Thursday, April 22, 2010

ਪੰਜਾਬੀ ਰਹਿਣ-ਸਹਿਣ

ਕੁਦਰਤ ਦਾ ਮਨੁੱਖ ਦੇ ਰਹਿਣ-ਸਹਿਣ ਉੱਤੇ ਬੜਾ ਡੂੰਘਾ ਪ੍ਰਭਾਵ ਹੈ। ਰਹਿਣ-ਸਹਿਣ ਉੱਤੇ ਕੁਦਰਤ ਦੇ ਵੱਖ-ਵੱਖ ਅੰਗਾਂ ਦਾ ਪ੍ਰਭਾਵ ਦੋ ਵਰਗਾਂ ਵਿੱਚ ਵੰਡਿਆ ਜਾ ਸਕਦਾ ਹੈ:
ਸੂਰਜ ਦੁਆਰਾ ਪ੍ਰਭਾਵਿਤ ਰਹਿਣ-ਸਹਿਣ
ਧਰਤੀ ਦੇ ਸੌਰ-ਮੰਡਲ ਦਾ ਕੇਂਦਰੀ ਧੁਰਾ ਸੂਰਜ ਸਾਡੇ ਪੌਣ-ਪਾਣੀ, ਦਰਿਆਵਾਂ, ਧਰਤੀ ਦੀ ਉਪਜਾਊ ਸ਼ਕਤੀ, ਬਨਸਪਤੀ ਆਦਿ ਨੂੰ ਇਸ ਤਰ੍ਹਾਂ ਨਿਰਧਾਰਿਤ ਕਰਦਾ ਹੈ ਕਿ ਅਸੀਂ ਸੂਰਜ ਦੇ ਨਿਜ਼ਾਮ ਅਨੁਸਾਰ ਸਵੇਰੇ ਉੱਠਣ ਦੇ ਸਮੇਂ ਤੋਂ ਲੈ ਕੇ, ਭੱਤਾ ਵੇਲਾ, ਸ਼ਾਹ ਵੇਲਾ, ਫ਼ਸਲਾਂ ਬੀਜਣ ਅਤੇ ਵੱਢਣ ਦਾ ਸਮਾਂ ਨਿਸਚਿਤ ਕਰਦੇ ਹਾਂ। ਸੂਰਜ ਸਾਡੇ ਖਾਣ-ਪੀਣ --ਗਰਮੀਆਂ ਵਿੱਚ ਕੱਦੂ, ਟਿੰਡੇ, ਕਰੇਲੇ, ਭਿੰਡੀ-ਤੋਰੀ, ਹਲਵਾ, ਖ਼ਰਬੂਜ਼ੇ, ਤਰਬੂਜ਼, ਅੰਬ, ਜਾਮਨੂੰ ਦੀਆਂ ਫ਼ਸਲਾਂ ਅਤੇ ਫਲ ਪਕਾਉਂਦਾ ਹੈ। ਇੱਥੋਂ ਤਕ ਕਿ ਸੂਰਜ ਦੀ ਗਰਮੀ ਅਨੁਸਾਰ ਸਾਡਾ ਪਹਿਰਾਵਾ ਗਰਮੀਆਂ ਵਿੱਚ ਪਤਲੇ ਮਲਮਲ ਦੇ ਕੱਪੜੇ, ਪਰਨੇ ਅਤੇ ਸਰਦੀਆਂ ਵਿੱਚ ਖੱਦਰ ਦੇ ਕੱਪੜੇ ਅਤੇ ਖੇਸੀ, ਲੋਈ ਦੀ ਬੁੱਕਲ ਸਾਡੀਆਂ ਲੋੜਾਂ ਬਣਦੇ ਹਨ। ਗਰਮੀਆਂ ਦੇ ਦਿਨਾਂ ਵਿੱਚ ਛਬੀਲਾਂ ਲਾਉਣੀਆਂ, ਕੱਕੋਂ ਦਾ ਸ਼ਰਬਤ, ਸੱਤੂ ਖਾਣੇ, ਖੀਰਾ, ਤਰਾਂ ਖਾਣੀਆਂ ਸੂਰਜ ਦੀ ਅਤਿ ਦੀ ਗਰਮੀ ਤੋਂ ਬਚਣ ਲਈ ਖੁਰਾਕ ਦੇ ਅੰਸ਼ ਹਨ। ਜਦੋਂ ਤਪਦੀ ਲੋਅ ਫ਼ਸਲਾਂ ਨੂੰ ਫਲੂਸ ਬਣਾ ਰਹੀ ਹੋਵੇ ਤਦ ਮੀਂਹ ਲਈ ਚੌਲਾਂ ਦੀਆਂ ਦੇਗਾਂ ਉਬਾਲ ਕੇ ਯੱਗ ਕਰਨੇ ਸੂਰਜ ਦੀ ਗਰਮੀ ਤੋਂ ਬਚਣ ਲਈ ਕੋਸ਼ਸ਼ ਕਰਦੇ ਰਸਮ-ਰਿਵਾਜ ਹਨ। ਇਹੀ ਨਹੀਂ ਸਾਡੀਆਂ ਰਸਮਾਂ, ਰਿਵਾਜਾਂ, ਤਿਉਹਾਰਾਂ, ਘਰਾਂ, ਗਲੀਆਂ, ਕੁੱਪਾਂ, ਧੜਾਂ ਸ਼ਹਿਰਾਂ ਆਦਿ ਦੀ ਬਣਤਰ ਨੂੰ ਵੀ ਸੂਰਜ ਪ੍ਰਭਾਵਿਤ ਕਰਦਾ ਹੈ। ਪੰਜਾਬ ਸਮੇਤ ਦੁਨੀਆਂ ਦੇ ਉਹ ਵਿਸ਼ਾਲ ਇਲਾਕੇ ਜਿੱਥੇ ਸਾਲ ਦੇ ਤਿੰਨ ਸੌ ਪੈਂਹਠ ਦਿਨਾਂ ਵਿੱਚੋਂ ਜ਼ਿਆਦਾ ਦਿਨ ਸੂਰਜ ਚਮਕਦਾ ਹੈ, ਸੂਰਜ ਦੁਆਰਾ ਪ੍ਰਭਾਵਿਤ ਰਹਿਣ-ਸਹਿਣ ਦੇ ਵਰਗ ਵਿੱਚ ਆਉਂਦੇ ਹਨ।
ਬੱਦਲਾਂ ਦੁਆਰਾ ਪ੍ਰਭਾਵਿਤ ਰਹਿਣ-ਸਹਿਣ
ਸੰਸਾਰ ਦਾ ਉਹ ਹਿੱਸਾ ਜਿੱਥੇ ਸਾਲ ਦਾ ਬਹੁਤਾ ਸਮਾਂ ਬੱਦਲ ਛਾਏ ਰਹਿਣ, ਬਰਸਾਤ ਹੁੰਦੀ ਰਹੇ, ਬਰਫ਼ ਪੈਂਦੀ ਹੋਵੇ ਅਤੇ ਬਰਫ਼ਾਨੀ ਹਵਾਵਾਂ ਦੇ ਨਾਲ ਧੁੰਦ, ਕੋਹਰਾ ਛਾਇਆ ਰਹੇ, ਸਿਲ੍ਹ, ਸਲ੍ਹਾਬਾ ਅਤੇ ਹਨ੍ਹੇਰਾ ਰਹੇ, ਬੱਦਲਾਂ ਦੁਆਰਾ ਪ੍ਰਭਾਵਿਤ ਰਹਿਣ-ਸਹਿਣ, ਖਾਣ-ਪੀਣ, ਪਹਿਰਾਵਾ, ਕੰਮ-ਧੰਦੇ, ਘਰਾਂ, ਸ਼ਹਿਰਾਂ ਦੀ ਬਣਤਰ ਸੂਰਜ ਦੁਆਰਾ ਪ੍ਰਭਾਵਿਤ ਰਹਿਣ-ਸਹਿਣ ਤੋਂ ਬੜੀ ਵੱਖਰੀ ਹੁੰਦੀ ਹੈ। ਪੰਜਾਬ ਦੇ ਰਹਿਣ-ਸਹਿਣ ਦੇ ਪਰਿਖੇਪ ਵਿੱਚ ਇੱਕ ਪਾਸੇ "ਰੱਬਾ ਰੱਬਾ ਮੀਂਹ ਵਰਸਾ, ਸਾਡੀ ਕੋਠੀ ਦਾਣੇ ਪਾ" ਦੀਆਂ ਅਰਦਾਸਾਂ ਹਨ, ਦੂਜੇ ਪਾਸੇ ਅਸੀਂ ਬੱਦਲਾਂ ਦੁਆਰਾ ਪ੍ਰਭਾਵਿਤ ਮੌਸਮ ਤੋਂ ਛੇਤੀ ਹੀ ਅੱਕ ਵੀ ਜਾਂਦੇ ਹਾਂ। ਇਸ ਲਈ ਮਿਸਾਲ ਵਜੋਂ ਇਹ ਅਖੌਤ ਕਹੀ ਜਾ ਸਕਦੀ ਹੈ ਕਿ "ਲੋਕੀਂ ਬਾਰਾਂ ਸਾਲਾਂ ਦਾ ਸੋਕਾ ਤਾਂ ਬਰਦਾਸ਼ਤ ਕਰ ਲੈਂਦੇ ਹਨ ਪਰ ਬਾਰਾਂ ਘੜੀਆਂ ਦਾ ਮੀਂਹ ਬਰਦਾਸ਼ਤ ਨਹੀਂ ਕਰ ਸਕਦੇ।" ਪੰਜਾਬ ਵਿੱਚ ਮੁੱਖ ਤੌਰ ਤੇ ਅਜਿਹਾ ਮੌਸਮ ਸਾਉਣ ਭਾਦਰੋਂ ਦੀਆਂ ਮਾਨਸੂਨ ਬਾਰਸ਼ਾਂ ਦੇ ਦਿਨਾਂ ਵਿੱਚ ਆਉਂਦਾ ਹੈ। ਬੱਦਲਾਂ ਜਿਵੇਂ ਕੁਦਰਤ ਦਾ, ਬਨਸਪਤੀ ਦਾ, ਇਸ਼ਨਾਨ ਕਰਾ ਕੇ ਸ਼ਿੰਗਾਰ ਕੀਤਾ ਹੋਵੇ, ਬਾਗਾਂ ਵਿੱਚ ਕੋਇਲਾਂ ਬੋਲਦੀਆਂ ਹਨ ਅਤੇ ਫ਼ਸਲਾਂ ਦਿਨੋਂ ਦਿਨ ਪੱਲਰ ਕੇ ਵਧਦੀਆਂ ਹਨ। ਮੁਟਿਆਰਾਂ ਪੀਂਘਾਂ ਨਾਲ ਪਿੱਪਲ ਦੀਆਂ ਟੀਸੀਆਂ ਨੂੰ ਛੋਂਹਦੀਆਂ ਹਨ। ਤੀਆਂ ਵਿੱਚ ਗਿੱਧਾ ਅਤੇ ਲੋਕ-ਗੀਤ ਮਚਲ ਉੱਠਦੇ ਹਨ। ਸਾਵਿਆਂ ਦੇ ਦਿਨਾਂ ਵਿੱਚ ਖੀਰਾਂ, ਪੂੜੇ ਅਤੇ ਮਾਲ੍ਹਪੂੜੇ ਤਲੇ ਜਾਂਦੇ ਹਨ। ਪਰ ਸਿਲ੍ਹ, ਸਲ੍ਹਾਬਾ, ਹੁੰਮਸ, ਲਗਾਤਾਰ ਬਾਰਸ਼ਾਂ ਕਰਕੇ ਕੱਪੜਿਆਂ ਨੂੰ ਉਲ੍ਹੀ ਲੱਗ ਜਾਂਦੀ ਹੈ। ਦਾਲਾਂ, ਕਣਕ, ਛੋਲਿਆਂ ਨੂੰ ਸੁਸਰੀ-ਢੋਰਾ ਲੱਗ ਜਾਂਦੇ ਹਨ। ਗੁੜ, ਸ਼ੱਕਰ ਮੌਸਮ ਵਿਚਲੀ ਸਿਲ੍ਹ ਨਾਲ ਗੜੁੱਚ ਹੋ ਜਾਂਦੇ ਹਨ। ਸਾਉਣ ਦੀ ਮਸਤੀ ਤੋਂ ਛੇਤੀ ਹੀ ਲੋਕ ਅੱਕ ਜਾਂਦੇ ਹਨ। ਸੁੱਕਾ ਬਾਲਣ ਮੁੱਕ ਜਾਂਦਾ ਹੈ, ਸਿਲ੍ਹੇ ਬਾਲਣ ਨਾਲ ਰੋਟੀ ਪਕਾਉਣੀ ਸੁਆਣੀਆਂ ਲਈ ਚੁਣੌਤੀ ਬਣ ਜਾਂਦੀ ਹੈ। ਇਹ ਮੌਸਮ ਅਤੇ ਬੱਦਲਾਂ ਦਾ ਪ੍ਰਭਾਵ ਪੰਜਾਬ ਵਿੱਚ ਦੋ-ਢਾਈ ਮਹੀਨੇ ਰਹਿੰਦਾ ਹੈ। ਸਾਲ ਦਾ ਪੰਜਵਾਂ ਛੇਵਾਂ ਹਿੱਸਾ ਹੋਣ ਦੇ ਬਾਵਜੂਦ ਇਸ ਮੌਸਮ ਦੀ ਸਾਡੇ ਗੀਤਾਂ, ਬੋਲੀਆਂ, ਖਾਣ-ਪੀਣ, ਪਹਿਰਾਵੇ ਵਿੱਚ ਡੂੰਘੀ ਛਾਪ ਹੈ।

ਕਾਦਰ ਦੀ ਕੁਦਰਤ ਦਾ ਪੰਜਾਬ ਦੇ ਰਹਿਣ-ਸਹਿਣ ਤੇ ਅਸਰ ਇਤਿਹਾਸਿਕ ਪਰਿਖੇਪ ਦੀ ਰੋਸ਼ਨੀ ਵਿੱਚ ਹੋਰ ਸਪਸ਼ਟ ਹੋ ਜਾਂਦਾ ਹੈ, ਜਦੋਂ ਅਸੀਂ ਇਹ ਸਮਝਦੇ ਹਾਂ ਕਿ ਜਿੱਥੇ ਅੱਜ-ਕੱਲ੍ਹ ਪੰਜਾਬ ਦੇ ਮੈਦਾਨ ਹਨ, ਕਦੀ ਇਥੇ ਟੈਥੀਜ਼ ਨਾਂ ਦਾ ਸਾਗਰ ਲਹਿਰਾਉਂਦਾ ਸੀ। ਟੈਥੀਜ਼ ਸਾਗਰ ਦੇ ਇੱਕ ਪਾਸੇ ਅੰਗਾਰਾਲੈਂਡ ਅਤੇ ਦੂਜੇ ਪਾਸੇ ਗੋਂਡਵਾਣਾਲੈਂਡ ਦੇ ਭੋਂ-ਟੁਕੜੇ ਸਨ। ਧਰਤੀ ਦੀਆਂ ਉੱਥਲ-ਪੁੱਥਲ ਦੀਆਂ ਤਾਕਤਾਂ ਕਰਕੇ ਇਹ ਟੁਕੜੇ ਸਰਕਣੇ ਸ਼ੁਰੂ ਹੋਏ ਜਿਸ ਦੇ ਫਲਸਰੂਪ ਨਾ ਸਿਰਫ਼ ਹਿਮਾਲੀਆ ਪਰਬਤ ਹੋੰਦ ਵਿੱਚ ਆਏ, ਗੰਗਾ-ਜਮਨਾ ਦੇ ਵਿਸ਼ਾਲ ਮੈਦਾਨਾਂ ਦੇ ਨਾਲ ਨਾਲ ਪੰਜਾਬ ਦਾ ਵਿਸ਼ਾਲ ਮੈਦਾਨ ਵੀ ਸਾਗਰ ਵਿੱਚੋਂ ਉਭਰ ਕੇ ਹੋਂਦ ਵਿੱਚ ਆਇਆ। ਗੰਗਾ ਜਮਨਾ ਦੇ ਮੈਦਾਨਾਂ ਦੀ ਕੁਦਰਤੀ ਢਲਾਣ ਪੂਰਬ ਅਤੇ ਦੱਖਣ-ਪੂਰਬ ਵੱਲ ਸੀ ਜਦਕਿ ਪੰਜਾਬ ਦੇ ਮੈਦਾਨ ਵਿੱਚ ਸਿੰਧ ਨਦੀ ਆਪਣੀਆਂ ਸਹਾਇਕ ਨਦੀਆਂ ਨਾਲ ਦੱਖਣ-ਪੱਛਮ ਵੱਲ ਨੂੰ ਵਹਿਣ ਲੱਗੀ। ਇੰਞ ਹਿਮਾਲੀਆ ਪਰਬਤ ਤੋਂ ਸ਼ੁਰੂ ਹੋ ਕੇ ਇਹ ਦਰਿਆ ਜਦ ਦੱਖਣ ਪੱਛਮ ਨੂੰ ਵਹਿਣ ਲੱਗੇ ਤਾਂ ਇਤਿਹਾਸ ਕਾਲ ਤੋਂ ਹੀ ਇਹ ਮੈਦਾਨ ਇੱਕ ਵੱਖਰੀ ਇਕਾਈ ਵਜੋਂ ਸਥਾਪਤ ਹੋਇਆ। ਸਿੰਧ ਅਤੇ ਉਸ ਦੀਆਂ ਸਹਾਇਕ ਨਦੀਆਂ ਨੇ ਪਹਾੜਾਂ ਤੋਂ ਲੱਖਾਂ ਮਣ ਮਹੀਨ ਉਪਜਾਊ ਮਿੱਟੀ ਇਸ ਮੈਦਾਨ ਵਿੱਚ ਹੜ੍ਹਾਂ ਰਾਹੀਂ ਫੈਲਾਣੀ ਸ਼ੁਰੂ ਕੀਤੀ ਜਿਸ ਕਰਕੇ ਪਹਿਲਾਂ ਇਸ ਇਲਾਕੇ ਨੂੰ ਸਪਤ ਸਿੰਧੂ ਅਤੇ ਬਾਅਦ ਵਿੱਚ ਸਤਲੁਜ, ਬਿਆਸ, ਰਾਵੀ, ਜਿਹਲਮ ਅਤੇ ਝਨਾਂ ਦੇ ਵਹਿਣ ਦਾ ਇਲਾਕਾ, ਪੰਜ ਦਰਿਆਵਾਂ ਦੀ ਧਰਤੀ ਪੰਚਨਦ, ਅਥਵਾ ਪੰਜਾਬ ਕਿਹਾ ਜਾਣ ਲੱਗਾ।

ਸਮੁੰਦਰ ਵਿੱਚੋਂ ਉਭਰਨ ਕਰਕੇ ਅਤੇ ਪਹਾੜਾਂ ਤੋਂ ਆਈ ਮਹੀਨ ਉਪਜਾਊ ਮਿੱਟੀ, ਜੋ ਹੜ੍ਹਾਂ ਨਾਲ ਸਾਲੋ-ਸਾਲ ਆਉਂਦੀ ਰਹੀ, ਸਦਕਾ ਪੰਜਾਬ ਦਾ ਮੈਦਾਨ ਦੁਨੀਆਂ ਭਰ ਦੇ ਉਪਜਾਊ ਖਿੱਤਿਆਂ ਵਿੱਚੋਂ ਇੱਕ ਬਣ ਕੇ ਉਭਰਿਆ। ਇਸ ਧਰਤੀ ਉੱਤੇ ਜੰਗਲਾਂ, ਮੰਡਾਂ, ਬੀੜਾਂ, ਬੇਲਿਆਂ ਦੀ ਭਰਮਾਰ ਹੋ ਗਈ। ਸਮੁੰਦਰ ਤੋਂ ਜੇਠ-ਹਾੜ੍ਹ ਦੇ ਮਹੀਨਿਆਂ ਵਿੱਚ ਇਸ ਧਰਤੀ ਤੇ ਸੂਰਜ ਦੀ ਤਪਸ਼ ਨਾਲ ਘੱਟ ਹਵਾ ਦੇ ਦਬਾਅ ਦਾ ਖੇਤਰ ਪੈਦਾ ਹੋ ਜਾਂਦਾ। ਹਵਾ ਦੇ ਇਸ ਘੱਟ ਹਵਾ ਦੇ ਦਬਾਅ ਦੇ ਖੇਤਰ ਵੱਲ ਕੁਦਰਤ ਆਪਣਾ ਸਮਤੋਲ ਬਰਾਬਰ ਕਰਨ ਲਈ ਵਾਰ ਚੁਫ਼ੇਰੇ ਤੋਂ ਹਵਾ ਨੂੰ ਖਿੱਚਦੀ। ਉਹ ਹਵਾ ਜੋ ਅਰਬ ਸਾਗਰ ਅਤੇ ਬੰਗਾਲ ਦੀ ਖਾੜੀ ਵੱਲੋਂ ਇਸ ਪ੍ਰਦੇਸ ਵੱਲ ਆਉਂਦੀ ਸਾਗਰ ਦੇ ਤਲ ਤੋਂ ਗੁਜ਼ਰਨ ਕਾਰਨ ਪਾਣੀ ਨਾਲ ਭਰੇ ਬੱਦਲਾਂ ਦੀ ਸ਼ਕਲ ਵਿੱਚ ਪੰਜਾਬ ਦੇ ਮੈਦਾਨ ਦਾ ਰੁਖ਼ ਕਰਕੇ ਜਦ ਹਿਮਾਲਾ ਪਰਬਤ ਦੀ ਉਚਾਈ ਨਾਲ ਟਕਰਾਉਂਦੀ ਤਾਂ ਇਸ ਇਲਾਕੇ ਵਿੱਚ ਵਰਖਾ ਦਾ ਕਰਨ ਬਣਦੀ। ਇਸ ਬਰਖਾ ਨੂੰ ਮੌਨਸੂਨ ਬਾਰਿਸ਼ ਕਿਹਾ ਜਾਂਦਾ। ਮੌਨਸੂਨ ਦੀ ਇਹ ਬਾਰਿਸ਼ ਪੰਜਾਬ ਦੇ ਉਹਨਾਂ ਵਿਸ਼ਾਲ ਇਲਾਕਿਆਂ ਵਿੱਚ ਜਿੱਥੇ ਨੇੜੇ-ਤੇੜੇ ਦਰਿਆ ਨਹੀਂ ਸਨ, ਖੂਹਾਂ ਅਤੇ ਨਹਿਰਾਂ ਦੀ ਸਹੂਲਤ ਨਹੀਂ ਸੀ, ਅਜਿਹੇ ਇਲਾਕਿਆਂ ਵਿੱਚ ਬਰਾਨੀ ਫ਼ਸਲਾਂ ਨੂੰ ਲੋੜੀਂਦੇ ਪਾਣੀ ਦੀ ਜ਼ਰੂਰਤ ਪੂਰੀ ਕਰਕੇ ਭਰਪੂਰ ਫ਼ਸਲਾਂ ਉਗਾਉਂਦੀ। ਬਰੀਕ ਉਪਜਾਊ ਮਿੱਟੀ, ਦਰਿਆਵਾਂ ਦਾ ਪਾਣੀ ਅਤੇ ਜਿੱਥੇ ਪਾਣੀ ਨਹੀਂ ਸੀ ਉੱਥੇ ਮੌਨਸੂਨ ਬਾਰਿਸ਼ ਕਰਕੇ ਪੰਜਾਬ ਦਾ ਇਹ ਇਲਾਕਾ ਖੇਤੀ-ਪ੍ਰਧਾਨ ਬਣ ਕੇ ਵਧਣ-ਫੁੱਲਣ ਲੱਗਾ।

ਇਸ ਇਲਾਕੇ ਵਿੱਚ ਪਸੂਆਂ ਦੀ ਮਦਦ ਨਾਲ ਖੇਤੀ ਹੋਣ ਲੱਗੀ, ਲਹਿਰਾ ਕੇ ਫਸਲਾਂ ਪਲਮਦੀਆਂ, ਜਿਸ ਕਰਕੇ ਇੱਥੇ ਫ਼ਸਲਾਂ ਦੀ ਲੋੜ ਤੋਂ ਜਿਆਦਾ ਉਪਜ ਨੂੰ ਵਿਉਪਾਰ ਵਜੋਂ ਵਰਤਿਆ ਜਾਣ ਲੱਗਾ। ਭਾਵ ਇੱਥੇ ਦੀ ਉਪਜ ਦੇ ਕੇ ਵੱਟੇ ਵਿੱਚ ਦੂਜੇ ਪ੍ਰਦੇਸਾਂ ਤੋਂ ਹੋਰ ਲੋੜੀਂਦੀਆਂ ਵਸਤਾਂ ਦਾ ਵਿਉਪਾਰ ਸ਼ੁਰੂ ਹੋਇਆ। ਵਿਉਪਾਰ ਨਾਲ ਖ਼ੁਸ਼ਹਾਲੀ ਵਧੀ ਅਤੇ ਇਸ ਇਲਾਕੇ ਵਿੱਚ ਸਿੰਧ ਘਾਟੀ ਦੀ ਸੱਭਿਅਤਾ ਦੇ ਉੱਚਤਮ ਸਿਖਰ, ਹੱੜਪਾ ਵਰਗੇ ਸ਼ਹਿਰਾਂ ਦਾ ਵਿਕਾਸ ਹੋਇਆ। ਸਿੰਧ ਘਾਟੀ ਦੀ ਸੱਭਿਅਤਾ ਵਿੱਚ ਜੋ ਸਿਲਾਂ ਮਿਲੀਆਂ ਹਨ ਉਹਨਾਂ ਦੇ ਸੰਕੇਤਾਂ ਅਨੁਸਾਰ ਇੱਥੇ, ਰੁੱਖ-ਪੂਜਾ, ਪਸੂ ਪੰਛੀਆਂ ਦੀ ਪੂਜਾ, ਨਾਰੀ-ਪੂਜਾ, ਖ਼ਾਸ ਕਰਕੇ ਨਾਰੀ ਦੇ ਮਾਂ ਰੂਪ ਦੀ ਪੂਜਾ ਦੇ ਨਾਲ ਦੇਵ-ਪੁਰਸ਼ਾਂ ਦੀ ਪੂਜਾ ਵੀ ਸ਼ਾਮਲ ਸੀ। ਖ਼ਿਆਲ ਕੀਤਾ ਜਾਂਦਾ ਹੈ ਕਿ ਜਿਸ ਦੇਵ ਪੁਰਸ਼ ਦੀ ਪੂਜਾ ਕੀਤੀ ਜਾਂਦੀ ਸੀ ਉਹ ਸ਼ਿਵ ਜੀ ਦਾ ਆਦਿ ਰੂਪ ਸੀ ਜਿਸ ਨੂੰ ਦਰਾਵੜ ਪੂਜਦੇ ਸਨ। ਇਤਿਹਾਸ ਦੇ ਮਾਹਿਰ ਇਸ ਗੱਲ ਉੱਤੇ ਅਜੇ ਤੱਕ ਇੱਕ ਮਤ ਨਹੀਂ ਹੋਏ ਕਿ ਸਿੰਧ ਘਾਟੀ ਦੀ ਸਭਿਅਤਾ ਕਿਵੇਂ ਅਚਾਨਕ ਤਬਾਹ ਹੋ ਗਈ ਅਤੇ ਇੱਥੇ ਆਰੀਅਨ ਮੂਲ ਦੇ ਲੋਕਾਂ ਦਾ ਕਿਵੇਂ ਦਬਦਬਾ ਵਧ ਗਿਆ।

ਸਮੁੰਦਰ ਤੋਂ ਹਜ਼ਾਰਾਂ ਮੀਲ ਦੂਰ ਦਰਿਆਵਾਂ ਦੇ ਵਹਿਣ ਦਾ ਇਹ ਇਲਾਕਾ ਹਰਿਆ-ਭਰਿਆ, ਸ਼ਾਂਤ ਅਤੇ ਰਮਣੀਕ ਥਾਂ, ਧਰਮ, ਭਗਤੀ ਫ਼ਲਸਫ਼ੇ ਅਤੇ ਚਿੰਤਨ ਲਈ ਆਦਰਸ਼ ਚੌਗਿਰਦਾ ਸੀ। ਇਸ ਸ਼ਾਂਤ ਅਤੇ ਰਮਣੀਕ ਚੌਗਿਰਦੇ ਵਿੱਚ ਰਿਸ਼ੀਆਂ-ਮੁਨੀਆਂ ਤਪ ਕੀਤੇ, ਹਵਨ ਅਤੇ ਯੱਗ ਕੀਤੇ ਜਿਸਦੇ ਫਲਸਰੂਪ ਇੱਥੇ ਆਰੀਅਨ ਮੂਲ ਸਭਿਅਤਾ ਨਾਲ ਜੁੜੀਆਂ ਬਲੀ, ਹਵਨ, ਯੱਗ, ਆਹੂਤੀ ਆਦਿ ਧਾਰਮਿਕ ਰਹੁ-ਰੀਤਾਂ ਦਾ ਵਿਕਾਸ ਹੋਇਆ। ਇਹ ਪਰੰਪਰਾ ਬੜੀ ਬਲਵਾਨ ਹੈ ਜਿਸ ਅਧੀਨ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਪੰਚ-ਨਦ ਦੀ ਇਸ ਸ਼ਾਂਤ ਅਤੇ ਰਮਣੀਕ ਧਰਤੀ ਉੱਤੇ ਵੇਦ, ਸ਼ਾਸਤਰ ਅਤੇ ਪੁਰਾਣ ਰਚੇ ਗਏ। ਭਾਰਤ ਦੇ ਦੋ ਪ੍ਰਮੁੱਖ ਧਾਰਮਿਕ ਗ੍ਰੰਥਾਂ ਰਮਾਇਣ ਅਤੇ ਮਹਾਂਭਾਰਤ ਦੇ ਕਈ ਪਾਤਰ ਪੰਜਾਬ ਦੇ ਇਲਾਕੇ ਵਿੱਚ ਵਿਚਰਦੇ ਕਿਆਸੇ ਜਾਂਦੇ ਹਨ।

ਵੇਦਾਂ, ਸ਼ਾਸਤਰਾਂ, ਪੁਰਾਣਾਂ ਅਤੇ ਸਿਮ੍ਰਿਤੀਆਂ ਦੀ ਲੜੀ ਨੇ ਪੰਜਾਬ ਦੇ ਰਹਿਣ-ਸਹਿਣ ਨੂੰ ਧਾਰਮਿਕ ਰੰਗਤ ਦਿੱਤੀ। ਖਾਸ ਕਰਕੇ ਮਨੂ-ਸਿਮ੍ਰਿਤੀ ਦੇ ਅਧਾਰ ਉੱਤੇ ਸਮਾਜ ਦੀ ਚਾਰ ਵਰਗਾਂ ਵਿੱਚ ਵੰਡ ਅਤੇ ਕੌਟਲਿਆ ਦੇ ਅਰਥ ਸ਼ਾਸਤਰ ਨੇ ਧਾਰਮਿਕ ਆਧਾਰ ਦੇ ਕੇ ਹਰ ਫ਼ਿਰਕੇ, ਹਰ ਜਾਤ ਨੂੰ ਵਿਸ਼ੇਸ਼ ਕੰਮ ਧੰਦੇ ਲਈ ਨਿਸ਼ਚਿਤ ਕਰ ਦਿੱਤਾ। ਸਮਾਜ, ਜਾਤਪਾਤ ਤੇ ਕੰਮ-ਧੰਦਿਆਂ ਦੇ ਬੜੇ ਜਟਿਲ ਵਰਗੀਕਰਨ ਵਿੱਚ ਵੰਡਿਆ ਗਿਆ। ਧਾਰਮਿਕ ਵਿਹਾਰ ਵਿੱਚ ਕਰਮਕਾਂਡ ਦਾ ਫ਼ਲਸਫ਼ਾ ਅਰਥਾਤ "ਕੰਮ ਕਰੋ ਅਤੇ ਫਲ ਦੀ ਇੱਛਾ ਨਾ ਕਰੋ" ਸਥਾਪਤ ਹੋ ਗਿਆ। ਕਿਸ ਜਾਤ ਨੇ ਕਿਸ ਜਾਤ ਨਾਲ ਰੋਟੀ-ਬੇਟੀ ਦਾ ਨਾਤਾ ਰੱਖਣਾ ਹੈ ਕਿਸ ਜਾਤ ਤੋਂ ਲਈ ਕਿਹੜੀ ਖਾਣ-ਪੀਣ ਦੀ ਵਸਤੂ ਭਿੱਟੀ ਜਾਏਗੀ ਕਿਹੜੀ ਨਹੀਂ, ਆਦਿ ਬਹੁਤ ਸਾਰੇ ਧਾਰਮਿਕ ਨਿਯਮ ਸਮਾਜ ਨੂੰ ਦਿਸ਼ਾ ਨਿਰਦੇਸ ਦੇਣ ਲੱਗੇ। ਪਹਿਲਾਂ ਪਹਿਲ ਇਹ ਧਾਰਮਿਕ ਨਿਯਮ ਸਹਿਜ ਅਤੇ ਉਸਾਰੂ ਕਦਰਾਂ-ਕੀਮਤਾਂ ਸਥਾਪਤ ਕਰਦੇ ਸਨ, ਪਰ ਸਮੇਂ ਦੇ ਬੀਤਣ ਨਾਲ ਕੰਮ ਧੰਦਿਆਂ, ਜਾਤਾਂ-ਪਾਤਾਂ ਦੀ ਵੰਡ, ਸਮਾਜ ਦੀ ਵੰਡ ਬਣ ਕੇ ਜਬਰ-ਜ਼ੁਲਮ ਦਾ ਆਧਾਰ ਬਣ ਗਈ।

ਆਰੀਅਨ ਮੂਲ ਦੇ ਲੋਕਾਂ ਪੰਜਾਬ ਦੇ ਇਲਾਕੇ ਨੂੰ ਵਹਾਉਣ-ਸੰਵਾਰਨ ਲਈ ਧਾਰਮਿਕ ਵਿਸ਼ਵਾਸਾਂ ਅਕੀਦਿਆਂ ਨੂੰ ਆਧਾਰ ਬਣਾਇਆ। ਕੁਦਰਤ ਦੇ ਉਹ ਸਾਰੇ ਤੱਤ ਭਾਵ ਸੂਰਜ, ਬਾਰਿਸ਼, ਅੱਗ, ਮਿੱਟੀ, ਪੌਣ, ਸੱਪ, ਰੁੱਖ, ਜੋ ਖੇਤੀ ਦੇ ਉਤਪਾਦਨ ਵਿੱਚ ਯੋਗਦਾਨ ਪਾਉਂਦੇ ਸਨ ਉਹਨਾਂ ਦੀ ਪੂਜਾ ਹੋਣ ਲੱਗੀ। ਮਨੁੱਖ ਅਤੇ ਕੁਦਰਤ ਦੇ ਤਾਲਮੇਲ ਵਿੱਚ ਪਸੂ ਇੱਕ ਅਜਿਹੀ ਇਕਾਈ ਸਨ, ਊਰਜਾ ਦਾ ਸਰੋਤ ਸਨ ਜਿਨ੍ਹਾਂ ਨੇ ਪੰਜਾਬੀਆਂ ਦੇ ਡੌਲਿਆਂ ਦੀ ਤਾਕਤ ਨਾਲ ਮਿਲ ਕੇ, ਮੈਦਾਨਾਂ ਦੀਆਂ ਹਿੱਕਾਂ ਫੋਲ ਵੱਖ-ਵੱਖ ਤਰ੍ਹਾਂ ਦੀਆਂ ਫ਼ਸਲਾਂ ਉਗਾਉਣ ਦੀ ਸਮਰੱਥਾ ਵਿੱਚ ਉੱਘਾ ਯੋਗਦਾਨ ਪਾਇਆ। ਪਸੂ ਖੇਤੀਬਾੜੀ ਵਿੱਚ ਊਰਜਾ ਦਾ ਮੁੱਖ ਸਰੋਤ ਹੋਣ ਦੇ ਨਾਲ ਨਾਲ ਆਵਾਜਾਈ ਦਾ ਮੁੱਖ ਵਸੀਲਾ ਬਣ ਗਏ, ਇਸ ਪ੍ਰਸੰਗ ਵਿੱਚ ਬਲਦ ਅਤੇ ਗਾਂ, ਗਾਂ ਦਾ ਦੁੱਧ, ਗਾਂ ਦਾ ਗੋਹਾ, ਗਾਂ ਦਾ ਪਿਸ਼ਾਬ, ਗਾਂ ਨੂੰ ਮਾਤਾ ਸਮਾਨ ਸਤਿਕਾਰ ਮਿਲਣ ਲੱਗਾ। ਗਾਂ ਦੀ ਪੂਜਾ ਹੋਣ ਲੱਗੀ। ਪਸੂ ਬੱਚਿਆਂ ਵਾਂਗ ਪਾਲੇ ਜਾਣ ਲੱਗੇ ਅਤੇ ਧਾਰਮਿਕ ਪੂਜਾ ਦਾ ਚਿੰਨ੍ਹ ਹੋਣ ਦੇ ਨਾਲ ਨਾਲ ਘਰ ਦੇ ਜੀਆਂ ਵਰਗਾ ਦਰਜਾ ਰੱਖਣ ਲੱਗੇ। ਪਸੂ ਆਰਥਿਕ ਵਸੀਲਾ ਬਣ ਗਏ ਅਤੇ ਪੰਜਾਬੀਆਂ ਨੇ ਸਰਦੀਆਂ ਵਿੱਚ ਪਸੂਆਂ ਨੂੰ ਆਪਣੇ ਸੌਣ ਵਾਲੇ ਕਮਰੇ ਵਿੱਚ ਬੰਨ੍ਹਣਾ ਸ਼ੁਰੂ ਕਰ ਲਿਆ।

ਪਸੂਆਂ ਦੀ ਪੰਜਾਬੀ ਰਹਿਣ-ਸਹਿਣ ਵਿੱਚ ਅਮਿੱਟ ਛਾਪ ਕਈ ਪੱਖਾਂ ਤੋਂ ਸਪਸ਼ਟ ਹੁੰਦੀ ਹੈ। ਜਿਵੇਂ ਜੰਞ ਦਾ ਘੋੜੀਆਂ, ਊਠਾਂ, ਹਾਥੀਆਂ, ਗੜਬੈਲਾਂ ਤੇ ਜਾਣਾ, ਲੋਕ-ਗੀਤਾਂ ਵਿੱਚ ਵਿਆਹ ਵੇਲੇ ਘੋੜੀਆਂ ਗਾਉਣ ਦੀ ਸਿਨਫ, ਲੋਕ-ਕਿੱਸਿਆਂ ਵਿੱਚ ਰਾਂਝੇ ਦਾ ਹੀਰ ਦੀਆਂ ਮੱਝਾਂ ਚਾਰਨਾ, ਮਿਰਜ਼ੇ ਦੀ ਬੱਕੀ, ਪੁੰਨੂੰ ਨੂੰ ਊਠਾਂ ਵਾਲਿਆਂ ਦਾ ਚੁੱਕ ਕੇ ਲੈ ਜਾਣਾ। ਗੁਰੂ ਗੋਬਿੰਦ ਸਿੰਘ ਜੀ ਦਾ ਨੀਲਾ ਘੋੜਾ, ਹੱਥ ਉੱਤੇ ਬਾਜ਼। ਪੰਜਾਬ ਦੀਆਂ ਵੱਖੋ-ਵੱਖਰੀਆਂ ਲੜਾਈਆਂ ਵਿੱਚ ਪਸੂਆਂ ਦਾ ਯੋਗਦਾਨ, ਨਿਹੰਗ ਸਿੰਘਾਂ ਦੀ ਘੋੜਿਆਂ ਦੀ ਫ਼ੌਜ, ਸਾਡੇ ਕੰਧ-ਚਿੱਤਰਾਂ ਵਿੱਚ ਘੋੜੇ, ਊਠਾਂ ਹਾਥੀਆਂ ਦਾ ਚਿਤਰਣ, ਮੁਟਿਆਰਾਂ ਵੱਲੋਂ ਸਿਆਈ-ਕਢਾਈ ਦੇ ਵੱਖੋ-ਵੱਖਰੇ ਟਾਂਕਿਆਂ ਵਿੱਚ ਊਠਾਂ, ਘੋੜਿਆਂ, ਹਾਥੀਆਂ, ਸ਼ੇਰਾਂ, ਬਘਿਆੜਾਂ, ਹਿਰਨਾਂ, ਬਲਦਾਂ ਆਦਿ ਦੇ ਰੰਗ ਬਿਰੰਗੇ ਆਕਾਰ ਉਘਾੜਨੇ ਬੜੇ ਸਪਸ਼ਟ ਸੰਕੇਤ ਹਨ ਕਿ ਪਸੂਆਂ ਦਾ ਸਾਡੇ ਰਹਿਣ-ਸਹਿਣ ਵਿੱਚ ਕਿੰਨਾ ਅਹਿਮ ਮਹੱਤਵ ਰਿਹਾ ਹੈ।

ਸਭਿਆਚਾਰ ਦੇ ਮਾਹਰ ਇਹ ਮੰਨਦੇ ਹਨ ਕਿ ਹਰ ਪ੍ਰਮੁੱਖ ਫ਼ਸਲ ਇੱਕ ਨਿਵੇਕਲਾ ਰਹਿਣ-ਸਹਿਣ ਸਿਰਜਦੀ ਹੈ। ਜਿਸ ਇਲਾਕੇ ਵਿੱਚ ਬਾਜਰਾ ਜ਼ਿਆਦਾ ਹੁੰਦਾ ਹੈ ਉੱਥੇ 'ਕੁੱਟ ਕੁੱਟ ਬਾਜਰਾ ਮੈਂ ਕੋਠੇ ਉਤੇ ਪਾਉਨੀ ਆਂ' ਜਿੱਥੇ ਅੰਬ ਜ਼ਿਆਦਾ ਹੋਣ ਉੱਥੇ 'ਅੰਬੀਆਂ ਨੂੰ ਤਰਸੇਂਗੀ ਛੱਡ ਕੇ ਦੇਸ ਦੁਆਬਾ', ਜਿੱਥੇ ਕਪਾਹ ਜ਼ਿਆਦਾ ਹੁੰਦੀ ਹੈ ਉੱਥੇ 'ਚਿੱਟੀਆਂ ਕਪਾਹ ਦੀਆਂ ਫੁੱਟੀਆਂ ਹਾਏ ਨੀ ਪੱਤ ਹਰੇ ਭਰੇ, ਆਖ ਨੀ ਨਨਾਣੇ ਵੀਰ ਨੂੰ ਕਦੀ ਤਾਂ ਭੈੜਾ ਹੱਸਿਆ ਕਰੇ'। ਕਪਾਹ ਨਾਲ ਜੁੜੇ ਕੰਮ ਧੰਦੇ ਰਹਿਣ-ਸਹਿਣ ਨੂੰ ਖੱਡੀਆਂ, ਨਵਾਰਾਂ, ਖੇਸਾਂ, ਦਰੀਆਂ ਦੀ ਉਨਾਈ, ਸੂਤ ਕੱਤਣ ਲਈ ਰਾਂਗਲਾ ਚਰਖਾ, ਤੱਕਲੇ, ਤ੍ਰਿਞਣਾਂ ਦੀ ਸ਼ਕਲ ਵਿੱਚ ਪ੍ਰਭਾਵਿਤ ਕਰਦੇ ਹਨ। ਜਿੱਥੇ ਕਣਕ ਜ਼ਿਆਦਾ ਹੋਵੇ ਉੱਥੇ 'ਕਣਕਾਂ ਤੇ ਕੁੜੀਆਂ ਦਾ ਵਧਦੇ ਕਿਹੜਾ ਪਤਾ ਲਗਦਾ ਏ' ਵਰਗੇ ਅਖਾਣ, ਘੁੰਗਣੀਆਂ, ਦਲੀਆ, ਪੂੜੇ, ਤੂੜੀ, ਫਲ੍ਹੇ, ਕੁੱਪ ਆਦਿ ਦਾ ਰਹਿਣ-ਸਹਿਣ ਹੈ। ਜਿੱਥੇ ਬਾਸਮਤੀ ਮਹਿਕੇ ਉੱਥੇ 'ਝੋਨਾ ਇੰਜ ਛੜੀਦਾ ਹੋ', ਖੀਰਾਂ, ਜਰਦੇ-ਪੁਲਾਉ, ਚੌਲਾਂ ਦੀ ਦੇਗ ਸੁੱਖਣਾ, ਕੱਦੂ ਕਰਨਾ, ਪਨੀਰੀ ਪੁੱਟਣੀ ਆਦਿ ਰਹਿਣ-ਸਹਿਣ ਦੇ ਅੰਗ ਬਣਦੇ ਹਨ। ਇੰਞ ਹਰ ਪ੍ਰਮੁੱਖ ਫ਼ਸਲ ਆਪੋ-ਆਪਣੇ ਇਲਾਕੇ ਵਿੱਚ ਰਹਿਣ-ਸਹਿਣ ਦੀ ਵਿਲੱਖਣਤਾ ਰੱਖਦੀ ਸੀ। ਅਜ਼ਾਦੀ ਤੋਂ ਬਾਅਦ ਟਿਉਬਵੱਲਾਂ ਅਤੇ ਨਹਿਰਾਂ ਦੇ ਜਾਲ ਨੇ ਰਹਿਣ-ਸਹਿਣ ਨੂੰ ਸਾਰੇ ਪੰਜਾਬ ਦੇ ਵਿੱਚ ਰਲਗੱਡ ਕਰ ਦਿੱਤਾ ਹੈ ਕਿਉਂਕਿ ਕੁਝ ਇਲਾਕੇ ਨੂੰ ਛੱਡ ਕੇ ਹੁਣ ਪੰਜਾਬ ਦੇ ਹਰ ਹਿੱਸੇ ਵਿੱਚ ਕਣਕ, ਝੋਨਾ ਅਤੇ ਕਮਾਦ ਹੋਣ ਲੱਗ ਪਿਆ ਹੈ ਭਾਂਵੇਂ ਕਿਤੇ-ਕਿਤੇ ਮੁੰਗਫਲੀ ਅਤੇ ਕਪਾਹ, ਮਕੱਈ ਬਾਜਰੇ ਦੀ ਇਲਾਕਾਈ ਵਿਲੱਖਣਤਾ ਅਜੇ ਵੀ ਹੈ।

ਪੰਜਾਬ ਦੀ ਭੂਗੋਲਿਕ ਸਥਿਤੀ, ਅਰਥਾਤ ਦੇਸ ਦੇ ਉੱਤਰ-ਪੱਛਮ ਵਿੱਚ ਹੋਣ ਕਰਕੇ, ਮੱਧ ਏਸ਼ੀਆ ਤੋਂ ਹੁੰਦੇ ਲਗਾਤਾਰ ਹਮਲਿਆਂ ਦੀ ਹਨ੍ਹੇਰਗਰਦੀ ਅਤੇ ਬੁਰਛਾਗਰਦੀ ਕਾਰਨ ਇੱਥੇ ਸਦਾ ਹੀ ਅਸਥਿਰਤਾ ਦਾ ਇਹਸਾਸ ਰਿਹਾ। ਇਹ ਇਹਸਾਸ 'ਖਾਧਾ ਪੀਤਾ ਲਾਹੇ ਦਾ ਬਾਕੀ ਅਹਿਮਦਸ਼ਾਹੇ ਦਾ' ਵਰਗੇ ਬੋਲਾਂ ਵਿੱਚ ਪ੍ਰਗਟ ਹੋਇਆ। ਇਹਨਾਂ ਹਮਲਿਆਂ ਕਰਕੇ ਤਿੰਨ ਤਰ੍ਹਾਂ ਦੇ ਪ੍ਰਤਿਕਰਮ ਰਹਿਣ-ਸਹਿਣ ਦਾ ਹਿੱਸਾ ਬਣ ਗਏ। ਕੁਝ ਲੋਕ ਪੰਜਾਬ ਦੇ ਇਹਨਾਂ ਹਮਲਿਆਂ ਵਿੱਚ ਹੁੰਦੀ ਨਿੱਤ ਦੀ ਕਤਲੋਗਾਰਤ ਤੋਂ ਪਿੱਛਾ ਛੁਡਾ ਜਾਂ ਪਹਾੜਾਂ ਵੱਲ ਜਾ ਵਸੇ ਜਾਂ ਦੇਸ ਦੇ ਦੂਸਰੇ ਹਿੱਸਿਆਂ ਵਿੱਚ। ਕੁਝ ਲੋਕਾਂ ਵਿੱਚ ਕਦੀ ਵੀ ਕਿਸੇ ਹਮਲੇ ਦਾ ਕੋਈ ਪ੍ਰਤਿਕਰਮ ਨਾ ਹੋਇਆ, ਜੋ ਇੱਜ਼ਤ ਪੱਤ ਲੁੱਟੀ ਗਈ, ਲੁੱਟੀ ਗਈ, ਜੋ ਬਚ ਗਿਆ ਉਸੇ ਤੇ ਸਬਰ ਕਰ ਲਿਆ। ਤੀਜੇ ਉਹ ਅਣਖੀ ਲੋਕ ਸਨ ਜਿਹਨਾਂ ਇਹਨਾਂ ਹਮਲਿਆਂ ਸਾਹਮਣੇ ਹਮੇਸ਼ਾਂ ਸੀਨਾ ਤਾਣ ਕੇ ਜੀਣਾ ਸਿੱਖਿਆ। ਜਦੋਂ ਹਮਲੇ ਦਾ ਜ਼ੋਰ ਹੁੰਦਾ ਵਸ ਲਗਦੇ ਮੁਕਾਬਲਾ ਕਰਦੇ, ਛਾਪਾਮਾਰ-ਲੜਾਈ ਦੀਆਂ ਤਕਨੀਕਾਂ ਵਜੋਂ ਜੰਗਲਾਂ ਵਿੱਚ ਇਧਰ-ਉਧਰ ਹੋ ਜਾਂਦੇ। ਹਮਲੇ ਦਾ ਜ਼ੋਰ ਘਟਦੇ ਹੀ ਬਾਜ਼ ਵਾਂਗ ਝਪਟਾ ਮਾਰਦੇ, ਘੋੜਿਆਂ ਦੀਆਂ ਕਾਠੀਆਂ ਨੂੰ ਘਰ ਬਣਾਉਂਦੇ ਅਤੇ ਹਮਲਾਵਰ ਜੋ ਦੌਲਤ, ਲਾਜ-ਪੱਤ, ਧੀਆਂ-ਭੈਣਾਂ ਲੁੱਟ ਕੇ ਲਿਜਾ ਰਿਹਾ ਹੁੰਦਾ ਉਹ ਛਾਪਾਮਾਰ ਹਮਲੇ ਵਿੱਚ ਵਾਪਸ ਜਿੱਤਣ ਦੀ ਕੋਸ਼ਸ਼ ਕਰਦੇ।

ਇਹਨਾਂ ਹਮਲਿਆਂ ਕਾਰਨ "ਲਾਹੌਰ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ" ਵਰਗੇ ਬੋਲ ਰਹਿਣ-ਸਹਿਣ ਦਾ ਹਿੱਸਾ ਬਣੇ। ਸਦੀਆਂ ਤੱਕ ਇਹਨਾਂ ਹਮਲਿਆਂ ਕਾਰਨ ਅਸਥਿਰਤਾ ਦਾ ਰਾਜ ਰਿਹਾ ਜਿਸ ਦੇ ਸਿੱਟੇ ਵਜੋਂ ਵੱਖ-ਵੱਖ ਕੋਮਲ ਕਲਾਵਾਂ, ਭਵਨ ਨਿਰਮਾਣ ਕਲਾ, ਸ਼ਹਿਰੀ ਯੋਜਨਾਬੰਦੀ, ਰਾਗ ਵਿੱਦਿਆ, ਉਦਯੋਗ, ਸ਼ਹਿਰਾਂ ਦਾ ਵਿਕਾਸ ਆਦਿ ਬਹੁਮੁਖੀ ਅਤੇ ਸਰਬੰਗੀ ਵਿਕਾਸ ਰਣਜੀਤ ਸਿੰਘ ਕਾਲ ਤੋਂ ਬਿਨਾਂ ਨਾਮ-ਮਾਤਰ ਹੀ ਹੋਇਆ। ਮੁਗਲ ਕਾਲ ਦੌਰਾਨ ਉਭਰੇ ਸੂਫੀ ਮੱਤ ਅਤੇ ਭਗਤੀ ਲਹਿਰ ਦੀ ਰੋਸ਼ਨੀ ਵਿੱਚ ਪੰਜਾਬ ਵਿੱਚ ਸਿੱਖ ਧਰਮ ਪੁੰਗਰਨਾ ਸ਼ੁਰੂ ਹੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਦਾ ਰਾਗਾਂ ਮੁਤਾਬਕ ਹੋਣ ਕਰਕੇ ਸਿੱਖ ਧਾਰਮਿਕ ਸੰਗੀਤ ਦਾ ਵਿਕਾਸ ਹੋਇਆ ਜਿਸਨੂੰ ਬਾਦ ਵਿੱਚ ਰਣਜੀਤ ਸਿੰਘ ਅਤੇ ਉਸਦੇ ਸਮਕਾਲੀਨ ਪਟਿਆਲਾ ਆਦਿ ਰਿਆਸਤਾਂ ਵੱਲੋਂ ਸਰਪ੍ਰਸਤੀ ਮਿਲੀ। ਸਦੀਆਂ ਤੋਂ ਵਿਦੇਸ਼ੀ ਹਮਲਿਆਂ ਦੇ ਝੱਖੜ ਨੂੰ ਝਲਦੇ ਪੰਜਾਬੀਆਂ ਦੇ ਸੁਭਾਵ ਵਿੱਚ ਖਾੜਕੂਪੁਣਾ ਅਤੇ ਕਿਸੇ ਵੀ ਰਾਜੇ ਮਹਾਰਾਜੇ ਦੀ ਈਨ ਨਾ ਮੰਨਣਾ ਸਹਿਜੇ ਹੀ ਵਿਕਸਿਤ ਹੋ ਗਿਆ। ਸਿੱਖ ਧਰਮ ਦਾ ਵਿਕਾਸ ਹਮਲਿਆਂ ਤੋਂ ਲਤਾੜੀ ਮਨੋਦਿਸ਼ਾ ਨੂੰ ਉੱਚਾ ਚੁੱਕਣ ਭਾਵ 'ਚਿੜੀਆਂ ਤੋਂ ਬਾਜ ਤੜਾਉਣ' ਦੇ ਰੂਪ ਵਿੱਚ ਹੋਇਆ ਜਿਸਦਾ ਸਿਖਰ ਰਣਜੀਤ ਸਿੰਘ ਵੇਲੇ ਹਰੀ ਸਿੰਘ ਨਲਵੇ ਦੀ ਕਮਾਨ ਹੇਠ ਕਾਬਲ ਕੰਧਾਰ ਦੇ ਉਹਨਾਂ ਇਲਾਕਿਆਂ ਉੱਤੇ ਹਮਲਾ ਸੀ ਜਿੱਥੋਂ ਹਮੇਸ਼ਾਂ ਪੰਜਾਬ ਉੱਤੇ ਹਮਲੇ ਹੁੰਦੇ ਰਹੇ ਸਨ। ਰਣਜੀਤ ਸਿੰਘ ਨੇ ਉਹ ਇਲਾਕੇ ਜਿੱਤ ਕੇ ਹਮਲਿਆਂ ਦੇ ਇਤਿਹਾਸਿਕ ਦਰਿਆ ਦਾ ਮੁੰਹ ਹੀ ਮੋੜ ਦਿੱਤਾ। ਇਸ ਇਤਿਹਾਸਿਕ ਮੋੜ ਨੇ ਪੰਜਾਬ ਦੇ ਰਹਿਣ-ਸਹਿਣ ਵਿੱਚ ਸਵੈਮਾਣ ਅਤੇ ਅਣਖ ਨਾਲ ਜਿਊਣ ਦੇ ਗੁਣਾਂ ਨੂੰ ਵਿਕਸਿਤ ਕੀਤਾ। ਇਹ ਸਵੈਮਾਣ ਅਤੇ ਅਣਖ ਨਾਲ ਜੀਣ ਦਾ ਹੀ ਨਤੀਜਾ ਸੀ ਕਿ ਅੰਗਰੇਜ਼ ਪੰਜਾਬ ਉੱਤੇ ਬੰਗਾਲ ਨਾਲੋਂ ਪੂਰੇ ਸੌ ਸਾਲ ਬਾਦ ਕਾਬਜ਼ ਹੋ ਸਕੇ।

ਵੇਦਾਂਤਕ ਧਾਰਮਿਕ ਫ਼ਲਸਫ਼ੇ ਨੇ ਇਹ ਵੀ ਨਿਰਧਾਰਤ ਕੀਤਾ ਕਿ ਕਿਵੇਂ ਨਵੇਂ ਪਿੰਡ, ਕਸਬੇ ਜਾਂ ਸ਼ਹਿਰ ਨੂੰ ਵਸਾਉਣਾ ਹੈ। ਇਹਨਾਂ ਪਿੰਡਾਂ, ਸ਼ਹਿਰਾਂ ਨੂੰ ਵਸਾਉਣ ਲਈ ਥਾਂ ਦੀ ਚੋਣ ਕਿਵੇਂ ਕਰਨੀ ਹੈ? ਮਨੁੱਖੀ ਆਬਾਦੀਆਂ ਦਾ ਰੂਪ ਆਕਾਰ ਕਿਹੋ ਜਿਹਾ ਹੋਏਗਾ, ਕਿਸ ਪਾਸੇ ਉੱਚ ਵਰਗ ਦੇ ਲੋਕਾਂ ਦੇ ਘਰ ਅਤੇ ਕਿਸ ਪਾਸੇ ਸਵਰਨ ਹਿੰਦੂਆਂ ਦੇ ਘਰ ਹੋਣਗੇ। ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਦੇ ਨਾਵਾਂ ਜਿਵੇਂ ਰਾਮ ਤੀਰਥ, ਲਾਹੌਰ, ਕਸੂਰ, ਗੜ੍ਹਸ਼ੰਕਰ, ਦੇਵੀਗੜ੍ਹ, ਨੈਣਾ ਦੇਵੀ, ਜਲੰਧਰ, ਅੰਮ੍ਰਿਤਸਰ, ਤਰਨ ਤਾਰਨ, ਅਨੰਦਪੁਰ ਤੋਂ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਦੀ ਉਸਾਰੀ ਵਿਉਂਤ ਅਤੇ ਵਿਕਾਸ ਵਿੱਚ ਧਰਮ ਦਾ ਯੋਗਦਾਨ ਆਪ-ਮੁਹਾਰੇ ਸਪਸ਼ਟ ਹੋ ਜਾਂਦਾ ਹੈ। ਰਹਿਣ-ਸਹਿਣ ਵਿੱਚ ਇਹ ਯੋਗਦਾਨ ਇੰਨਾ ਡੂੰਘਾ ਅਤੇ ਇਤਿਹਾਸਿਕ ਹੈ ਕਿ ਇਸਨੂੰ ਸਪਸ਼ਟ ਰੂਪ ਵਿੱਚ ਸਮਝਣ ਲਈ ਕਈ ਵੱਖਰੇ ਲੇਖਾਂ ਦੀ ਲੋੜ ਹੈ।

ਪੰਜਾਬ ਦੇ ਮੌਸਮ ਵਿੱਚ ਅਤਿ ਦੀ ਗਰਮੀ ਅਤੇ ਅਤਿ ਦੀ ਸਰਦੀ ਨੇ ਪੰਜਾਬੀਆਂ ਨੂੰ ਆਪਣੇ ਘਰਾਂ, ਮੁਹੱਲਿਆਂ, ਪਿੰਡਾਂ ਅਤੇ ਸ਼ਹਿਰਾਂ ਨੂੰ ਇਸ ਅਤਿ ਦੇ ਮੌਸਮ ਤੋਂ ਬਚਣਾ ਸਿਖਾਇਆ। ਪੰਜਾਬ ਵਿੱਚ ਲੰਮੀਆਂ ਅਤਿ ਦੀਆਂ ਗਰਮੀਆਂ, ਹੁੰਮਸ ਵਾਲੀਆਂ ਬਰਸਾਤਾਂ, ਛੋਟੀਆਂ ਪਰ ਅਤਿ ਦੀਆਂ ਸਰਦੀਆਂ ਵਿੱਚ ਘਰਾਂ ਦੀਆਂ ਚੌੜੀਆਂ ਉੱਚੀਆਂ ਕੰਧਾਂ, ਪਰਤ-ਦਰ-ਪਰਤ ਮੋਟੀਆਂ ਛੱਤਾਂ, ਕਿਤੇ-ਕਿਤੇ ਛੱਤਾਂ ਵਿੱਚ ਘੁੱਘ, ਕੰਧਾਂ ਵਿੱਚ ਘੱਟ ਬੂਹੇ-ਬਾਰੀਆਂ ਪਰ ਉੱਚੇ ਰੋਸ਼ਨਦਾਨ, ਉੱਚੀਆਂ ਕੰਧਾਂ ਵਿੱਚ ਘਿਰੇ ਬਰਾਂਡੇ, ਗਲੀ ਵੱਲ ਛੱਤੀ ਹੋਈ ਡਿਉਢੀ, ਵਿਚਕਾਰੋਂ ਦਰਵਾਜ਼ਾ, ਪਿੰਡਾਂ ਅਤੇ ਸ਼ਹਿਰਾਂ ਦੇ ਮੁੱਖ ਰੂਪ ਆਕਾਰ ਸਨ। ਗਰਮੀ ਤੋਂ ਬਚਣ ਲਈ ਬਾਹਰੋਂ ਪੱਕੀਆਂ, ਅੰਦਰੋਂ ਕੱਚੀਆਂ ਕੰਧਾਂ, ਗਲੀ ਵਿੱਚੋਂ ਹਵਾ ਖਿੱਚਣ ਲਈ ਝਰੋਖੇਨੁਮਾ ਬਾਰੀਆਂ, ਜ਼ਮੀਨ ਦਰੋਜ਼ ਤਹਿਖਾਨੇ, ਮੰਮਟੀਆਂ, ਚੁਬਾਰੇ, ਭੀੜੀਆਂ ਤੰਗ ਵਲ-ਵਲੇਵੇਂ ਖਾਂਦੀਆਂ ਗਲੀਆਂ ਜਿੱਥੇ ਇੱਕ ਪਾਸੇ ਲੂ ਦਾ ਪ੍ਰਕੋਪ ਘਟਾਉਂਦੀਆਂ ਉੱਥੇ ਦੂਜੇ ਪਾਸੇ ਉੱਚੀਆਂ ਕੰਧਾਂ ਕਰਕੇ ਨਾਲ ਦੇ ਘਰਾਂ ਅਤੇ ਕਮਰਿਆਂ ਉੱਤੇ ਬਹੁਤਾ ਵੇਲਾ ਪ੍ਰਛਾਵਾਂ ਰਹਿਣ ਕਰਕੇ ਘਰ, ਕਮਰੇ ਅਤੇ ਗਲੀਆਂ ਠੰਢੇ ਰਹਿੰਦੇ। ਘਰਾਂ ਦੀ ਵਿਉਂਤ ਵਿੱਚ ਹਵਾ ਨਿਰਵਿਘਨ ਘੱਟ ਹੀ ਰੁਮਕਦੀ, ਸੂਰਜ ਦੀਆਂ ਕਿਰਨਾਂ ਦੇ ਪ੍ਰਕੋਪ ਤੋਂ ਕਈ ਕਮਰੇ ਬਚਾ ਕੇ ਰੱਖੇ ਜਾਂਦੇ। ਇਸ ਕਰਕੇ ਕਈ ਘਰ ਅਤੇ ਕਮਰੇ ਹਨ੍ਹੇਰੇ ਅਤੇ ਸਲ੍ਹਾਬੇ ਹੁੰਦੇ। ਇਹਨਾਂ ਘਰਾਂ ਦੀਆਂ ਕੋਠੜੀਆਂ ਵਿੱਚ ਚੂਹੇ, ਕਿਰਲੀਆਂ, ਠੰੂਹੇ ਫਿਰਦੇ। ਪਰ ਇਹਨਾਂ ਖਾਮੀਆਂ ਦੇ ਬਾਵਜੂਦ ਹਰ ਘਰ ਇੱਕ ਮਿੰਨੀ ਕਿਲ੍ਹਾ ਹੁੰਦਾ। ਚਾਰ-ਚੁਫੇਰੇ ਕਮਰੇ ਜਾਂ ਘਰ ਅਤੇ ਵਿਚਕਾਰ ਵਿਹੜਾ। ਇੰਞੇ ਹਰ ਮੁਹੱਲਾ ਕਿਲ੍ਹੇ ਨੁਮਾ ਸੁਰੱਖਿਆ ਦੇ ਨਿਯਮਾਂ ਅਧੀਨ ਬਣਾਇਆ ਜਾਂਦਾ ਅਤੇ ਫਿਰ ਸਮੁੱਚਾ ਪਿੰਡ ਜਾਂ ਕਸਬਾ ਕਿਲ੍ਹੇ ਵਰਗਾ ਹੁੰਦਾ।

ਪੰਜਾਬ ਵਿੱਚ ਗੁਰੂ ਨਾਨਕ ਬਾਣੀ ਦੇ ਤਿੰਨ ਉੱਚੇ ਆਦਰਸ਼, ਨਾਮ ਜਪੋ, ਕਿਰਤ ਕਰੋ ਅਤੇ ਵੰਡ ਕੇ ਛਕੋ, ਪੰਜਾਬੀ ਰਹਿਣ-ਸਹਿਣ ਵਿੱਚ ਡੂੰਘੀਆਂ ਜੜ੍ਹਾਂ ਫੜ ਗਏ। ਪੰਜਾਬੀ ਕਿਰਤ ਕਰਕੇ ਖ਼ੁਸ਼ਹਾਲ ਉੱਚਾ ਜੀਵਨ ਮਿਆਰ ਜੀਉਣ ਲਈ ਦੁਨੀਆਂ ਦੇ ਕਿਸੇ ਵੀ ਹਿੱਸੇ ਵਿੱਚ ਪੁੱਜਣ ਲੱਗੇ। ਪੰਜਾਬੀਆਂ ਨੇ ਹਰ ਕੰਮ, ਹਰ ਧੰਦੇ ਵਿੱਚ ਆਪਣੀ ਮਿਹਨਤ ਨਾਲ ਨਾਮਣਾ ਖੱਟਿਆ। ਜਿੱਥੇ ਵੀ ਚਾਰ ਪੰਜਾਬੀ ਇਕੱਠੇ ਹੁੰਦੇ ਉਹ ਪਹਿਲਾਂ ਗੁਰਦੁਆਰਾ ਸਥਾਪਤ ਕਰ ਲੈਂਦੇ। ਇੰਞ ਗੁਰੂ ਬਾਬਾ ਨਾਨਕ ਦੀ ਬਾਣੀ ਆਸਟ੍ਰੇਲੀਆ ਤੋਂ ਲੈ ਕੇ ਨਾਰਵੇ ਤੱਕ ਅਤੇ ਜਪਾਨ ਤੋਂ ਲੈ ਕੇ ਕੈਨੇਡਾ ਤੱਕ ਹਰ ਥਾਂ ਗੂੰਜਣ ਲੱਗੀ।

"ਸਚਹੁ ਉਰੈ ਸਭੁ ਕੋ ਉਪਰਿ ਸਚੁ ਆਚਾਰੁ" ਭਾਵ ਨਿਰਾ ਸੱਚ ਸੁਣਨ, ਸੱਚ ਵੇਖਣ ਅਤੇ ਸੱਚ ਬੋਲਣ ਤੇ ਹੀ ਗੁਰਬਾਣੀ ਨੇ ਜ਼ੋਰ ਨਹੀਂ ਦਿੱਤਾ, ਸੱਚੇ ਆਚਾਰ ਨੂੰ, ਸੱਚੀ ਜੀਵਨ-ਜਾਚ ਨੂੰ ਅਤੇ ਸੱਚ ਦੇ ਰੰਗ ਵਿੱਚ ਰੰਗ ਜਾਣ ਦੀ ਪ੍ਰਵਿਰਤੀ ਨੂੰ ਵਡਿਆਇਆ ਹੈ। ਸਚਿਆਰਾ ਜੀਵਨ ਜੀਣ ਵਾਲੇ ਨੂੰ ਗੁਰਮੁਖ ਪਿਆਰਾ ਕਹਿ ਕੇ ਸਤਿਕਾਰਿਆ ਗਿਆ। ਇਹੋ ਜਿਹੇ ਲੋਕਾਂ ਦੀ ਸੰਗਤ ਨੂੰ ਸਚਖੰਡ ਸਮਾਨ ਵਡਿਆਇਆ ਗਿਆ। ਸੱਚ ਜੀਉਣ ਲਈ ਪੰਜਾਬੀ ਰਹਿਣ-ਸਹਿਣ ਵਿੱਚ ਫ਼ੈਲਸੂਫ਼ੀਆ, ਵਿਖਾਵੇਬਾਜ਼ੀ ਲਈ ਕੋਈ ਥਾਂ ਨਹੀਂ। ਜੋ ਸੱਜਣ ਪਿਆਰਾ ਹੈ ਉਹਦੇ ਨਾਲ ਰੁੱਖੀ-ਸੁੱਖੀ ਵੰਡ ਕੇ ਛਕ ਲਈ, ਉਹਦੇ ਲਈ ਜਾਨ ਹਾਜ਼ਰ ਹੈ। ਜੋ ਦੋਖੀ ਹੈ, ਸਚਿਆਰੇ ਜੀਵਨ ਨੇ ਸਿਖਾਇਆ, ਉਹਦੀ ਵੀ ਪਿੱਠ'ਤੇ ਵਾਰ ਨਹੀਂ ਕਰਨਾ, ਉਹਨੂੰ ਲਲਕਾਰ ਕੇ ਉਹਦੇ ਤੋਂ ਬਦਲਾ ਲੈਣਾ ਹੈ।

ਧਰਮ ਨੇ ਪੰਜਾਬੀ ਜੀਵਨ ਨੂੰ ਇੱਕ ਹੋਰ ਸੰਕਲਪ ਸੁੱਚ ਦਾ ਦਿੱਤਾ। ਜਾਤਾਂ-ਪਾਤਾਂ ਦੀ ਵੰਡ ਨੇ ਸੁੱਚ ਅਧੀਨ ਇੱਕ ਪਾਸੇ ਅਛੂਤ ਅਤੇ ਭਿੱਟ ਦੇ ਸੰਕਲਪ ਪ੍ਰਚਾਰਿਤ ਕੀਤੇ, ਉੱਥੇ ਦੂਜੇ ਪਾਸੇ ਸੁੱਚ ਦਾ ਆਦਰਸ਼ ਵੀ ਵਿਆਪਕ ਰੂਪ ਵਿੱਚ ਲੋਕਾਂ ਦੇ ਦਿਲਾਂ ਅੰਦਰ ਘਰ ਕਰਦਾ ਹੈ। ਸੁਚ ਦਾ ਪ੍ਰਗਟਾਅ ਅੰਮ੍ਰਿਤ ਵੇਲੇ ਉੱਠ ਕੇ ਨਦੀਆਂ, ਸਰੋਵਰਾਂ, ਖੂਹਾਂ, ਬਾਉਲੀਆਂ ਉੱਤੇ ਇਸ਼ਨਾਨ ਕਰਨ ਵਿੱਚ ਹੋਇਆ। ਸਵਾ ਮਣ ਤੋੰ ਜ਼ਿਆਦਾ ਪਾਣੀ ਸੁੱਚਾ ਸਮਝਿਆ ਜਾਂਦਾ। ਪਾਣੀ ਦੇ ਘੜੇ, ਚੌਂਕੇ, ਚੁੱਲ੍ਹੇ, ਲੰਗਰ ਵਿੱਚ ਪਾਉਣ ਵਾਲੀ ਹਰ ਵਸਤੂ ਨੂੰ ਹੱਥ ਧੋ ਕੇ, ਸੁੱਚੇ ਹੱਥ ਲਾਉਣੇ। ਸੁੱਚਾ ਕਰਨ ਲਈ ਚੌਂਕੇ ਚੁੱਲ੍ਹੇ ਨੂੰ ਨਿੱਤ ਪਰੋਲਾ ਮਾਰਨਾ, ਦੁੱਧ ਵਾਲੀ ਕਾੜ੍ਹਨੀ, ਲੱਸੀ ਵਾਲੀ ਚਾਟੀ ਨੂੰ ਕੂਚ ਕੂਚ ਕੇ ਸਾਫ ਕਰਨਾ, ਧੁੱਪ ਲੁਆ ਕੇ ਅੰਦਰੋਂ ਆਉਂਦੀ ਦੁੱਧ-ਲੱਸੀ ਦੀ ਹਵਾੜ ਤੋਂ ਬਚਾਉਣਾ। ਕਬਰਾਂ, ਮੜ੍ਹੀਆਂ, ਸ਼ਮਸ਼ਾਨ ਘਾਟ, ਹੱਡੋ-ਰੋੜੀ ਨੂੰ ਪਿੰਡੋਂ ਇਹੋ ਜਿਹੇ ਪਾਸੇ ਵਿਉਂਤਣਾ ਕਿ ਉੱਧਰ ਦੀ ਪਲੀਤ ਹਵਾ, ਵੱਸ ਲਗਦੇ, ਪਿੰਡ ਵੱਲ ਨਾ ਆਵੇ। ਕਿਸੇ ਨੜੋਏ ਤੇ ਗਏ ਸਾਰੇ ਇਕੱਠ ਨੇ ਨ੍ਹਾਉਣਾ ਜਾਂ ਘੱਟੋ-ਘੱਟ ਲੱਤਾਂ, ਪੈਰ, ਹੱਥ-ਮੂੰਹ ਧੋ ਕੇ ਆਪਣੇ ਤਨ ਮਨ ਨੂੰ ਸੁੱਚਾ ਸਾਫ਼ ਕਰਨਾ। ਚੌਂਕੇ ਲਈ ਹੋਰ ਖੜਾਵਾਂ ਅਤੇ ਜੰਗਲ-ਪਾਣੀ ਲਈ ਹੋਰ। ਚੌਂਕੜੀ ਮਾਰ ਧਰਤੀ ਉੱਤੇ ਬੈਠਣਾ ਤੇ ਬੈਠ ਕੇ ਭੋਜਨ ਵਾਲੇ ਥਾਲ ਦੇ ਚਾਰ ਚੁਫੇਰੇ ਪਾਣੀ ਦਾ ਛਿੜਕਾ ਕਰਕੇ ਥਾਂ ਸੁੱਚਾ ਕਰਨਾ, ਪੱਤਲਾਂ ਤੇ ਪੰਗਤਾਂ ਵਿੱਚ ਬੈਠ ਕੇ ਉਂਗਲਾਂ ਨਾਲ ਖਾਣਾ, ਖਾਣੇ ਤੋਂ ਬਾਦ ਚੂਲੀ ਕਰਕੇ ਹੱਥ ਸੁੱਚੇ ਕਰਨੇ, ਸਫ਼ਰ ਵੇਲੇ ਹੱਥ ਧੋ ਕੇ ਬੁੱਕ ਨਾਲ ਪਾਣੀ ਪੀਣਾ। ਭਾਂਡੇ ਸੁਕ ਮਾਂਜਣੇ ਅਤੇ ਉਹ ਵੀ ਸੁਆਹ ਨਾਲ; ਮੇਲੇ, ਮੱਸਿਆ, ਸੰਗਰਾਂਦ, ਗੁਰਪੁਰਬ, ਵਿਸਾਖੀ, ਦੀਵਾਲੀ ਵਿਆਹ ਵਾਲੇ ਦਿਨ ਨਵੇਂ ਨਕੋਰ ਸੁੱਚੇ ਕੱਪੜੇ ਪਾਉਣੇ।

ਵਿੱਦਿਆ ਦੀ ਅਣਹੋਂਦ ਕਰਕੇ ਪੇਂਡੂ ਸੁਆਣੀਆਂ ਅਤੇ ਮੁਟਿਆਰਾਂ ਦਾ ਨਿੱਤ-ਪ੍ਰਤਿ ਜੀਵਨ ਘਰ-ਬਾਹਰ ਨੂੰ ਸੁਹਜਮਈ ਸ਼ਿੰਗਾਰ ਕਰਨ ਵਿੱਚ ਬੀਤਦਾ। ਘਰਾਂ ਨੂੰ ਪੋਚੇ ਕਲੀ ਨਾਲ ਸਜਾਉਣਾ, ਚੁੱਲ੍ਹੇ-ਚੌਂਕੇ ਦੀਆਂ ਕੰਧਾਂ ਉੱਤੇ ਸੁਹਜਮਈ ਅਕਾਰ ਉਘਾੜਣੇ, ਪੜਛੱਤੀਆਂ, ਦੁਆਖਿਆਂ, ਭੜੋਲੀਆਂ ਉੱਤੇ ਰੇਖਾ-ਚਿੱਤਰ ਬਣਾਉਣੇ, ਕਿਸੇ ਧੀ, ਭੁਆ, ਮਾਸੀ ਦੇ ਦਾਜ ਲਈ ਪਲੰਘਪੋਸ਼-ਮੇਜਪੋਸ਼ਾਂ ਦੀ ਕਢਾਈ ਵਿੱਚ ਪੈਲਾਂ ਪਾਉਂਦੇ ਮੋਰ ਵਿਖਾਉਣੇ, ਖਿੜਦਾ ਗੁਲਾਬ ਵਿਖਾਉਣਾ, ਚੋਹਲ-ਮੋਹਲ ਕਰਦੇ ਤੋਤੇ ਕਬੂਤਰ ਵਿਖਾਉਣੇ, ਸੂਤ ਕੱਤ ਕੱਤ, ਸੂਤ ਨੂੰ ਸੁਪਨਿਆਂ ਵਰਗੇ ਰੰਗਾਂ ਵਿੱਚ ਰੰਗ ਕੇ ਰਾਂਗਲੇ ਪਲੰਘ ਉਣਨੇ। ਇਹਨਾਂ ਸੁਹਜਮਈ ਆਕਾਰਾਂ ਵਿੱਚ ਧਾਰਮਿਕ ਚਿੰਨ੍ਹ, ਬਿੰਬ ਤੇ ਪ੍ਰਤੀਕ ਹੁੰਦੇ ਅਤੇ ਸਭਿਆਚਾਰਿਕ ਅਰਥ। ਇਹ ਸਾਰੀ ਸਹੁਜਮਈ ਪ੍ਰਕਿਰਿਆ ਬੁੱਲ੍ਹਾਂ ਨਾਲ ਲੋਕ-ਗੀਤ ਗੁਣਗੁਣਾ ਕੇ ਹੁੰਦੀ, ਅੱਖਾਂ ਵਿੱਚ ਸੁਪਨੇ ਲੁਕਾ ਕੇ ਹੁੰਦੀ।

ਇਹ ਪੰਜਾਬੀ ਰਹਿਣ-ਸਹਿਣ, ਸਹਿਜ ਸੁਭਾ, ਸੱਚ-ਮੁੱਚ, ਸੁਹਜ ਦੀ ਤਰਜਮਾਨੀ ਬਣ ਜਾਂਦਾ। ਉਹ ਜ਼ਿੰਦਗੀ ਜੋ ਰਾਤ ਨੂੰ ਤਾਰਿਆਂ ਦੀ ਗਰਦਸ਼ ਨਾਲ ਚੱਲਦੀ, ਸਰਘੀ ਦੀ ਲਾਲੀ ਨਾਲ ਸੋਮਣ ਹੁੰਦੀ, ਅੰਗਰੇਜ਼ ਦੇ ਆਇਆਂ, ਜਿਹੜੀ ਉਸ ਨਾਲ ਕਲ ਲਿਆਂਦੀ, ਉਸ ਨਾਲ ਕਲਯੁਗ ਵਿੱਚ ਬਦਲਦੀ ਚਲੀ ਗਈ-ਇਹ ਕਿੰਨੀ ਬਦਲੀ, ਕਿੰਨੀ ਚੰਗੇ ਲਈ, ਕਿੰਨੀ ਮੰਦੇ ਕਾਰਜਾਂ ਲਈ, ਇਹ ਇਸ ਲੇਖ ਤੋਂ ਵੱਡੇ ਲਈ ਲੇਖਾਂ ਦਾ ਵਿਸ਼ਾ ਹੈ।

ਪੰਜਾਬ ਦੇ ਰਹਿਣ-ਸਹਿਣ ਨੂੰ ਪ੍ਰਭਾਵਿਤ ਕਰਦੇ ਤੱਤਾਂ ਦੀ ਰੋਸ਼ਨੀ ਵਿੱਚ ਅਸੀਂ ਘੋਖਿਆ ਹੈ ਕਿ ਇੱਥੋਂ ਦੀ ਭੂਗੋਲਿਕ ਸਥਿਤੀ ਕਰਕੇ ਕਿਵੇਂ ਇਹ ਪ੍ਰਦੇਸ ਸਮੁੰਦਰ ਵਿੱਚੋਂ ਉਗਮਿਆ, ਕਿਵੇਂ ਦਰਿਆਵਾਂ ਇਸ ਧਰਤੀ ਨੂੰ ਜ਼ਰਖ਼ੇਜ਼ ਬਣਾਇਆ, ਕਿਵੇਂ ਇਹ ਇਲਾਕਾ ਖੇਤੀ ਪ੍ਰਧਾਨ ਇਲਾਕਾ ਬਣ ਕੇ ਖ਼ੁਸ਼ਹਾਲ ਹੋਇਆ, ਕਿਵੇਂ ਇੱਥੇ ਸਿੰਧ ਘਾਟੀ ਦੀ ਸਭਿਅਤਾ ਦਾ ਵਿਕਾਸ ਹੋਇਆ, ਆਦਿ ਆਦਿ।

ਕੁਝ ਵੀ ਸਥਿਰ ਨਹੀਂ। ਰਹਿਣ-ਸਹਿਣ ਨਿਰੰਤਰ ਗਤੀਸ਼ੀਲ ਹੈ ਇਹ ਨਿਰੰਤਰ ਬਦਲ ਰਿਹਾ ਹੈ। ਕਿੰਨਾ ਚੰਗੇ ਲਈ ਕਿੰਨਾ ਮੰਦੇ ਲਈ ਇਹਦਾ ਫੈਸਲਾ ਭਵਿੱਖ ਦੀ ਬੁੱਕਲ ਵਿੱਚ ਹੈ। ਇਸੇ ਭਵਿੱਖ ਨੂੰ ਨਵੀਂ ਪੀੜ੍ਹੀ ਨੇ ਸੁਆਰਨਾ, ਸ਼ਿੰਗਾਰਨਾ ਹੈ ਅਤੇ ਨਵੀਂ ਪੀੜ੍ਹੀ ਹੀ ਸਾਡੇ ਰਹਿਣ-ਸਹਿਣ ਨੂੰ ਨਵੀਆਂ ਲੀਹਾਂ, ਨਵੇਂ ਅਰਥ, ਨਵੇਂ ਸੰਕਲਪ ਦੇਣੇ ਹਨ।

No comments:

Post a Comment

All Suggestions welcome