀਆ ਫੇਰਨੀਆਂ, ਰੱਸਾ-ਖਿਚਣਾ, ਕਣਕਾਂ ਦੀ ਵਾਢੀ ਅਤੇ ਜ਼ੀਰੀ ਲਾਉਣ ਦੇ ਮੁਕਾਬਲੇ, ਤੈਰਾਕੀ, ਹਲ-ਵਾਹੁਣ ਦੇ ਮੁਕਾਬਲੇ, ਕੰਚੇ ਜਾਂ ਬੰਟੇ, ਕਲੀ-ਜੋਟਾ, ਚੋਰ-ਸਿਪਾਹੀ, ਰੱਸੀ ਟੱਪਣਾ, ਪੀਂਘ ਝੂਟਣਾ, ਗੱਤਕਾ, ਬਾਂਦਰ ਕਿੱਲਾ ਆਦਿ। ਖਿੱਦੋ-ਖੂੰਡੀ(ਅੱਜ ਕੱਲ ਹਾਕੀ) ਤਾਂ ਗੁਰੂ ਗੋਬਿੰਦ ਸਿੰਘ ਜੀ ਦੀ ਮਨਪਸੰਦ ਖੇਡ ਰਹੀ ਹੈ।

ਕੰਮਾਂ ਕਾਰਾਂ ਵਿੱਚ ਰੁੱਝੇ ਰਹਿਣਾ ਅਤੇ ਪੈਸੇ ਦੇ ਪੁੱਤ ਬਣ ਜਾਣਾ ਪੰਜਾਬੀਆਂ ਦੀ ਫਿਤਰਤ ਨਹੀਂ, ਮਨ ਪ੍ਰਚਾਵਾ ਬਹੁਤ ਜਿਆਦਾ ਕਰਦੇ ਹਨ। ਮੇਲੇ, ਛਿੰਝਾਂ, ਲੋਕ ਨਾਚਾਂ ਦੀਆਂ ਬਹੁਤ ਸੋਹਣੀਆਂ ਰਵਾਇਤਾਂ ਹਨ। ਸੂਫੀ ਫਕੀਰਾਂ ਦਾ ਜੱਲ੍ਹੀਆਂ ਪਾਉਣਾ, ਸੰਮੀ, ਗਿੱਧਾ, ਭੰਗੜਾ, ਮਲਵਈ ਗਿੱਧਾ ਪੰਜਾਬ ਦੇ ਵਿਹੜੇ ਦਾ ਸ਼ਿੰਗਾਰ ਹਨ। ਸਾਹਿਤਕ ਖਜ਼ਾਨਾ ਵੀ ਬਹੁਤ ਅਮੀਰ ਹੈ। ਕਿੱਸੇ, ਕਹਾਣੀਆਂ, ਸਲੋਕ, ਦੋਹਰੇ, ਛੰਦ, ਘੋੜੀਆਂ, ਸਿੱਠਣੀਆ, ਅਖਾਣ, ਮੁਹਾਵਰੇ, ਗੀਤ, ਕਵਿਤਾਵਾਂ, ਵਾਰਾਂ, ਸ਼ਬਦ, ਸ਼ੇਅਰ ਅਦਿ ਦਾ ਬਹੁਤ ਵੱਡਮੁੱਲਾ ਖਜਾਨਾ ਪੰਜਾਬ ਦੇ ਵਾਰਸਾਂ ਕੋਲ ਹੈ। ਪੰਜਾਬੀਆਂ ਕੋਲ ਘਰੇਲੂ ਕਲਾ ਵੀ ਬਹੁਤ ਉੱਚ ਪਾਏ ਦੀ ਹੈ। ਇਹ ਖੇਤੀਬਾੜੀ ਦੇ ਸੰਦ ਵੀ ਮੁੱਢੋਂ ਬਹੁਤ ਵਦੀਆ ਬਣਾਉਂਦੇ ਰਹੇ ਹਨ। ਸੂਤ ਕੱਤਣਾ, ਕੱਪੜਾ ਬੁਨਣਾ, ਕਢਾਈ ਕਰਨਾ, ਸਿਲਾਈ ਕਰਨਾ, ਬੁਨਣਾ ਆਦਿ ਕੁੜੀਆਂ ਇੰਨੀ ਮੁਹਾਰਤ ਨਾਲ ਕਰਦੀਆਂ ਰਹੀਆਂ ਹਨ ਕਿ ਮਸ਼ੀਨੀ ਕੰਮ ਅੱਜ ਵੀ ਇਸ ਦਾ ਮੁਕਾਬਲਾ ਨਹੀਂ ਕਰ ਸਕਦਾ।

ਪੰਜਾਬ ਦਾ ਕੋਈ ਖਾਸ ਇਕ ਸੱਭਿਆਚਾਰ ਨਹੀਂ ਹੈ। ਇਥੇ ਵਸਦੇ ਧਰਮਾਂ ਦੇ ਆਪੋ ਆਪਣੇ ਰਸਮੋ-ਰਿਵਾਜ਼ ਅਤੇ ਰੀਤਾਂ ਹਨ। ਸਭ ਆਪੋ ਆਪਣੇ ਜੀਵਨ ਦੇ ਕਾਰਜ ਆਪਣੀਆਂ ਧਾਰਮਿਕ ਰੀਤਾਂ ਅਨੁਸਾਰ ਕਰਦੇ ਹਨ। ਇੱਸ਼ਟ ਵਖਰੇ ਹਨ, ਪੂਜਾ ਸਥਾਨ ਅਤੇ ਪੂਜਾ ਦੇ ਢੰਗ ਵੀ ਵੱਖਰੇ ਹਨ। ਪੰਜਾਬੀ ਬੋਲੀ ਸਭ ਦੇ ਧੁਰ ਅੰਦਰ ਤੱਕ ਵਸੀ ਹੈ ਪਰ ਫਿਰ ਵੀ ਮੁਸਲਮਾਨ ਫਾਰਸੀ ਅਤੇ ਉਰਦੂ, ਹਿੰਦੂ ਹਿੰਦੀ ਅਤੇ ਸੰਸਕ੍ਰਿਤ ਨੂੰ ਧਾਰਮਿਕ ਤੌਰ ਤੇ ਵਿਸ਼ੇਸ਼ ਸਤਿਕਾਰ ਦਿੰਦੇ ਹਨ। ਪੰਜਾਬੀ ਦੀ ਗੁਰਮੁਖੀ ਲਿੱਪੀ ਸਾਹਿਬ ਸ੍ਰੀ ਗੁਰੂ ਅੰਗਦ ਸਾਹਿਬ ਵਲੋਂ ਰਚੀ ਹੋਣ ਕਰਕੇ ਸਿੱਖ ਪੰਜਾਬੀ ਲਈ ਲੜਨਾ ਆਪਣਾ ਧਾਰਮਿਕ ਫਰਜ਼ ਸਮਝਦੇ ਹਨ। ਲਹਿੰਦੇ ਪੰਜਾਬ ਵਿੱਚ ਮੁਸਲਮਾਨ ਭਰਾ ਪੰਜਾਬੀ ਨੂੰ ਸ਼ਾਹਮੁਖੀ ਵਿੱਚ ਲਿਖਦੇ ਹਨ। ਪਰ ਇਨਾਂ ਕੁਝ ਹੁੰਦੇ ਹੋਏ ਵੀ ਇੱਥੇ ਲੋਕ ਗੀਤ, ਲੋਕ ਨਾਚ, ਬੋਲੀਆਂ, ਗੀਤ, ਲੋਕ ਖੇਡਾਂ ਆਦਿ ਸਾਂਝੇ ਹਨ। ਇਨ੍ਹਾਂ ਦਾ ਹਾਸਾ, ਰੋਣਾ, ਲੜਨਾ, ਰੁਸਨਾ, ਮਨਾਉਣਾ ਇੱਕੋ ਜਿਹਾ ਹੈ। ਇਹਨਾਂ ਦੀ ਬੜ੍ਹਕ ਵੀ ਸਾਂਝੀ ਹੈ ਅਤੇ ਵਾਰ ਵੀ ਇੱਕੋ ਜਿਹੀ ਸੂਰਮਤਾਈ ਨਾਲ ਕਰਦੇ ਹਨ। ਇਹੋ ਪੰਜਾਬ ਦੀ ਖਾਸੀਅਤ ਹੈ ਇੱਥੋਂ ਦਾ ਸੱਭਿਆਚਾਰ ਕੌਮੀ ਸੱਭਿਆਚਾਰਾਂ ਦੀ ਵੰਨ-ਸੁਵੰਨਤਾ ਦੇ ਹੁੰਦਿਆਂ ਵੀ ਸਾਂਝਾ ਪ੍ਰਤੀਤ ਹੁੰਦਾ ਹੈ।

ਆਰਥਿਕ ਪੱਖ ਤੋਂ ਪੰਜਾਬ ਮੁੱਢੋਂ ਖੁਸ਼ਹਾਲ ਰਿਹਾ ਹੈ ਅਤੇ ਮੁੱਢੋਂ ਹੀ ਇਹ ਹਮਲਾਵਰਾਂ ਦਾ ਸ਼ਿਕਾਰ ਵੀ ਬਣਦਾ ਰਿਹਾ ਹੈ ਅਤੇ ਸ਼ਿਕਾਰ ਕਰਦਾ ਵੀ ਰਿਹਾ ਹੈ। ਇਸ ਦੀ ਖੁਸ਼ਹਾਲੀ ਹਮੇਸ਼ਾ ਹਮਲਾਵਰਾਂ ਦਾ ਨਿਸ਼ਾਨਾ ਬਣਦੀ ਰਹੀ ਹੈ ਅਤੇ ਪੰਜਾਬ ਹਮੇਸ਼ਾ ਇਸ ਮੁਸੀਬਤ ਵਿੱਚੋਂ ਉੱਭਰ ਕੇ ਮੁੜ ਪੈਰਾਂ ਸਿਰ ਹੁੰਦਾ ਰਿਹਾ ਹੈ। ਮੁੜ ਸਥਾਪਤੀ ਦੇ ਮਾਮਲੇ ਵਿੱਚ ਪੰਜਾਬੀ ਬਹੁਤ ਜਿੱਦੀ ਹਨ। ਜਦੋਂ ਮਨ ਵਿੱਚ ਧਾਰ ਲਿਆ ਤਾਂ ਫੇਰ ਕੋਈ ਨਹੀਂ ਟਾਲ ਸਕਦਾ। ਇਸੇ ਜਿੱਦ ਕਰਕੇ ਅੱਜ ਪੰਜਾਬੀ ਦੁਨੀਆ ਦੇ ਹਰ ਦੇਸ਼ ਵਿੱਚ, ਹਰ ਹਲਾਤ ਵਿੱਚ ਆਪਣੀ ਕਾਮਯਾਬੀ ਦੇ ਝੰਡੇ ਗੱਡ ਚੁੱਕੇ ਹਨ ਅਤੇ ਨਵੇਂ ਮੈਦਾਨਾਂ ਵਿੱਚ ਝੰਡੇ ਗੱਡ ਰਹੇ ਹਨ।

ਪੰਜਾਬ ਦਾ ਮੌਜੂਦਾ ਰੂਪ ਦੇਖ ਕੇ ਦਿਲ ਨੂੰ ਦੁੱਖ ਵੀ ਹੁੰਦਾ ਹੈ। ਬੇਸ਼ੱਕ ਪੰਥ ਖਾਲਸਾ ਚੜ੍ਹਦੀਕਲਾ ਵਿੱਚ ਹੈ ਪਰ ਇਸ ਖਿੱਤੇ ਨੂੰ ਵਿਕਸਤ ਕਰਨ ਵਾਲੇ ਖਾਲਸਾ ਰਾਜ ਦਾ ਅੱਜ ਕਿਤੇ ਨਾਮ ਨਿਸ਼ਾਨ ਵੀ ਨਹੀਂ ਰਿਹਾ ਅਤੇ ਇਸ ਖਿੱਤੇ ਦੀ ਛਾਂ ਹੇਠ ਪਲਣ ਵਾਲੇ ਲੋਕ ਅੱਜ ਮੌਜਾ ਮਾਣ ਰਹੇ ਹਨ। ਹਮੇਸ਼ਾ ਹੀ ਪੰਜਾਬ ਦੀ ਬਾਦਸ਼ਾਹੀ ਔਕੜਾਂ ਸਹਿ ਕਿ ਪੂਰਬੀ ਖੇਤਰ ਨੂੰ ਬਚਾ ਕੇ ਰੱਖਦੀ ਰਹੀ ਹੈ। ਹੁਣ ਦਾ ਰਕਬਾ ਵੀ ਬਹੁਤ ਥੋੜਾ ਹੈ। ਯਮੁਨਾ ਤੋਂ ਲੇ ਕੇ ਕਾਬਲ ਤੱਕ ਅਤੇ ਰਾਜਸਥਾਨ ਤੋਂ ਲਦਾਖ ਤੱਕ ਫੈਲਿਆ ਪੰਜਾਬ ਅੱਜ ਚਿੱੜੀ ਦੇ ਪੌਂਚੇ ਵਰਗਾ ਹੋ ਗਿਆ ਹੈ।

ਪਰ ਰੱਬੀ ਬਖਸ਼ਿੱਸ ਅਤੇ ਪੰਜਾਬ ਦੇ ਬਸ਼ਿੰਦਿਆਂ ਦੇ ਜ਼ੇਰੇ ਦਾ ਸਦਕਾ ਕਿੰਨੇ ਹੀ ਘੱਲੂਘਾਰਿਆਂ ਅਤੇ ਕਤਲਿਆਮਾਂ ਵਿੱਚੋਂ ਨਿੱਕਲ ਕੇ ਪੰਜਾਬ ਅੱਜ ਵੀ ਦੁਨੀਆ ਮੂਹਰੇ ਖੜ੍ਹ ਕੇ ਬੜ੍ਹਕ ਮਾਰਨ ਦੀ ਜੁਰਅਤ ਰੱਖਦਾ ਹੈ।

Wednesday, July 21, 2010

ਪੰਜਾਬੀ ਪਹਿਰਾਵੇ

ਬੜਾ ਹੀ ਚਾਅ ਸੀ ਮੈਨੂੰ ਚੰਡੀਗੜ ਰਹਿਣ ਦਾ , ਰੱਬ ਨੇ ਇਹ ਆਸ ਵੀ ਮੇਰੀ ਪੂਰੀ ਕਰ ਦਿੱਤੀ . , ਮੈਂ ਮਨ ਹੀ ਮਨ ਬੜਾ ਖੁਸ਼ ਹੋਇਆ
ਇੱਥੇ ਆ ਕੇ ਮੈਂ ਵੇਖਿਆ ਕਿ ਹਰ ਪਾਸੇ ਮੇਲੇ ਵਰਗਾ ਮਹੌਲ ਲੱਗ ਰਿਹਾ ਸੀ .
. ਦੁੱਖ ਲੱਗਾ ਜਦੋਂ ਦੇਖਿਆ ਕਿ ਉਹ ਸ਼ਾਨਾਮੱਤਾ ਪੰਜਾਬੀ ਪਹਿਰਾਵਾ ( ਸੂਟ - ਸਲਵਾਰ ਅਤੇ ਸਿਰ ' ਤੇ ਚੁੰਨੀ ) ਜਿਸ ਦੀ ਸਾਰੀ ਦੁਨੀਆਂ ' ਤੇ ਅਲੱਗ ਹੀ ਪਹਿਚਾਣ ਹੈ ਉਸ ਨੂੰ ਛੱਡ ਕੇ ਪੰਜਾਬਣਾਂ ' ਪੀਪਨੀ ' ਵਰਗੀਆਂ ਤੰਗ ਜੀਨ ਦੀਆਂ ਪੈਂਟਾਂ ਤੇ ਛੋਟੀਆਂ - ਛੋਟੀਆਂ ਤੰਗ ਟੀ - ਸ਼ਰਟਾਂ ਪਾ ਕੇ ਆਂਪਣੇ ਆਪ ਨੂੰ ਅਗਾਂਹਵਧੂ ਹੋਣ ਦਾ ਸਬੂਤ ਦੇ ਰਹੀਆਂ ਸੀ .
ਮੇਰੀਆਂ ਇਹ ਅਗਾਂਹਵਧੂ ਭੈਣਾਂ ਜਿਸ ਤਰਾਂ ਦੇ ਕੱਪੜੇ ਪਾਉਦੀਆਂ ਹਨ , ਕੋਈ ਸਮਾਂ ਸੀ ਕਿ ਇੱਕ ਪੰਜਾਬਣ ਮੁਟਿਆਰ ਦੀ ਚੁੰਨੀ ਦਾ ਵਜ਼ਨ ਵੀ ਇਨ੍ਹਾਂ ਦੇ ਸਾਰੇ ਪਹਿਨੇ ਹੋਏ ਕੱਪੜਿਆਂ ਦੇ ਵਜ਼ਨ ਤੋਂ ਜਿਆਦਾ ਹੁੰਦਾ ਹੋਵੇਗਾ .
ਕੁਝ ਕੁ ਮੇਰੀਆਂ ਭੈਣਾਂ ਨੂੰ ਜਦੋਂ ਮੈਂ ਪੁੱਛਿਆ ਕਿ ਭੈਣ ਜੀ ਸਾਡੇ ਪੰਜਾਬੀ ਪਹਿਰਾਵੇ ਵਿੱਚ ਕੀ ਖੋਟ ਸੀ , ਜੋ ਤੁਸੀਂ ਇਹ ਪਹਿਰਾਵਾ ਅਪਣਾ ਲਿਆ ? ਤਾਂ ਅੱਗੋਂ ਉਨ੍ਹਾਂ ਜੁਆਬ ਦਿੱਤਾ ਕਿ " ਵੀਰ ਜੀ ਹੁਣ ਕੋਈ ਲੈਕਚਰ ਨਾ ਲਾਉਣ ਲੱਗ ਜਾਇਓ , ਪਹਿਲਾਂ ਮਾਂ - ਬਾਪ ਕੱਪੜਿਆਂ ਪਿੱਛੇ ਟੋਕਦੇ ਰਹਿੰਦੇ ਸੀ , ਤੇ ਹੁਣ ਤੁਸੀਂ ਆ ਗਏ ਓਂ ਪਤਾ ਨੀ ਕਿਧਰੋਂ .ਚਲੋ ਖੈਰ ...... ਸਾਨੂੰ ਅਜਾਦੀ ਮਿਲੀ ਏ ਆਪਣੀ ਮਨ ਪਸੰਦ ਦੀ ਜ਼ਿੰਦਗੀ ਜਿਉਣ ਦੀ .
ਫਿਰ ਮੈਂ ਮੇਰੀਆਂ ਪੰਜਾਬਣ ਭੈਣਾਂ ਨੂੰ ਇਹ ਸਵਾਲ ਪੁੱਛਦਾ ਹਾਂ ਕਿ ਇਹ ਪਹਿਰਾਵਾ ਕਿਸ ਨੂੰ ਵਿਖਾਉਣ ਲਈ ਪਹਿਨਦੀਆਂ ਹਨ ? ਸਿਰਫ ਆਪਣੇ ਹੀ ਪੰਜਾਬੀ ਭੈਣ , ਭਰਾਵਾਂ ਨੂੰ ਵਿਖਾਉਣ ਲਈ ? ਉਹ ਪਹਿਰਾਵਾ ਜਿਸ ਨੂੰ ਪਹਿਨ ਕੇ ਅਸੀਂ ਅਪਣੇ ਭਰਾ ਜਾਂ ਬਾਪ ਅੱਗੇ ਨਾ ਜਾ ਸਕੀਏ , ਉਹ ਪਹਿਰਾਵਾ ਜਿਸ ਨੂੰ ਪਹਿਨ ਕੇ ਅਸੀਂ ਕਿਸੇ ਧਾਰਮਿਕ ਸਥਾਨ , ਗੁਰੂਦਵਾਰੇ ਜਾਂ ਮੰਦਿਰ ਵਿੱਚ ਚੰਗੀ ਤਰਾਂ ਮੱਥਾ ਵੀ ਨਾ ਟੇਕ ਸਕੀਏ . ਪਹਿਲਾਂ ਜਦੋਂ ਮੇਰੀਆਂ ਪੰਜਾਬਣ ਮਾਵਾਂ , ਭੈਣਾਂ ਕਦੀ ਕਿਸੇ ਧਾਰਮਿਕ ਸਥਾਨ ਤੇ ਮੱਥਾ ਟੇਕਣ ਜਾਂਦੀਆਂ ਸਨ , ਤਾਂ ਪੰਜਾਬੀ ਪਹਿਰਾਵੇ ਵਿੱਚ ਸਿਰ ਦੇ ਉੱਤੇ ਚੁੰਨੀ ਲੈਕੇ ਅਤੇ ਦੋਵੇਂ ਹੱਥ ਜੋੜ ਕੇ ਕਿਸੇ ਦੇਵੀ ਦਾ ਰੂਪ ਲਗਦੀਆਂ ਸੀ ਤੇ ਜੋ ਵੀ ਅਰਦਾਸ ਰੱਬ ਅੱਗੇ ਕਰਦੀਆਂ ਸਨ , ਉਹ ਰੱਬ ਵੀ ਨਹੀਂ ਸੀ ਮੋੜਦਾ . ਪਰ ਅੱਜ ਕੱਲ ਆਹ ਪੈਂਟਧਾਰੀ , ਅਗਾਂਹਵਧੂ ਮੇਰੀਆਂ ਪੰਜਾਬਣ ਭੈਣਾਂ ਜਿਸ ਤਰਾਂ ਦੇ ਪਹਿਰਾਵਾ ( ਜੀਨਜ਼ ਦੀਆਂ ਪੈਂਟਾਂ ਅਤੇ ਸ਼ੋਰਟ ਟੀ ਸ਼ਰਟਾਂ ) ਪਾ ਕੇ ' ਤੇ ਇੱਕ ਛੋਟੀ ਜਿਹੀ ' ਰੁਮਾਲੀ " ਨਾਲ ਸਿਰ ਢੱਕ ਕੇ , ਜਦੋਂ ਮੱਥਾ ਟੇਕਣ ਜਾਂਦੀਆਂ ਹਨ ਤਾਂ ਉਨਾਂ ਦਾ ਇਕ ਹੱਥ ਤਾਂ ਪਿੱਛੇ ਪੈਂਟ ' ਤੇ ਟੀ - ਸ਼ਰਟ ਉੱਤੇ ਹੁੰਦੈ ਕਿ ਕਿਤੇ ਦੋਵੇਂ ( ਪੈਂਟ ਤੇ ਟੀ - ਸ਼ਰਟ ) ਇੱਕ ਦੂਜੇ ਦਾ ਸਾਥ ਈ ਨਾ ਛੱਡ ਜਾਣ ਤੇ ਦੂਜਾ ਹੱਥ ਸਿਰ ' ਤੇ ਹੁੰਦੈ ਕਿ ਕਿਤੇ ਰੁਮਾਲ ਨਾ ਥੱਲੇ ਗਿਰ ਜਾਵੇ ਨਾਲ ਹੀ ਥੋੜਾ ਜਿਹਾ ਸਿਰ ਝੁਕਾ ਕੇ ਮੱਥਾ ਟੇਕ ਦਿੰਦੀਆਂ ਹਨ ਇਹ ਪਹਿਰਾਵਾ ਵੇਖ ਕੇ ਸ਼ਾਇਦ ਰੱਬ ਵੀ ਸ਼ਰਮਸਾਰ ਹੋ ਜਾਂਦਾ ਹੋਵੇ . ਮੇਰੇ ਪੰਜਾਬੀ ਵੀਰੋ ਤੇ ਭੈਣੋਂ , ਮੈਂਨੂੰ ਇੱਕ ਗੱਲ ਸਮਝ ਨੀ ਆਉਂਦੀ ਕਿ ਜਹਾਜ਼ ਚੜ੍ਹਦਿਆਂ ਹੀ ਸਾਡਾ ਪਹਿਰਾਵਾ ਸਾਡੇ ਲਈ ਸ਼ਰਾਪ ਕਿਉਂ ਲੱਗਣ ਲੱਗ ਜਾਂਦਾ ਹੈ ? ਪੰਜਾਬੀ ਪਹਿਰਾਵੇ ਦੀ ਸ਼ਾਨ ਦੀ ਗੱਲ ਕਰੀਏ ਤਾਂ , ਜਿੱਥੇ " ਸਲਵਾਰ - ਕਮੀਜ਼ " ਕਿਸੇ ਔਰਤ ਦੇ ਤਨ ਨੂੰ ਲਹਿਜੇ ਨਾਲ ਭਰਪੂਰ ਢਕਾਅ ਦੇ ਕੇ ਉਸਦੀ ਸੁੰਦਰਤਾ ਨੂੰ ਚਾਰ ਚੰਨ੍ਹ ਲਾਉਂਦੀ ਹੈ , ਓਥੇ " ਇੱਜਤ - ਅਣਖ ਦੀ ਪ੍ਰਤੀਕ ਚੁੰਨੀ " ਵੀ ਸਾਡੇ ਪੰਜਾਬੀਆਂ ਲਈ ਇੱਕ ਇੱਜਤ - ਅਣਖ ਦੇ ਸਵਾਲ ਵਾਂਗ ਹੈ .
ਜਿਕਰ ਯੋਗ ਹੈ ਕਿ ਪੁਰਾਣੇ ਸਮਿਆਂ ਵਿੱਚ ਜੇ ਕਿਸੇ ਵੈਲੀ ਨੇ ਕਿਸੇ ਨੂੰ ਲਲਕਾਰਨਾ ਹੁੰਦਾ ਸੀ ਤਾਂ ਉਹ ਉਸ ਦੀ ਭੈਣ ਜਾਂ ਪਤਨੀ ਨੂੰ ਬੇਸ਼ੱਕ ਕੁੱਝ ਨਾਂ ਆਖਦਾ , ਪਰ ਉਸ ਕੁੜੀ ਦੀ ਚੁੰਨੀ ਖੋਹ ਕੇ ਆਪਣੇ ਨਾਲ ਲੈ ਜਾਂਦਾ ਸੀ ਤਾਂ ਜੋ ਉਸਦੇ ਭਰਾ ਜਾਂ ਪਤੀ ਨੂੰ ਲਲਕਾਰਿਆ ਜਾ ਸਕੇ ਕਿ " ਜੇ ਵੱਡਾ ਅਣਖੀ ਏਂ ਤਾਂ ਆਹ ਚੁੰਨੀ ਲੈ ਜਾਵੀਂ ਮੁੜਵਾ ਕੇ .
ਚੁੰਨੀ ਦੀ ਇੱਜਤ ਬਰਕਰਾਰ ਰੱਖਣ ਲਈ ਅਣਖੀ ਲੋਕ ਆਪਣੀ ਜਾਨ ਦੀ ਬਾਜੀ ਲਾ ਕੇ ਚੁੰਨੀ ਮੁੜਵਾ ਲਿਆਉਂਦੇ ਸੀਅਤੇ ਆਪਣੇ ਅਣਖੀ ਹੋਣ ਦਾ ਸਬੂਤ ਦਿੰਦੇ ਸੀ ਤਾਂ ਜੋ ਹਿੱਕ ਤਾਂਣ ਕੇ ਜੱਗ ਉੱਤੇ ਜੀਅ ਸਕਣ . ਪਰ ਅੱਜ ਕੱਲ ਅਣਖ ਤਾਂ ਦੂਰ ਦੀ ਗੱਲ , ਨੱਕ ਡੁਬੋ ਕੇ ਮਰਨ ਲਈ ਪਾਣੀ ਦੀ ਚੱਪਣੀ ਵੀ ਨਹੀਂ ਮਿਲ ਰਹੀ .
ਜਿੱਥੇ ਮੇਰੇ ਪੰਜਾਬੀ ਵੀਰ ਵਿਦੇਸ਼ੀ ਪਹਿਰਾਵਿਆਂ ' ਚ ਰੰਗ ਗਏ ਹਨ , ਓਥੇ ਹੀ ਸਾਡੀਆਂ ਭੈਣਾਂ ਨੇ ਚੁੰਨੀ ਨੂੰ ਬੇ - ਦਾਅਵਾ ਦੇ ਕੇ ਪਤਾ ਨਹੀਂ ਕਿਹੜੇ ਪਾਸਿਓਂ ਅਗਾਂਹਵਧੂ ਹੋਣ ਦਾ ਭਰਮ ਪਾਲ ਲਿਆ ਹੈ ?
ਰ ਅੱਜ ਵੀ ਤੁਹਾਨੂੰ ਇਸ ਤਰ੍ਹਾਂ ਦੇ ਲੋਕ ਟਾਂਵੇ - ਟਾਂਵੇ ਮਿਲ ਸਕਦੇ ਹਨ ਜੋ ਅਣਖ ਤੇ ਇੱਜਤ ਦਾ ਮਤਲਬ ਚੰਗੀ ਤਰ੍ਹਾਂ ਜਾਣਦੇ ਹਨ . ਪਰ ਸਾਡੇ ਮਾਡਰਨ ਤੇ ਅਗਾਂਹਵਧੂ ਨੌਜਵਾਨ ਭੈਣ - ਭਰਾ ਉਨ੍ਹਾਂ ਨੂੰ " ਬੈਕਵਰਡ ' ਸ਼ਬਦ ਜਿਹੇ ਵਿਸ਼ੇਸ਼ਣਾਂ ਨਾਲ ਸੰਬੋਧਨ ਕਰਦੇ ਹਨ . ਅਗਾਂਹਵਧੂ ਹੋਣਾ ਕੋਈ ਮਾੜੀ ਗੱਲ ਨਹੀਂ ਹੈ , ਪਰ ਇਸ ਦੀ ਆੜ ਵਿੱਚ ਆਪਣੇ ਹੀ ਕਲਚਰ ਨੂੰ ਅਤੇ ਅਨਮੋਲ ਵਿਰਸੇ ਦਾ ਘਾਣ ਕਰਨਾ ਜਾਂ ਉਸ ਨੂੰ ਭੁੱਲਣਾ ਮਾੜੀ ਗੱਲ ਹੈ .
ਚੁੰਨੀ " ਭਾਵੇਂ ਪਿਆਜ਼ ਦੇ ਛਿਲਕੇ ਤੋਂ ਵੀ ਪਤਲੀ ਤੇ ਪਾਰਦਰਸ਼ੀ ਹੈ , ਪਰ ਇਹ ਇੱਕ ਔਰਤ ਦਾ ਓਹ ਗਹਿਣਾ ਹੈ ਜੋ ਉਸਦੇ ਤਨ ਨੂੰ ਸਿਰਫ ਢਕਦੀ ਹੀ ਨਹੀਂ ਸਗੋਂ ਉਸ ਦੇ ਮਾਨ ਸਨਮਾਨ ਨੂੰ ਵੀ ਚਾਰ ਚੰਨ ਲਾਉਂਦੀ ਹੈ .
ਕੋਈ ਸਮਾਂ ਸੀ ਜਦੋਂ ਔਰਤ ਆਪਣੇ ਸਹੁਰੇ , ਜੇਠ ਤੋਂ ਅਤੇ ਸਹੁਰੇ ਪਿੰਡ ਦੇ ਬਜ਼ੁਰਗਾਂ ਤੋਂ ਆਪਣੀ ਚੁੰਨੀ ਨਾਲ ਘੁੰਡ ਕੱਢ ਕੇ ਰੱਖਦੀ ਸੀ , ਉਹ ਇਸ ਕਰਕੇ ਨਹੀਂ ਕਿ ਉਹ ਔਰਤ ਬਦਸੂਰਤ ਸੀ . ਸਿਰਫ ਇਸ ਲਈ ਕਿ ਉਹ ਆਪਣੇ ਬਜ਼ੁਰਗਾਂ ਦਾ ਸਤਿਕਾਰ ਕਰਨਾ ਜਾਣਦੀ ਸੀ . ਜਿੱਥੇ ਅੱਜ ਕੱਲ ਮੇਰੀਆਂ ਅਗਾਂਹਵਧੂ ਭੈਣਾਂ ਨੂੰ ਇਸ ਰਿਵਾਜ਼ ਨੂੰ ਹੌਲੀ ਹੌਲੀ ਖਤਮ ਕਰ ਦਿੱਤਾ . ਹੁਣ ਵੀ ਤੁਹਾਨੂੰ ਕੁੱਝ ਮੇਰੀਆਂ ਪੰਜਾਬਣ ਭੈਣਾਂ ਤੇ ਮਾਵਾਂ ਅਜਿਹੀਆਂ ਵੀ ਮਿਲਣਗੀਆਂ ਜੋ ਆਪਣੇ ਰੀਤ - ਰਿਵਾਜ਼ਾਂ ਅਤੇ ਆਪਣੇ ਸੱਭਿਆਚਾਰ ਨੂੰ ਦਿਲ ਵਿੱਚ ਸਮੋਈ ਬੈਠੀਆਂ ਹਨ .
ਅੱਜ ਵੀ ਉਹ ਤੁਹਾਨੂੰ ਪੰਜਾਬੀ ਪਹਿਰਾਵੇ ' ਚ ਅਤੇ ਸਿਰ ਚੁੰਨੀ ਨਾਲ ਢੱਕ ਕੇ ਸਤਿਕਾਰ ਨਾਲ ਕਿਸੇ ਦੇਵੀ ਦੇ ਰੂਪ ਵਿੱਚ ਮਿਲਣਗੀਆਂ . ਕੋਈ ਸਮਾਂ ਸੀ ਜਦੋਂ ਪੰਜਾਬਣ ਮੁਟਿਆਰਾਂ ਆਪਣੇ ਹੱਥੀਂ ਫੁਲਕਾਰੀ ਕੱਢਦੀਆਂ ਸਨ ਅਤੇ ਚੁੰਨੀਆਂ ਨੂੰ ਸੋਹਣੇ ਸੋਹਣੇ ਰੰਗਾਂ ਨਾਲ ਲਲਾਰੀ ਤੋਂ ਰੰਗਵਾਉਦੀਆਂ ਸਨ , ਪਰ ਅੱਜ ਕੱਲ ਜੇ ਤੁਸੀਂ ਕਿਸੇ ਅਗਾਂਹਵਧੂ ਕੁੜੀ ਨੂੰ ਪੁੱਛੋ ਕਿ ਫੁਲਕਾਰੀ ਕੀ ਹੁੰਦੀ ਹੈ ਤਾਂ ਸ਼ਾਇਦ ਉਸਦਾ ਇਹੀ ਜਵਾਬ ਹੋਵੇਗਾ ਕਿ " ਕੋਈ ਫੁਲਾਵਰ ਬੁੱਕੇ ਦੀ ਵਰਾਇਟੀ ਜਾਂ ਕੋਈ ਵੈਲਨਟਾਈਨ ਗਿਫਟ ਹੋਵੇਗਾ . ਤੇ ਲਲਾਰੀ ਦਾ ਤਾਂ ਪਤਾ ਹੀ ਕੀ ਹੋਣੈ .
ਇਹ ਵੀ ਸੱਚ ਹੈ ਕਿਸੇ ਵੀ ਕੰਪਨੀ ' ਚ ਕੰਮ ਕਰਨ ਲਈ ਉਸਦੇ ਪੋ੍ਰਫੈਸ਼ਨ ਮੁਤਾਬਿਕ ਡਰੈੱਸ ਪਾਉਣੀ ਪੈਂਦੀ ਹੈ .
ਪਰ ਕਿਸੇ ਵੀ ਕੰਪਨੀ ਦੀ ਡਰੈੱਸ ਏਨੀ ਮਾੜੀ ਨਹੀਂ ਕਿ ਤੁਹਾਡੇ ਤਨ ਨੂੰ ਸਹੀ ਢਕਾਅ ਨਾ ਦੇ ਸਕੇ .
ਨੇ ਉਹ ਮਾਂ - ਪਿਓ ਜਿਹੜੇ ਸਾਡੇ ' ਤੇ ਏਨਾ ਵਿਸ਼ਵਾਸ਼ ਕਰਦੇ ਹਨ ਕਿ ਸਾਡੇ ' ਤੇ ਲੱਖਾਂ ਰੁਪਏ ਖਰਚਾ ਕਰਕੇ ਸਾਨੂੰ ਪੜ੍ਹਨ ਲਈ ਭੇਜਦੇ ਨੇ , ਸ਼ਾਇਦ ਉਹ ਸਾਡੇ ਤੋਂ ਇਹੀ ਚਾਹੁੰਦੇ ਹਨ ਕਿ ਸਾਡੇ ਬੱਚੇ ਦੇਸ਼ ਦਾ ਅਤੇ ਸਾਡੇ ਅਨਮੋਲ ਵਿਰਸੇ ਦਾ ਨਾਮ ਵੀ ਚਮਕਾਉਣ .
ਪਰ ਪਤਾ ਨਹੀਂ ਕਿਉਂ ਉਹ ਆਪਣੇ ਸੱਭਿਆਚਾਰ ਨੂੰ ਭੁਲਾ ਕੇ ਨੰਗੇਜ ਭਰਪੂਰ ਪਹਿਰਾਵੇ ਨੂੰ ਜਿਆਦਾ ਤਰਜੀਹ ਦਿੰਦੇ ਹਨ . ਮੁੰਡੇ ਕੁੜੀਆਂ ' ਬੁਆਏ ਫਰੈਂਡ ਜਾਂ ਗਰਲ ਫਰੈਂਡ ' ਲੱਭਣਾ ਹੀ ਆਪਣਾ ਪਰਮ - ਧਰਮ ਸਮਝਣ ਲਗਦੇ ਹਨ . ਗੋਰੇ ਤਾਂ ਵਿਆਹ ਤੋਂ ਪਹਿਲਾਂ ਇਕੱਠੇ ਰਹਿੰਦੇ ਸੁਣੇ ਸਨ ਪਰ ਨਵੇਂ ਆਏ ਪੰਜਾਬੀ ਭੈਣ - ਭਰਾ ਸ਼ਰਮ ਹਯਾ ਦੀਆਂ ਕੰਧਾਂ ਟੱਪ ਕੇ , ਮਾਂ ਪਿਓ ਦੀਆਂ ਅੱਖਾਂ ' ਚ ਮਿੱਟੀ ਝੋਕ ਕੇ ਗੋਰਿਆਂ ਤੋਂ ਵੀ ' ਅਗਾਂਹ ' ਲੰਘ ਗਏ ਜਾਪਦੇ ਹਨ )
ਖੂਬਸੂਰਤੀ ਕਿਸੇ ਵੀ ਅੰਗ ਦਿਖਾਉ ਪਹਿਰਾਵੇ ਦੀ ਮੁਹਤਾਜ਼ ਨਹੀਂ , ਸਗੋਂ ਇਹ ਗੱਲ ਵੱਧ ਅਹਿਮੀਅਤ ਰੱਖਦੀ ਹੈ ਕਿ ਤੁਹਾਡੀ ਸ਼ਖਸੀਅਤ ਜਾਂ ਤੁਹਾਡੇ ਵਿਚਾਰ ਕਿੰਨੇ ਖੂਬਸੂਰਤ ਹਨ .
ਵਿਚਾਰਾਂ ਪੱਖੋਂ ਊਣੇ ਲੋਕ ਹੀ ਆਪਣੀ ਹੋਂਦ ਨੂੰ ਦਰਸਾਉਣ ਲਈ ਅਜਿਹੇ ਢਕਵੰਝਾਂ ਦਾ ਸਹਾਰਾ ਲੈਂਦੇ ਹਨ .
ਭੈਣੋ ਤੇ ਭਰਾਵੋ , ਮੇਰੀ ਤੁੱਛ ਬੁੱਧੀ ਨੇ ਜੋ ਕੁੱਝ ਵੀ ਵੇਖਿਆ , ਉਹੀ ਤੁਹਾਡੇ ਨਾਲ ਸਾਂਝਾ ਕਰ ਚੁੱਕਾ ਹਾਂ ਜੇ ਚੰਗਾ ਲੱਗੇ ਤਾਂ ਅਮਲ ਕਰਨ ਦੀ ਕੋਸ਼ਿਸ ਕਰਨਾ . ਜੇ ਤੁੱਛ ਬੁੱਧੀ ' ਚ ਵਾਧਾ ਕਰਨ ਲਈ ਕੋਈ ਸੁਝਾਅ ਦੇ ਸਕਦੇ ਹੋ ਤਾਂ ਮੈਂ ਮੱਥੇ ਤੇ ਹੱਥ ਰੱਖ ਕੇ ਉਡੀਕਾਂਗਾ

Tuesday, July 20, 2010

ਨੌਜਵਾਨਾਂ ਲਈ ਖ਼ਤਰਨਾਕ -ਇਲੈਕਟ੍ਰਿਕ ਮੀਡੀਆ

ਅੱਜ ਤੁਸੀਂ ਕੋਈ ਵੀ ਚੈਨਲ ਲਗਾ ਕੇ ਵੇਖ ਲਵੋ, ਹਰ ਪਾਸੇ ਲੱਚਰਤਾ, ਅਸ਼ਲੀਲਤਾ, ਕਾਮੁਕਤਾ ਭਰੇ ਸੀਨ ਧੀ-ਭੈਣਾਂ ਦੀ ਇੱਜ਼ਤ ਦਾ ਦੀਵਾਲਾ ਕੱਢਦੇ ਹੋਏ ਇਹਨਾਂ ਪਵਿੱਤਰ ਰਿਸ਼ਤਿਆਂ ਦੀ ਮਿੱਟੀ ਪਲੀਤ ਕਰ ਰਹੇ ਹਨ। ਅਧ-ਨੰਗੀਆਂ ਕੁੜੀਆਂ ਦੇ ਸਰੀਰਾਂ ਦੀ ਨੁਮਾਇਸ਼, ਸ਼ਿਸ਼ਟਾਚਾਰ ਅਤੇ ਨੈਤੀਕਤਾ ਦੀਆਂ ਸਾਰੀਆਂ ਹੱਦਾਂ ਟੱਪਦੇ ਹੋਏ ਹੀਰੋ-ਹੀਰੋਇਨਾਂ ਦੇ ਗੰਦੇ ਸੀਨ ਪੰਜਾਬੀ ਸੱਭਿਆਚਾਰ ਦਾ ਬੇੜਾ ਗਰਕ ਕਰ ਰਹੇ ਹਨ । ਅਜੋਕੇ ਗਾਇਕ ਬਿਨ੍ਹਾਂ ਕਿਸੇ ਸਖ਼ਤ ਰਿਆਜ਼ ਅਤੇ ਉਸਤਾਦ ਦੇ ਜਾਂ ਸਖਤ ਘਾਲਣਾ ਦੇ, ਆਪਣੇ ਪਿਉ ਦੀ ਜੱਦੀ-ਪੁਸ਼ਤੀ ਜ਼ਮੀਨ ਵੇਚ ਕੇ, ਕੰਨੀ ਨੱਤੀਆਂ ਗੱਲਾਂ ਵਿੱਚ ਸੰਗਲ ਪਾ ਕੇ, ਟੁੱਟੇ ਹੱਥਾਂ ਨਾਲ ਕੈਮਰੇ ਵੱਲ ਇਸ਼ਾਰੇ ਕਰ ਕੇ, ਟੁਕੜ ਬੋਚ ਗੀਤਕਾਰਾਂ ਕੋਲੋਂ ਬਗਾਨੀ ਧੀ-ਭੈਣ ਦੇ ਸੰਬੰਧ ਵਿੱਚ ਘਟੀਆ ਗੀਤ ਲਿਖਵਾ ਕੇ ਆਪਣੀ ਕੈਸਿਟ ਨੂੰ ਹਿੱਟ ਕਰਵਾਉਣ ਲਈ ਨੰਗੀਆਂ ਲੱਤਾਂ ਅਤੇ ਛਾਤੀਆਂ ਤੇ ਕੈਮਰੇ ਮਾਰ-ਮਾਰ ਕੇ ਸੱਭਿਆਚਾਰ ਦਾ ਗਲਾ ਘੁੱਟ ਰਹੇ ਹਨ। ਪਰ ਧੰਨ ਸਾਡੇ ਜਿਗਰੇ ਕਿ ਬੜੇ ਫ਼ਖਰ ਨਾਲ ਪਰਿਵਾਰ ਵਿੱਚ ਬੈਠ ਕੇ ਆਪਣਾ ਮਨੋਰੰਜਨ ਕੀਤਾ ਜਾ ਰਿਹਾ ਹੈ। ਕੋਈ ਪ੍ਰਤੀਕਰਮ ਜਾਂ ਵਿਰੋਧ ਜਬਰਦਸਤ ਰੂਪ ਵਿੱਚ ਕਿਸੇ ਪਾਸਿਉਂ ਵੀ ਸਾਹਮਣੇ ਨਹੀਂ ਆ ਰਿਹਾ।

ਹੁਣ ਪਿਛਲੇ ਲੰਮੇ ਸਮੇਂ ਤੋਂ ਇੱਕ ਹੋਰ ਨਵਾਂ ਡਰਾਮਾਂ ਸ਼ੁਰੂ ਹੋਇਆ ਪਿਆ ਹੈ ਜਿਸ ਵਿੱਚ ਵੱਖ-ਵੱਖ ਚੈਨਲਾਂ ਵਾਲਿਆਂ ਨੇ ਗਾਇਕ ਪੈਦਾ ਕਰਨ ਦਾ ਠੇਕਾ ਆਪਣੇ ਸਿਰ ਲੈ ਲਿਆ ਹੈ ਹੋਰ ਤਾਂ ਹੋਰ ਕੁਝ ਟੀ.ਵੀ. ਚੈਨਲਾਂ ਵਲੋਂ ਮਸ਼ਕਰੇ ਵੀ ਪੈਦਾ ਕੀਤੇ ਜਾ ਰਹੇ ਹਨ ਜਿਹਨਾਂ ਨੂੰ ਮਹਾਨ ਕਮੇਡੀਅਨ ਕਹਿੰਦੇ ਹਨ ਅਤੇ ਇਹ ਵੀ ਕਮੇਡੀ ਕਰਦੇ-2 ਆਪਣੀ ਔਕਾਤ ਨੂੰ ਭੁੱਲ ਅਸ਼ਲੀਲ ਚੁੱਟਕਲੇ, ਅਤੇ ਧਰਮਾਂ ਉਪਰ ਖ਼ਾਸਕਰ ਸਿੱਖ ਧਰਮ ਦੇ ਸਿਧਾਂਤਾਂ ਤੇ ਵੀ ਹਮਲੇ ਕਰਨ ਵਿੱਚ ਕਸਰ ਨਹੀਂ ਛੱਡਦੇ ਅਤੇ ਅੱਗੇ ਸਿੱਖੀ ਬਾਣੇ ਵਿੱਚ ਬੈਠੇ ਜੱਜ ਵੀ ਦੰਦੀਆਂ ਕੱਢਣ ਤੋਂ ਵੱਧ ਕੁਝ ਨਹੀਂ ਕਰਦੇ ਅਤੇ ਕੌਮ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ
ਕੁੱਲ ਸਿੱਟਾ ਇਹ ਨਿਕਲਦਾ ਹੈ ਕਿ ਅੱਜ ਜੋ ਕੁੱਝ ਵੀ ਮੀਡੀਏ ਦੇ ਰਾਹੀਂ ਸਮਾਜ ਨੂੰ ਵਿਖਾਇਆ ਜਾ ਰਿਹਾ ਹੈ, ਉਹ ਕੋਈ ਬਹੁੱਤਾ ਵਧੀਆ ਜਾ ਉਸਾਰੂ ਨਹੀਂ ਹੈ ਜਿਸ ਕਰਕੇ ਖਾਸਕਰ ਨੌਜਵਾਨ ਇਸ ਨੂੰ ਰਿਐਲਟੀ ਭਾਵ ਸੱਚਾਈ ਸਮਝ ਕੇ ਅਪਨਾ ਰਹੇ ਹਨ ਜੋ ਉਹਨਾਂ ਲਈ ਹੀ ਖ਼ਤਰਨਾਕ ਸਾਬਿਤ ਹੁੰਦਾ ਹੈ ਜਿਸ ਦਾ ਸਭ ਤੋਂ ਵੱਡਾ ਖਮਿਆਜ਼ਾ ਸਿੱਖ ਕੌਮ ਨੂੰ ਭੁਗਤਣਾ ਪੈ ਰਿਹਾ ਹੈ ਕਿਉਂਕਿ ਨੌਜਵਾਨ ਕੌਮ ਦਾ ਭਵਿੱਖ ਹੁੰਦੇ ਹਨ ਪਰ ਜੇਕਰ ਨੌਜਵਾਨ ਹੀ ਆਪਣੇ ਅਮੀਰ ਵਿਰਸੇ, ਸੱਭਿਆਚਾਰ, ਗੁਰੂਆਂ ਅਤੇ ਸਿੱਖਾਂ ਦੀ ਕੁਰਬਾਨੀਆਂ ਨੂੰ ਭੁਲਾ ਕੇ ਹੋਰਨਾਂ ਹੀ ਵਿਅਰਥ ਕਾਰਜਾਂ ਵਿੱਚ ਫਸ ਕੇ ਆਪਣਾ ਧਰਮ ਖਤਰੇ ਵਿੱਚ ਪਾ ਦੇਣਗੇ ਤਾਂ ਕੌਮ ਦਾ ਤਾਂ ਰੱਬ ਹੀ ਰਾਖਾ ਹੋਵੇਗਾ

ਜੋਸ਼ੀਲਾ ਪੰਜਾਬ ਜਾਂ ਨਸ਼ੀਲਾ ਪੰਜਾਬ

ਪਿਛਲੇ ਸਮੇਂ ਦੌਰਾਨ ਪੰਜਾਬ ਵਿੱਚੋਂ ਇਹ ਗੱਲ ਉੱਭਰਕੇ ਸਾਹਮਣੇ ਆਈ ਹੈ ਕਿ ਪੰਜਾਬ ਦੀ ਜਵਾਨੀ ਹੱਡੀਆਂ ਦੀ ਮੁੱਠ ਬਣਕੇ ਰਹਿ ਗਈ ਹੈ ਪੰਜਾਬ ਦੇ ਗਜ਼ ਗਜ਼ ਚੌੜੀਆਂ ਹਿੱਕਾਂ ਵਾਲੇ ਜਵਾਨ ਅਤੇ ਪੰਜਾਬ ਵਰਗੇ ਦਰਸ਼ਨੀ ਜਵਾਨ ਹਿੰਦੁਸਤਾਨ ਦੇ ਹੋਰ ਕਿਸੇ ਕੋਨੇ ਚੋਂ ਨਹੀਂ ਸਨ ਲੱਭਦੇ ਪੰਜਾਬ ਦੇ ਗੱਭਰੂਆਂ ਦੀ ਬਹਾਦਰੀ ਅਤੇ ਸੁਹੱਪਣ ਦਾ ਮੁਕਾਮ ਸੀ, ਇੱਕ ਸਮਾਂ ਸੀ ਜਦੋਂ ਸਾਡੇ ਨੌਜਵਾਨ ਆਪਣੇ ਤੰਦਰੁਸਤ ਜੁੱਸਿਆਂ ਕਾਰਨ ਜਾਣੇ ਜਾਂਦੇ ਸਨ ਪ੍ਰੰਤੂ ਅੱਜ ਨਸ਼ਿਆਂ ਵਰਗੀ ਲਾਹਣਤ ਵਿੱਚ ਫਸ ਕੇ ਜਿਥੇ ਉਹਨਾਂ ਆਪਣੀ ਤੰਦਰੁਸਤੀ ਨੂੰ ਗੁਆ ਲਿਆ ਹੈ ਉਥੇ ਹੀ ਮਾਨਸਿਕ ’ਤੇ ਸਰੀਰਕ ਤੌਰ ’ਤੇ ਵੀ ਕਮਜ਼ੋਰ ਹੋ ਕੇ ਰਹਿ ਗਏ ਹਨ’’
ਪੰਜਾਬ ਵਿਚ ਅੱਜ ਪਾਣੀ ਦੀਆਂ ਨਦੀਆਂ ਸੁੱਕ ਰਹੀਆਂ ਹਨ ਅਤੇ ਨਸ਼ਿਆਂ ਦੇ ਦਰਿਆ ਜੋਬਨ ਤੇ ਵਹਿ ਰਹੇ ਹਨ,ਜਿਨ੍ਹਾ ਵਿਚ ਪੰਜਾਬ ਦੀ ਜਵਾਨੀ ਡੁੱਬ ਕੇ ਗੋਤੇ ਖਾਈ ਜਾ ਰਹੀ ਹੈ ਪੰਜਾਬ ਵਿਚ ਸਭ ਤੋਂ ਵਧੇਰੇ ਨਸ਼ਾ ਸ਼ਰਾਬ ਦਾ ਹੈ ਅਤੇ ਇਸ ਨਸ਼ੇ ਨੂੰ ਪੰਜਾਬੀਆਂ ਵੱਲੋਂ ਪੂਰੀ ਮਾਨਤਾ ਮਿਲੀ ਹੋਈ ਹੈ ਜਦੋਂ ਕਿ ਸ਼ਰਾਬ ਮਨੁੱਖ ਨੂੰ ਸਿਹਤ ਪੱਖੋਂ ਵੱਡਾ ਨੁਕਸਾਨ ਪਹੁੰਚਾਉਂਦੀ ਹੈ ਇਸਤੋਂ ਇਲਾਵਾ ਹੋਰ ਵੀ ਅਣਗਿਣਤ ਨਸ਼ੇ ਹਨ,ਜੋ ਮਾਪਿਆਂ ਦੀ ਨਜ਼ਰ ਤੋਂ ਉਹਲੇ ਵਰਤੇ ਜਾ ਰਹੇ ਹਨ
ਪਹਿਲਾਂ ਪਹਿਲ ਤਾਂ ਪਿੰਡਾਂ ਵਿੱਚ ਸ਼ਰਾਬ ਆਦਿ ਬਾਰੇ ਹੀ ਲੋਕਾਂ ਨੂੰ ਪਤਾ ਹੁੰਦਾ ਸੀ ਅਤੇ ਹਰ ਪਿੰਡ ਵਿੱਚ ਸਿਰਫ ਗਿਣਤੀ ਦੇ ਦੋ-ਚਾਰ ਕੁ ਹੀ ਅਮਲੀ ਹੁੰਦੇ ਸਨ ਜੋ ਕਿ ਆਪਣੇ ਨਸ਼ੇ ਨੂੰ ਪੂਰਾ ਕਰਨ ਲਈ ਡੋਡੇ ਤੇ ਅਫ਼ੀਮ ਆਦਿ ਦੀ ਵਰਤੋਂ ਕਰਦੇ ਸਨ। ਪਰ ਹੁਣ ਜਿਵੇਂ ਪਿੰਡਾਂ ਵਿੱਚ ਨਸ਼ਿਆਂ ਦੀ ਵਰਤੋਂ ਹੋ ਰਹੀ ਹੈ ਤਾਂ ਉਹ ਦਿਨ ਦੂਰ ਨਹੀਂ ਜਦੋਂ ਲੱਗਭੱਗ ਹਰ ਘਰ ਵਿੱਚ ਇੱਕ ਅਮਲੀ ਹੋਵੇਗਾ। ਇਹ ਨੌਜਵਾਨ ਸ਼ਰਾਬ ਨੂੰ ਤਾਂ ਕੁੱਝ ਸਮਝਦੇ ਹੀ ਨਹੀਂ ਹਨ। ਹੁਣ ਤਾਂ ਨੌਜਵਾਨ ਅਫ਼ੀਮ ਡੋਡਿਆਂ ਤੋਂ ਇਲਾਵਾ ਸਮੈਕ, ਚਰਸ, ਗਾਂਜਾ ਆਦਿ ਮਹਿੰਗੇ ਨਸ਼ੇ ਕਰਨ ਨੂੰ ਆਪਣੀ ਟੌਹਰ ਸਮਝਦੇ ਹਨ।
ਪ੍ਰਾਪਤ ਅੰਕੜਿਆਂ ਮੁਤਾਬਕ ਮਾਲਵੇ ਚ 65 ਫੀ ਸਦੀ,ਦੁਆਬੇ ਚ 68 ਫੀ ਸਦੀ ਅਤੇ ਮਾਝੇ ਚ 61 ਫੀ ਸਦੀ ਲੋਕ ਨਸ਼ਿਆਂ ਦੀ ਵਰਤੋਂ ਕਰਦੇ ਹਨ ਦੂਸਰਾ ਸਿਤਮਜ਼ਰੀਫੀ ਵਾਲੀ ਗੱਲ ਇਹ ਵੀ ਹੈ ਕਿ ਖੁੱਲ੍ਹੀਆਂ ਖੁਰਾਕਾਂ ਖਾਣ ਵਾਲੇ ਪੰਜਾਬੀਆਂ ਵਿਚੋਂ ਅੱਜ ਤੰਗੀਆਂ ਤੁਰਸ਼ੀਆਂ ਦੇ ਮਾਰੇ ਬਹੁਤੇ ਮਾਪੇ ਆਪਣੇ ਬੱਚਿਆਂ ਦੇ ਮੂੰਹ ਚੋਂ ਦੁੱਧ ,ਘਿਉ ਖੋਹਕੇ ਆਪਣੀ ਕਬੀਲਦਾਰੀ ਦਾ ਡੰਗ ਟਪਾਉਣ ਲਈ ਇਸਨੂੰ ਮੁੱਲ ਵੇਚਕੇ ਆਪਣਾ ਜੂਨ ਗੁਜ਼ਾਰਾ ਕਰਦੇ ਹਨ ਅਤੇ ਕਈ ਆਪਣੇ ਬੱਚਿਆਂ ਲਈ ਲੋੜੀਂਦੀਆਂ ਖੁਰਾਕੀ ਵਸਤਾਂ ਮੁੱਲ ਖਰੀਦਕੇ ਦੇਣ ਤੋਂ ਅਸਮਰਥ ਹਨ,ਫਿਰ ਚੌੜੀਆਂ ਹਿੱਕਾਂ ਵਾਲੇ ਛੇ ਛੇ ਫੁੱਟੇ ਜਵਾਨ ਕਿੱਥੋਂ ਮਿਲਣ ਵਾਲੇ ਹਨ
ਹਰੇ ਇਨਕਲਾਬ ਦੀ ਤੁਲਨਾ ਵਿਚ ਖੇਤੀਬਾੜੀ ਤੋਂ ਹੁੰਦੇ ਮੁਨਾਫ਼ੇ ਦੇ ਵਾਧੇ ’ਚ ਆਈ ਭਾਰੀ ਗਿਰਾਵਟ ਅਤੇ ਸਰਕਾਰਾਂ ਵੱਲੋਂ ਰੋਜ਼ਗਾਰ ਦੇ ਮਾਮਲੇ ’ਚ ਹੱਥ ਖੜ੍ਹੇ ਕਰ ਦੇਣ ਨਾਲ ਪਿੰਡਾਂ ਦਾ ਨੌਜਵਾਨ ਵਰਗ ਦੁਬਿਧਾ ਅਤੇ ਪ੍ਰੇਸ਼ਾਨੀ ਨਾਲ ਘਿਰਿਆ ਪਿਆ ਹੈ। ਅੱਤਵਾਦ ਦੌਰਾਨ ਹੋਏ ਨੁਕਸਾਨ ਤੋਂ ਬਾਅਦ ਗੋਡਿਆਂ ਭਾਰ ਉਠ ਰਹੇ ਮਾਝੇ ਦੇ ਪੇਂਡੂ ਗੱਭਰੂਆਂ ਨੂੰ ਹੁਣ ਪ੍ਰਵਾਸ ਦਾ ਔਖਾ ਰਸਤਾ ਇਕੋ ਇਕ ਹੱਲ ਦਿਖਾਈ ਦੇ ਰਿਹਾ ਹੈ। ਸੁੰਗੜ ਰਹੀਆਂ ਜ਼ਮੀਨਾਂ ਵੱਲੋਂ ਵੀ ਆਸ ਦੀ ਕੋਈ ਕਿਰਨ ਨਾ ਆਉਂਦੀ ਵੇਖ ਕੇ ‘ਹਤਾਸ਼’ ਜਵਾਨੀ ਨਸ਼ਿਆਂ ਦੀ ਮੰਡੀ ਦਾ ਰੂਪ ਬਣ ਰਹੀ ਹੈ।

ਪੰਜਾਬ ਦੀ ਸਰੀਰਕ ਤੰਦਰੁਸਤੀ ਨੇ ਪੂਰੀ ਦੁਨੀਆ ਵਿੱਚ ਆਪਣਾ ਲੋਹਾ ਮਨਵਾਇਆ ਹੈ। ਪੰਜਾਬੀਆਂ ਦੀ ਹਰ ਖੇਡ ਵਿੱਚ ਵੱਡੀ ਧਾਕ ਰਹੀ ਹੈ। ਇਕੱਲੀਆਂ ਖੇਡਾਂ ਹੀ ਨਹੀਂ ਪੰਜਾਬੀਆਂ ਨੇ ਹਰ ਜ਼ੁਲਮ ਦਾ ਟਾਕਰਾ ਕੀਤਾ, ਹਰ ਦੁਸ਼ਮਣ ਤੇ ਮੈਦਾਨ ਜੰਗ ਵਿੱਚ ਫਤਿਹ ਹਾਸਲ ਕੀਤੀ, ਦੇਸ਼ ਦੀ ਆਜ਼ਾਦੀ ਲਈ 90 ਪ੍ਰਤੀਸ਼ਤ ਕੁਰਬਾਨੀਆਂ ਕੀਤੀਆਂ। ਪੰਜਾਬੀ ਉਸ ਕੌਮ ਦੇ ਉਸ ਗੁਰੂ ਦੇ ਵਾਰਿਸ ਹਨ ਜਿਨ੍ਹਾਂ ਨੂੰ ਈਨ ਮੰਨਣ ਨਹੀਂ ਆਉਂਦੀ। ਇਹ ਪੰਜਾਬੀਆਂ ਦੀ ਤੰਦਰੁਸਤੀ ਅਤੇ ਦਲੇਰੀ ਹੀ ਹੈ ਕਿ ਉਹ ਹਰ ਮੈਦਾਨ ਫਤਿਹ ਲਈ ਜੂਝਦੇ ਹਨ। ਨੌਜਵਾਨਾਂ ਨੂੰ ਬਿਨਾਂ ਮੰਗੇ ਇਹੀ ਸਲਾਹ ਹੈ ਕਿ ਤੁਸੀਂ ਉਸ ਕੌਮ ਦੇ ਵਾਰਸ ਹੋ ਜਿਸਦੇ ਗੁਰੂ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤੁਹਾਡੀ ਕੌਮ ਦੀ ਜ਼ਮੀਰ ਨੂੰ ਕਾਇਮ ਰੱਖਣ ਲਈ ਆਪਣੇ ਪੁੱਤਰ ਤੇ ਆਪਣੇ ਪਿਉ ਦਾਦੇ ਵਾਰ ਦਿੱਤੇ। ਅਜਿਹੀ ਕੁਰਬਾਨੀ ਦੁਨੀਆ ਵਿੱਚ ਨਾ ਕਿਸੇ ਨੇ ਕੀਤੀ ਹੈ ਨਾ ਹੀ ਭਵਿੱਖ ਵਿੱਚ ਹੋਵੇਗੀ। ਉਹ ਭਟਕੇ ਹੋਏ ਪੰਜਾਬ ਦੇ ਸੂਰਬੀਰ, ਨੌਜਵਾਨੋ ਤੁਸੀਂ ਨਸ਼ਿਆਂ ਦੇ ਵੱਸ ਪੈ ਗਏ ਹੋ ਪਰ ਤੁਹਾਨੂੰ ਪਤਾ ਕਿ ਭਲਕੇ ਤੁਸੀਂ ਹੀ ਇਸ ਦੇਸ਼ ਦੀ ਵਾਗ-ਡੋਰ ਸੰਭਾਲਣੀ ਹੈ। ਤੁਹਾਡੇ ਵਿਚੋਂ ਹੀ ਮਿਲਖਾ ਸਿੰਘ, ਬਲਬੀਰ ਸਿੰਘ, ਸੁਰਜੀਤ, ਗਗਨਅਜੀਤ, ਅਜੀਤਪਾਲ ਫੁੱਟਬਾਲਰ, ਜਰਨੈਲ ਸਿੰਘ, ਸ਼ਹੀਦ ਭਗਤ ਸਿੰਘ, ਊਧਮ ਸਿੰਘ ਕਲਪਨਾ ਚਾਵਲਾ ਵਰਗੇ ਪੈਦਾ ਹੋਣੇ ਹਨ ਪਰ ਜੇਕਰ ਤੁਸੀਂ ਨਸ਼ਿਆਂ ਵਿੱਚ ਨਿਘਰ ਕੇ ਆਪਣੇ ਆਪ ਨੂੰ ਹੀ ਸੰਭਾਲਣ ਜੋਗੇ ਨਾ ਰਹੇ ਤਾਂ ਫੇਰ ਇਹ ਵਤਨ ਪੰਜਾਬ ਦੀ ਵਾਗ-ਡੋਰ ਕੋਣ ਸੰਭਾਲੇਗਾ।
ਇਹ ਫੈਸਲਾ ਤੁਹਾਡੇ ਹੱਥ ਵਿੱਚ ਹੈ ਕਿ ਤੁਸੀਂ ਆਪਣੇ ਸੋਹਣੇ ਵਤਨ ਪੰਜਾਬ ਨੂੰ ਜੋਸ਼ੀਲਾ ਪੰਜਾਬ ਬਣਾਉਣਾ ਹੈ ਜਾਂ ਨਸ਼ੀਲਾ ਪੰਜਾਬ।


Tuesday, July 13, 2010

ਅੱਜਕੱਲ - ਪੈਸੇ ਦੇ ਪ੍ਰਭਾਵ

ਅੱਜਕੱਲ ਪੈਸਾ ਇੱਕ ਅਜਿਹੀ ਸ਼ੈਅ ਬਣ ਚੁੱਕਾ ਹੈ ਜਿਸ ਦੇ ਬਿਨਾ ਮਨੁੱਖ ਬਿਲਕੁਲ ਪ੍ਰਭਾਵਹੀਨ ਬਣ ਜਾੰਦਾ ਹੈ ਕੋਈ ਉਸਦੀ ਕਦਰ ਨਹੀ ਕਰਦਾ, ਉਸਦੀ ਹਰ ਗੱਲ ਬੇਅਰਥ ਸਿੱਧ ਹੁੰਦੀ ਹੈ ਉਸਨੂੰ ਤਿਰਸਕਾਰ ਭਰੀ ਨਜ਼ਰ ਨਾਲ ਵੇਖਿਆ ਜਾੰਦਾ ਹੈ, ਜਦ ਉਸੇ ਮਨੁੱਖ ਕੋਲ ਪੈਸਾ ਆ ਜਾੰਦਾ ਹੈ ਤਾਂ ਉਸਦੀ ਜ਼ਿੰਦਗੀ ਹੀ ਬਦਲ ਜਾੰਦੀ ਹੈ ਹਰ ਕੋਈ ਉਸਦਾ ਪਾਣੀ ਭਰਦਾ ਨਜ਼ਰ ਆਉੰਦਾ ਹੈ, ਉਸਦੇ ਮੂੰਹੋ ਨਿਕਲੀ ਹਰ ਗੱਲ ਦੇ ਵੱਖ - ਵੱਖ ਮਤਲਬ ਕੱਢ ਕੇ ਉਹਨਾਂ ਦਾ ਪ੍ਰਚਾਰ ਕਰਨਾ ਉਸਦੇ ਆਲੇ ਦੁਆਲੇ ਰਹਿੰਦੇ ਸੱਜਣਾ ਦਾ ਧਰਮ ਹੀ ਬਣ ਜਾੰਦਾ ਹੈ, ਪੈਸਾ ਅੱਜਕੱਲ ਹਰ ਰਿਸ਼ਤੇ ਦੀ ਡੂੰਘਾਈ ਨਿਸ਼ਚਿਤ ਕਰਦਾ ਹੈ, ਅਮੀਰ ਮਨੁੱਖ ਦੇ ਆਲੇ ਦੁਆਲੇ ਰਿਸ਼ਤੇਦਾਰਾਂ ਦੀ ਭੀੜ ਲੱਗੀ ਰਹਿੰਦੀ ਹੈ ਕਿਉੰਕਿ ਉਸ ਤੋਂ ਕਈ ਪ੍ਰਕਾਰ ਦੀ ਆਸ ਰਹਿੰਦੀ ਹੈ | ਸੋ ਇਹ ਤਾਂ ਹੈ ਪੈਸੇ ਦੇ ਪ੍ਰਭਾਵ ਦੀ ਗੱਲ, ਜੇਕਰ ਇਸਦੇ ਭੰਡਾਰਣ ਬਾਰੇ ਗੱਲ ਕੀਤੀ ਜਾਵੇ ਕਿ ਪੈਸਾ ਕੋਲ ਜਮਾਂ ਕਰਨਾ ਜ਼ਰੂਰੀ ਹੈ ਕਿ ਨਹੀਂ | ਇਹ ਗੱਲ ਮਨੁੱਖ ਦੀ ਪ੍ਰਵਿਰਤੀ ਅਨੁਸਾਰ ਠੀਕ ਹੈ ਕਿ ਕੁੱਝ ਸੀਮਾ ਤੱਕ ਪੈਸਾ ਕੋਲ ਰੱਖਿਆ ਜਾਣਾ ਸਹੀ ਹੈ ਤਾਂ ਜੋ ਉਹ ਆਪਣੀ ਰੋਜ਼ਾਨਾ ਜ਼ਿੰਦਗੀ ਨੂੰ ਸੁਖਾਲਾ ਰੱਖ ਸਕੇ ਆਪਣੀਆਂ ਜ਼ਰੂਰੀ ਲੋੜਾਂ ਪੂਰੀਆਂ ਕਰ ਸਕੇ ਪਰ ਪੈਸਾ ਇੱਕਠਾ ਕਰਨਾ ਅਤੇ ਖਰਚ ਨਾ ਕਰਨਾ ਅਤੇ ਇੱਕਠਾ ਕਰਨ ਦੀ ਰੁਚੀ ਖਤਰਨਾਕ ਹੈ, ਦੇਸ਼ ਦੀ ਅਰਥ ਵਿਵਸਥਾ ਇਸਦੇ ਚੱਲਦੇ ਰਹਿਣ ਨਾਲ ਹੀ ਜੁੜੀ ਹੋਈ ਹੈ ਇਸਦੇ ਚੱਕਰ 'ਚ ਆਈ ਖਡੋਤ ਦੇਸ਼ ਦੇ ਵਿਕਾਸ 'ਚ ਖਡੌਤ ਮੰਨੀ ਜਾਂਦੀ ਹੈ