ਮਨੁੱਖ ਦੀ ਹੋਂਦ ਤੋਂ ਸ਼ੁਰੂ ਹੋ ਕੇ ਅੱਜ ਤੱਕ ਬਹੁਤ ਕੁਝ ਬਦਲਿਆ ਹੈ। ਬਹੁਤ ਕੁਝ ਸਿਰਜਿਆ ਗਿਆ ਹੈ ਅਤੇ ਬਹੁਤ ਕੁਝ ਢਾਹਿਆ ਗਿਆ ਹੈ। ਇੱਕ ਜੋੜੇ ਤੋਂ ਵਧ ਕੇ ਪਰਿਵਾਰ ਤੇ ਫੇਰ ਕਬੀਲੇ ਤੱਕ ਦਾ ਮਨੁੱਖੀ ਸਫਰ ਵੀ ਕੋਈ ਬਹੁਤਾ ਸਾਦਾ ਅਤੇ ਸਿਰਫ ਪਰਿਵਾਰ ਦਾ ਵਾਧਾ ਨਹੀਂ ਰਿਹਾ ਸਗੋਂ ਇਹ ਬਹੁਤ ਹੀ ਮੁਸ਼ੱਕਤ ਵਾਲਾ ਅਤੇ ਪੇਚੀਦਾ ਰਿਹਾ ਹੈ। ਇਸ ਸਫਰ ਤੇ ਵਧਦਿਆਂ ਮਨੁੱਖ ਨੇ ਬਹੁਤ ਕੁਝ ਸਿਰਜਿਆ ਹੈ ਅਤੇ ਆਪਣੇ ਇਸ ਸ਼ੁਰੂਆਤੀ ਦੌਰ ਵਿੱਚ ਹੀ ਬਹੁਤ ਕੁਝ ਨਸ਼ਟ ਵੀ ਕੀਤਾ ਹੈ। ਇਸ ਛੋਟੇ ਜਿਹੇ ਸਫਰ ਦੌਰਾਨ ਮਨੁੱਖ ਨੇ ਸਾਂਝਾਂ ਪਾਲਣਾਂ ਸਿੱਖੀਆਂ, ਰਿਸ਼ਤੇ ਬਨਾਉਣੇ ਸਿੱਖੇ, ਸੋਚ ਦੇ ਖੰਭਾਂ ਤੇ ਚੜ੍ਹ ਕੇ ਉਡਾਰੀਆਂ ਲਾਉਣੀਆਂ ਸਿੱਖੀਆਂ, ਖੋਜ ਦੀ ਭਾਵਨਾ ਵਿਕਸਤ ਕੀਤੀ ਅਤੇ ਆਪਣਾ ਰਹਿਣ-ਸਹਿਣ ਵਿਕਸਤ ਕੀਤਾ। ਇਹ ਸਫਰ ਹੀ ਸਾਡੇ ਅੱਜ ਦੀ ਬੁਨਿਆਦ ਹੈ। ਬਸ ਇਸੇ ਸਫਰ ਵਿੱਚੋਂ ਵਿਕਸਤ ਹੋਈ ਰਹਿਣੀ-ਬਹਿਣੀ ਨੂੰ ਸੱਭਿਆਚਾਰ ਕਹਿੰਦੇ ਹਨ
ਪਿਛਲੀ ਸਦੀ ਵਿੱਚ ਅਸੀਂ ਕੁਝ ਜਿਆਦਾ ਹੀ ਤੇਜ-ਰਫਤਾਰ ਹੋ ਗਏ ਹਾਂ ਅਤੇ ਆਪਣੇ ਘਰ-ਪਰਿਵਾਰਾਂ, ਪਿੰਡਾਂ, ਸ਼ਹਿਰਾਂ ਨੁੰ ਪਿੱਛੇ ਛੱਡ ਕੇ ਆਪੋ ਆਪਣੇ ਕਮਰਿਆਂ ਅਤੇ ਹਾਣੀਆਂ ਵਿੱਚ ਉਲਝ ਕੇ ਰਹਿ ਗਏ ਹਾਂ। ਘਰਾਂ-ਪਰਿਵਾਰਾਂ, ਰਸਮੋ-ਰਿਵਾਜਾਂ, ਬਜੁਰਗਾਂ ਤੋਂ ਸਾਡੀ ਦੂਰੀ ਨੇ ਸਾਨੂੰ ਸਦੀਆਂ ਦੇ ਲੰਮੇ ਸਫਰ ਬਾਅਦ ਵਿਕਸਤ ਹੋਏ ਸਾਡੇ ਸੱਭਿਆਚਾਰ ਤੋਂ ਦੂਰ ਕਰ ਦਿੱਤਾ ਹੈ।
ਪੰਜਾਬੀ ਸੱਭਿਆਚਾਰ: ਇਤਿਹਾਸਕ ਪਿਛੋਕੜ
ਪੰਜਾਬੀ ਸੱਭਿਆਚਾਰ ਪੰਜਾਬ ਦੇ ਭੂਗੋਲਿਕ ਖਿੱਤੇ ਦੀ ਪੈਦਾਵਾਰ ਹੈ। ਪੰਜਾਬ ਦੀ ਭੂਗੋਲਿਕ ਹੱਦਬੰਦੀ ਲਗਾਤਰ ਬਦਲਦੀ ਆਈ ਹੈ। ਇਸੇ ਕਰਕੇ ਅਜੋਕਾ ਪੰਜਾਬ ਇੱਕ ਰਾਜਸੀ ਇਕਾਈ ਤਾਂ ਹੈ ਪਰ ਇਸ ਨੂੰ ਸੰਪੂਰਨ ਸੱਭਿਆਚਾਰਿਕ ਖਿੱਤੇ ਵਜੋਂ ਪ੍ਰਵਾਨ ਨਹੀਂ ਕਰ ਸਕਦੇ, ਕਿਉਂਕੀ ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਭਾਸ਼ਾ ਪੱਖੋਂ ਬਹੁਤ ਸਾਰੇ ਇਲਾਕੇ ਅਜੋਕੇ ਪੰਜਾਬ ਤੋਂ ਬਾਹਰ ਵੀ ਹਨ। ਵਾਸਤਵ ਵਿੱਚ ਪੰਜਾਬ ਪੰਜਾਬੀ ਬੋਲਦੇ ਸਾਂਝੇ ਵਿਰਸੇ ਦੇ ਲੋਕਾਂ ਦੇ ਸਾਂਝੇ ਜੀਵਨ ਢੰਗ, ਵੱਖਰੀ ਸਰੀਰਿਕ ਅਤੇ ਮਨੋਬਣਤਰ ਦਾ ਸੂਚਕ ਹੈ। ਪੰਜਾਬ ਦੀ ਭੂਗੋਲਿਕ ਸਥਿਤੀ ਅਜਿਹੀ ਹੈ ਕਿ ਇਹ ਪ੍ਰਾਚੀਨ ਜ਼ਮਾਨੇ ਤੋਂ ਥਲ ਰਾਹੀਂ ਭਾਰਤ ਨੂੰ ਦੱਖਣ-ਪੱਛਮੀ ਰਸਤਿਉਂ ਹੋਰ ਮੁਲਕਾਂ ਨਾਲ ਜੋੜਨ ਵਾਲਾ ਰਿਹਾ ਹੈ। ਇਸੇ ਕਰਕੇ ਪੰਜਾਬ ਨੂੰ ਭਾਰਤ ਦਾ ਪ੍ਰਵੇਸ਼-ਦੁਆਰ ਕਿਹਾ ਜਾਂਦਾ ਰਿਹਾ ਹੈ। ਪਹਿਲੇ ਜ਼ਮਾਨਿਆਂ ਵਿੱਚ ਜਿੰਨੇ ਵੀ ਲੋਕ ਜਾਂ ਹਮਲਾਵਰ ਭਾਰਤ ਵੱਲ ਆਏ ਉਹ ਪੰਜਾਬ ਵਿੱਚੋਂ ਹੀ ਲੰਘੇ। ਇਸ ਕਰਕੇ ਪੰਜਾਬ ਵਿੱਚ ਯੁਧਾਂ, ਮਾਰ-ਧਾੜਾਂ ਅਤੇ ਪਰਸਪਰ ਸਹਿਚਾਰ ਦੇ ਅਨੋਖੇ ਨਮੂਨੇ ਮਿਲਦੇ ਹਨ। ਇਹ ਅਸਲ ਵਿੱਚ ਵਿਭਿੰਨ ਨਸਲਾਂ, ਜਾਤਾਂ, ਧਰਮਾਂ ਦੀ ਸੁਮੇਲ ਭੂਮੀ ਹੈ। ਇਸੇ ਕਰਕੇ ਪੰਜਾਬੀ ਸੱਭਿਆਚਾਰ ਦੇ ਕੁਝ ਕੇਂਦਰੀ ਪੱਖ ਹੋਰ ਸੱਭਿਆਚਾਰਾਂ ਨਾਲੋਂ ਮੂਲੋਂ ਵੱਖਰੇ ਹਨ। ਪੰਜਾਬ ਦੀ ਜ਼ਰਖੇਜ਼ ਅਤੇ ਮੈਦਾਨੀ ਜ਼ਮੀਨ, ਜੀਵਨ-ਅਨੁਕੂਲ ਸਹਿੰਦਾ ਗਰਮ ਤੇ ਤਰ ਜਲਵਾਯੂ ਅਤੇ ਹਿਮਾਲਾ ਪਰਬਤ ਤੋਂ ਵਹਿੰਦੇ ਦਰਿਆਵਾਂ ਦੀ ਕੁਦਰਤੀ ਨਿਆਮਤ ਨੇ ਇਸ ਹੁਸੀਨ ਜ਼ਮੀਨ ਨੂੰ ਪ੍ਰਾਚੀਨ ਜ਼ਮਾਨੇ ਤੋਂ ਹੀ ਮਨੁੱਖੀ ਵੱਸੋਂ ਲਈ ਬਹੁਤ ਅਨੁਕੂਲ ਬਣਾਈ ਰਖਿਆ ਹੈ। ਪ੍ਰਾਣੀ-ਜੀਵਨ ਦੀਆਂ ਮੂਲ ਲੋੜਾਂ ਸਹਿਜੇ ਹੀ ਪ੍ਰਾਪਤ ਹੋ ਜਾਣ ਕਾਰਨ ਇੱਥੇ ਮਨੁੱਖ ਹਜ਼ਾਰਾਂ ਸਾਲਾਂ ਤੋਂ ਵਸਦਾ ਆ ਰਿਹਾ ਹੈ। ਲਗਾਤਾਰ ਉਥਲ-ਪੁਥਲ ਅਤੇ ਤਬਾਹੀ ਦੇ ਬਾਵਜੂਦ ਇਹ ਖਿੱਤਾ ਅਬਾਦ ਰਿਹਾ ਹੈ। ਇਸੇ ਕਰਕੇ ਹੀ ਸੱਭਿਆਚਾਰ ਵਿਗਿਆਨੀ ਪੰਜਾਬ ਨੂੰ ਸੱਭਿਆਚਾਰ ਦਾ ਪੰਘੂੜਾ ਹੋਣ ਦਾ ਮਾਣ ਦਿੰਦੇ ਹਨ।
ਇਤਿਹਾਸਿਕ ਦ੍ਰਿਸ਼ਟੀ ਤੋਂ ਪੂਰਬਲੇ ਸੱਭਿਆਚਾਰ ਦੇ ਪ੍ਰਮਾਣ ਇਸ ਧਰਤੀ ਤੋਂ ਮਿਲਦੇ ਹਨ, ਜੋ ਲਗ-ਪਗ ਦਸ ਹਜ਼ਾਰ ਸਾਲ ਤੋਂ ਵੀ ਪੁਰਾਣੇ ਹੋਣ ਦਾ ਅਨੁਮਾਨ ਹੈ। ਇਸ ਤੋਂ ਬਾਅਦ ਸਪਤ ਸਿੰਧੂ ਸੱਭਿਅਤਾ ਦੇ ਨਾਂ ਨਾਲ ਜਾਣੀ ਜਾਂਦੀ ਅਤਿ ਵਿਕਸਿਤ ਸ਼ਹਿਰੀ ਸੱਭਿਅਤਾ ਵੀ ਇਸੇ ਧਰਤੀ ਉੱਤੇ ਸਿਰਜੀ ਗਈ। ਸਪਤ ਸਿੰਧੂ ਸੱਭਿਅਤਾ ਦੇ ਪ੍ਰਾਚੀਨ ਨਮੂਨੇ ਮੁਇੰਜੋਦੜੋ, ਹੜੱਪਾ, ਸੰਘੋਲ ਅਤੇ ਢੋਲਬਾਹਾ ਆਦਿ ਥਾਂਵਾਂ ਤੋਂ ਕੀਤੀ ਖੁਦਾਈ ਤੋਂ ਪ੍ਰਾਪਤ ਹੋਏ ਹਨ। ਇਸ ਨੂੰ ਹੜੱਪਾ ਸੱਭਿਆਚਾਰ ਵੀ ਕਿਹਾ ਜਾਂਦਾ ਹੈ। ਗਲੀਆਂ, ਘਰਾਂ, ਇਸ਼ਨਾਨ-ਘਰਾਂ ਆਦਿ ਦੀ ਨਿਸ਼ਚਿਤ ਵਿਉਂਤ ਤੋਂ ਇਹ ਪ੍ਰਮਾਣ ਮਿਲਦੇ ਹਨ ਕਿ ਇਹ ਸੱਭਿਅਤਾ ਉਸ ਜ਼ਮਾਨੇ ਦੇ ਹਿਸਾਬ ਨਾਲ ਬਹੁਤ ਵਿਕਸਿਤ ਸੀ। ਆਰੀਆ ਲੋਕਾਂ ਨੇ ਲਗ-ਪਗ 1500-3000 ਈਸਵੀ ਪੂਰਵ ਦੇ ਸਮੇਂ ਵਿੱਚ ਇਸ ਖਿੱਤੇ ਵਿੱਚ ਪ੍ਰਵੇਸ਼ ਕੀਤਾ। ਉਹ ਵੱਖ ਵੱਖ ਸਮਿਆਂ ਵਿੱਚ ਵੱਖ-ਵੱਖ ਟੋਲਿਆਂ ਦੇ ਰੂਪ ਵਿੱਚ ਆਏ। ਇਸ ਦੌਰ ਵਿੱਚ ਪੰਜਾਬ ਦੇ ਇਸ ਖਿੱਤੇ ਵਿੱਚ ਆਰੀਆ ਸੱਭਿਆਚਾਰ ਦਾ ਆਰੰਭ ਹੁੰਦਾ ਹੈ, ਜਿਸ ਨੇ ਸੰਸਾਰ ਨੂੰ ਸੱਭਿਆਚਾਰਿਕ ਪੱਖ ਤੋਂ ਮਹਾਨ ਯੋਗਦਾਨ ਦਿੱਤਾ।
ਪੰਜਾਬ ਦੀ ਇਸ ਧਰਤੀ ਦਾ ਇਹ ਨਾਂ ਤਾਂ ਮੁਸਲਮਾਨਾਂ ਦੇ ਆਉਣ ਨਾਲ ਪੰਜ+ਆਬ ਤੋਂ ਪ੍ਰਚਲਿਤ ਹੋਇਆ, ਪਰ ਇਸ ਤੋਂ ਪਹਿਲਾਂ ਇਸ ਖਿੱਤੇ ਬਾਰੇ ਪੰਚਨਦ ਨਾਂ ਦੀ ਵਰਤੋਂ ਦੇ ਹਵਾਲੇ ਪ੍ਰਾਪਤ ਹਨ। ਸਮੇਂ ਦੇ ਬਦਲਣ ਨਾਲ ਪੰਜਾਬ ਦਾ ਇਹ ਭੂਗੋਲਿਕ ਖਿੱਤਾ ਸੰਸਾਰ ਦੇ ਪ੍ਰਾਚੀਨਤਮ ਵਿਕਸਿਤ ਮਹਾਨ ਸੱਭਿਆਚਾਰ ਦਾ ਕੇਂਦਰ ਬਣ ਜਾਂਦਾ ਹੈ ਪੰਜਾਬ ਦੀ ਇਸ ਧਰਤੀ ਉੱਤੇ ਚਾਰੇ ਵੇਦ (ਰਿਗਵੇਦ, ਸਾਮਵੇਦ, ਯਜੁਰਵੇਦ ਅਤੇ ਅਥਰਵ ਵੇਦ) ਰਚੇ ਗਏ, ਜੋ ਅਜੇ ਤੱਕ ਵੀ ਸਾਡੀ ਸੱਭਿਆਚਾਰਿਕ ਪ੍ਰਾਚੀਨਤਾ ਅਤੇ ਮਹਾਨਤਾ ਦਾ ਉੱਤਮ ਨਮੂਨਾ ਹਨ। ਉਪਨਿਸ਼ਦ ਗਿਆਨ-ਸਾਹਿਤ ਦੀ ਦੂਸਰੀ ਮਾਣਯੋਗ ਵੰਨਗੀ ਹੈ ਜੋ ਇੱਥੇ ਰਚੀ ਗਈ। ਭਾਸ਼ਾ-ਵਿਆਕਰਨ ਸੰਬੰਧੀ ਪਾਣਨੀ ਦੀ ਜਗਤ-ਪ੍ਰਸਿੱਧ ਰਚਨਾ 'ਅਸ਼ਟਾਧਿਆਇ' ਵੀ ਇਸੇ ਧਰਤੀ ਤੇ ਲਿਖੀ ਗਈ। ਇਸੇ ਸਮੇਂ ਤਕਸ਼ਿਲਾ ਨਾਂ ਦਾ ਸਿੱਖਿਆ ਕੇਂਦਰ ਬਹੁਤ ਚਰਚਿਤ ਰਿਹਾ, ਜਿੱਥੇ ਦੇਸਾਂ-ਦੇਸਾਂਤਰਾਂ ਤੋਂ ਰਾਜਕੁਮਾਰ ਪੜ੍ਹਨ ਆਉਂਦੇ ਰਹੇ।
ਪੰਜਾਬੀ ਸੱਭਿਆਚਾਰ ਦੇ ਵਿਕਾਸ ਦਾ ਇੱਕ ਪੜਾਅ ਇਸਲਾਮ ਧਰਮ ਦੇ ਦਖਲ ਅਥਵਾ ਮੁਸਲਮਾਨੀ ਹਮਲਿਆਂ ਨਾਲ ਸ਼ੁਰੂ ਹੁੰਦਾ ਹੈ ਜਿਸ ਦਾ ਆਰੰਭ 712 ਈਸਵੀ ਵਿੱਚ ਮੁੰਹਮਦ ਬਿਨ ਕਾਸਮ ਦੇ ਹਮਲੇ ਨੇ ਕੀਤਾ। ਸੱਤ ਸਦੀਆਂ ਦੇ ਲਗਾਤਾਰ ਹਮਲਿਆਂ ਦੌਰਾਨ ਮੁਸਲਮਾਨੀ ਰਾਜ ਸਥਾਪਤ ਹੁੰਦੇ ਰਹੇ ਜਿਨ੍ਹਾਂ ਦੀ ਸਿਖਰ ਮੁਗ਼ਲ ਰਾਜ ਸੀ। ਇਸ ਦੌਰ ਵਿੱਚ ਪੰਜਾਬੀ ਸੱਭਿਆਚਾਰ ਉੱਤੇ ਸਭ ਤੋਂ ਵੱਧ ਪ੍ਰਭਾਵ ਇਸਲਾਮ ਧਰਮ ਅਤੇ ਸੱਭਿਆਚਾਰ ਦਾ ਪਿਆ। ਸੂਫ਼ੀਮਤ ਨੇ ਕੱਟੜ ਬ੍ਰਾਹਮਣੀ ਵਿਵਸਥਾ ਤੋਂ ਦੁਖੀ ਲੋਕਾਂ ਨੂੰ ਰਾਹਤ ਦਿਵਾਈ। ਪੰਜਾਬੀ ਖਾਣ-ਪੀਣ, ਪਹਿਰਾਵੇ, ਭਾਸ਼ਾ ਅਤੇ ਸਾਹਿਤ ਉੱਤੇ ਇਸਲਾਮੀ ਸੱਭਿਆਚਾਰ ਦਾ ਪ੍ਰਭਾਵ ਨਿਖੇੜਨਾ ਬਹੁਤ ਮੁਸ਼ਕਲ ਹੈ।
ਮੱਧ ਯੁੱਗ ਵਿੱਚ ਪੰਜਾਬੀ ਸੱਭਿਆਚਾਰ ਦੇ ਇਤਿਹਾਸ ਵਿੱਚ ਇੱਕ ਨਵਾਂ ਦੌਰ ਗੁਰੂ ਨਾਨਕ ਦੇਵ ਜੀ ਦੁਆਰਾ ਸਿੱਖ ਧਰਮ ਦੀ ਸਥਾਪਨਾ ਨਾਲ ਸ਼ੁਰੂ ਹੁੰਦਾ ਹੈ। ਪੰਜਾਬ ਦੀ ਇਸ ਧਰਤੀ ਉੱਤੇ ਪੰਜਾਬੀ ਲੋਕਾਂ ਦੇ ਦੁੱਖਾਂ ਦਾ ਇਲਾਜ ਅਤੇ ਆਦਰਸ਼ਾਂ ਦੀ ਸਿਰਜਣਾ ਗੁਰੂ ਸਾਹਿਬਾਨ ਨੇ ਲੋਕ ਪੱਖੀ ਦ੍ਰਿਸ਼ਟੀ ਤੋਂ ਕੀਤੀ। ਇਸ ਜੀਵਨ ਦੀ ਕੇਂਦਰੀ ਮਹੱਤਾ ਸਥਾਪਤ ਕਰਦਿਆਂ ਕਿਰਤ ਕਰਨ, ਨਾਮ ਜਪਣ ਅਤੇ ਵੰਡ ਛਕਣ ਦੇ ਸਰਬ ਕਾਲਿਆਣਕਾਰੀ ਸਮਾਜੀ ਮਨੁੱਖੀ ਸੰਕਲਪ ਪੇਸ਼ ਕੀਤੇ। ਇਸ ਵਿੱਚ ਜਾਤ-ਪਾਤ, ਊਚ-ਨੀਚ ਆਦਿ ਦੇ ਭੇਦ-ਭਾਵਾਂ ਨੂੰ ਛੱਡ ਕੇ ਮਾਨਵੀ ਸਾਂਝ ਅਤੇ ਸਰਬਤ ਦੇ ਭਲੇ ਦੀ ਗੱਲ ਕੀਤੀ ਗਈ। ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਆਦਿ ਗ੍ਰੰਥ ਦੀ ਸੰਪਾਦਨਾ ਨੇ ਸੰਸਾਰ ਸਾਹਿਤ ਨੂੰ ਲਾਸਾਨੀ ਖ਼ਜਾਨਾ ਦਿੱਤਾ ਜਿਸ ਵਿੱਚ ਮਾਨਵਤਾ ਦੀ ਮੁਕਤੀ ਦਾ ਸੰਦੇਸ਼ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਿਰਜਣਾ ਕਰਕੇ ਪੰਜਾਬ ਦੀ ਇਸ ਧਰਤੀ ਨੂੰ ਨਵੀਂ ਪੁੱਠ ਦਿੱਤੀ। ਪੰਜਾਬੀ ਸੱਭਿਆਚਾਰ ਲਈ ਇਹ ਦੌਰ, ਇਸ ਦੀ ਸੁਤੰਤਰ ਅਤੇ ਮੌਲਿਕ ਪਛਾਣ ਦਾ ਸੁਨਹਿਰੀ ਦੌਰ ਕਿਹਾ ਜਾ ਸਕਦਾ ਹੈ।
ਪੰਜਾਬੀ ਸੱਭਿਆਚਾਰ ਦੇ ਵਿਕਾਸ ਵਿੱਚ ਅਗਲੇਰਾ ਪੜਾਅ ਅੰਗਰੇਜ਼ਾਂ ਦੀ ਬਾਕੀ ਭਾਰਤ ਸਮੇਤ ਪੰਜਾਬ ਉੱਤੇ ਰਾਜਸੀ ਸਰਦਾਰੀ ਨਾਲ ਸ਼ੁਰੂ ਹੁੰਦਾ ਹੈ। ਇਸ ਨਾਲ ਪੰਜਾਬੀ ਜਨ-ਸਧਾਰਨ ਦਾ ਵਿਕਸ ਰਹੀ ਪੂੰਜੀਵਾਦੀ ਰਾਜਸੀ, ਆਰਥਿਕ, ਸੱਭਿਆਚਾਰਿਕ ਵਿਵਸਥਾ ਨਾਲ ਅਜਿਹਾ ਵਾਹ ਪਿਆ ਜਿਸ ਦੇ ਦੂਰ-ਅੰਦੇਸ ਪਰਿਣਾਮ ਨਿਕਲੇ। ਜੇ ਅਸੀਂ ਹੁਣ ਇਹਨਾਂ ਪ੍ਰਭਾਵਾਂ ਅਤੇ ਪਰਿਣਾਵਾਂ ਨੂੰ ਘੋਖੀਏ ਤਾਂ ਦਿਲਚਸਪ ਤੱਥ ਉੱਭਰਦੇ ਹਨ। ਪੰਜਾਬ ਦੇ ਲੋਕ ਅੰਗਰੇਜ਼ੀ ਭਾਸ਼ਾ ਰਾਹੀਂ ਸੰਸਾਰ ਸਾਹਿਤ, ਸੰਸਾਰ ਦਰਸ਼ਨ ਅਤੇ ਸੰਸਾਰ ਸੱਭਿਆਚਾਰ ਨਾਲ ਸੰਪਰਕ ਵਿੱਚ ਆਏ। ਅੰਗਰੇਜ਼ੀ ਸੱਭਿਆਚਾਰ ਨਾਲ ਉਹ ਇੱਕ ਗੁਲਾਮ ਸੱਭਿਆਚਾਰ ਵੱਜੋਂ ਸੰਪਰਕ ਵਿੱਚ ਆਏ ਸਨ, ਜਿਸ ਦੇ ਬਹੁਤ ਵਿਕੋਲਿਤਰੇ ਅਤੇ ਉਲਟੇ-ਪੁਲਟੇ ਪ੍ਰਭਾਵ ਪੈਂਦੇ ਰਹੇ। ਹਾਂ-ਪੱਖੀ ਪ੍ਰਭਾਵਾਂ ਨੇ ਪੰਜਾਬੀਆਂ ਦੀ ਜ਼ਿੰਦਗੀ ਵਿੱਚ ਬਹੁਤ ਚੰਗੇਰੇ ਪਰਿਵਰਤਨ ਵੀ ਲਿਆਂਦੇ। ਵਿਗਿਆਨਿਕ ਲੀਹਾਂ ਤੇ ਉਸਰ ਰਹੇ ਪੱਛਮੀ ਸੱਭਿਆਚਾਰ ਨੇ ਇਹਨਾਂ ਦੀ ਪਰੰਪਰਾਗਤ ਰਹਿਤਲ ਨੂੰ ਝੰਜੋੜ ਸੁੱਟਿਆ ਅਤੇ ਖੁੱਲ੍ਹੇਪਣ ਦਾ ਇਹਸਾਸ ਕਰਵਾਇਆ। ਅੰਗਰੇਜ਼ੀ ਭਾਸ਼ਾ ਤੇ ਸਾਹਿਤ ਦੇ ਸੰਪਰਕ ਨੇ ਨਵੇਂ ਗਿਆਨ-ਵਿਗਿਆਨ ਤੱਕ ਸਾਡੀ ਰਸਾਈ ਕਰਵਾਈ। ਇਸ ਟਾਕਰਵੇਂ ਸੱਭਿਆਚਾਰ ਨਾਲ ਮੁਕਾਬਲੇ ਅਤੇ ਸਾਂਝ ਦੇ ਨਵੇਂ ਪਹਿਲੂ ਉੱਭਰੇ। ਰੇਲ, ਡਾਕ-ਤਾਰ ਅਤੇ ਹੋਰ ਨਵੀਨ ਵਸੀਲਿਆਂ ਨੇ ਸਾਡੀ ਜੀਵਨ ਗਤੀ ਵਿੱਚ ਤੇਜ਼ੀ ਲਿਆਂਦੀ। ਇਸ ਤਰ੍ਹਾਂ ਅੰਗਰੇਜ਼ੀ ਸੱਭਿਆਚਾਰ ਨੇ ਪੰਜਾਬੀ ਸੱਭਿਆਚਾਰ ਵਿੱਚ ਮੂਲ ਨਵੇਂ ਪਰਿਵਰਤਨ ਲਿਆਂਦੇ।
ਪੰਜਾਬੀ ਚਰਿੱਤਰ ਦੇ ਪਛਾਣ-ਚਿੰਨ੍ਹ
ਪੰਜਾਬੀ ਸੱਭਿਆਚਾਰ ਦੀ ਵਿਸ਼ੇਸ਼ ਭੂਗੋਲਿਕ ਸਥਿਤੀ, ਨਵੇਕਲੇ ਜਲਵਾਯੂ ਅਤੇ ਇਤਿਹਾਸਿਕ ਉਤਰਾਵਾਂ-ਚੜ੍ਹਾਵਾਂ ਨੇ ਪੰਜਾਬੀ ਜੀਵਨ-ਜਾਚ ਦੇ ਕਈ ਅਜਿਹੇ ਦਿਲਚਸਪ ਅਤੇ ਸ਼ਕਤੀਸ਼ਾਲੀ ਪੱਖ ਉਸਾਰੇ ਹਨ, ਜੋ ਪੰਜਾਬੀਅਤ ਦੇ ਪਛਾਣ-ਚਿੰਨ੍ਹ ਬਣ ਗਏ ਹਨ। ਇਹ ਪੰਜਾਬੀਆਂ ਦੀ ਵੱਖਰੀ ਤਾਸੀਰ, ਚਰਿੱਤਰ, ਮਨੋਰਥਾਂ ਅਤੇ ਆਦਰਸ਼ਾਂ ਵਿੱਚ ਉਜਾਗਰ ਹੁੰਦੇ ਹਨ। ਉਪਜਾਊ ਭੂਮੀ ਕਾਰਨ ਭੁੱਖੇ ਮਰਨਾਂ ਪੰਜਾਬੀਆਂ ਦੇ ਹਿੱਸੇ ਨਹੀਂ ਆਇਆ ਪਰ ਨਾਲ ਹੀ ਕਰੜੀ ਮਿਹਨਤ ਕਰਕੇ ਇਸ ਤੇ ਹੱਕ ਜਤਾਉਣ ਦੀ ਪ੍ਰਚੰਡ ਪ੍ਰਵਿਰਤੀ ਪੰਜਾਬੀਆਂ ਦਾ ਖ਼ਾਸਾ ਹੈ। ਕਿਰਤ ਕਰਨ ਨੂੰ ਮਾਣ ਸਮਝਣਾ ਅਤੇ ਕਿਰਤ ਕਮਾਈ ਉੱਤੇ ਹੱਕ ਜਤਾਉਣਾ ਇਹਨਾਂ ਦੀ ਖ਼ੂਬੀ ਹੈ। ਲਗਾਤਾਰ ਜੰਗਾਂ, ਯੁਧਾਂ ਦਾ ਅਖਾੜਾ ਬਣੇ ਰਹਿਣ ਕਾਰਨ ਪੰਜਾਬੀ ਉੱਜੜਦੇ ਰਹਿਣ ਤੇ ਵੀ ਫੇਰ ਵੱਸਣ ਦੀ ਅਨੋਖੀ ਜੀਵਨ-ਤਾਂਘ ਨਾਲ ਓਤਪੋਤ ਹਨ। ਸੱਭਿਆਚਾਰ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਇਸ ਧਰਤੀ ਉੱਤੇ ਉਹੀ ਲੋਕ ਟਿਕੇ ਜੋ ਨਾ ਯੁਧ ਤੋਂ ਡਰਦੇ ਸਨ, ਨਾ ਮੌਤ ਤੋਂ ਅਤੇ ਨਾ ਲੁੱਟੇ-ਪੁੱਟੇ ਜਾਣ ਤੋਂ, ਸਗੋਂ ਹਾਲਤ ਅਨੁਸਾਰ ਹਮੇਸ਼ਾਂ ਜੀਵਨ ਸੰਘਰਸ਼ ਕਰਨ ਨੂੰ ਤਿਆਰ ਰਹਿੰਦੇ ਸਨ। ਪੰਜਾਬੀ ਪਹਿਲ-ਕਦਮੀ ਕਰਨ ਵਾਲੇ ਹਨ। ਇਹ ਖੜੋਤ ਵਿੱਚ ਯਕੀਨ ਨਹੀਂ ਰੱਖਦੇ। ਇਹ ਕੁਝ ਨਾ ਕੁਝ ਕਰਨ ਦੇ ਆਹਰ ਵਿੱਚ ਰਹਿੰਦੇ ਹਨ, ਜੋਰ ਨਹੀਂ ਤਾਂ ਆਪੋ ਵਿੱਚ ਲੜਨ-ਮਰਨ ਦੇ।
ਇਸ ਨਿਰੰਤਰ ਉਥਲ-ਪੁਥਲ ਨੇ ਪੰਜਾਬੀ ਸੁਭਾਅ ਵਿੱਚ ਦੋ ਮੁੰਹ ਜ਼ੋਰ ਪ੍ਰਵਿਰਤੀਆਂ ਪੈਦਾ ਕੀਤੀਆਂ ਹਨ। ਪਹਿਲੀ ਇਹ ਕਿ ਪੰਜਾਬੀ ਜ਼ਿੰਦਗੀ ਨੂੰ ਜਨੂੰਨ ਵਾਂਗ ਜਿਉਂਦਾ ਹੈ। ਇਸ ਕਰਕੇ ਉਸਦਾ ਸੁਭਾਅ ਭੜਕੀਲਾ ਹੈ। ਉਹ ਫ਼ੌਰੀ ਅਤੇ ਇਕਦਮ ਤੱਤਾ ਹੋ ਉਠਦਾ ਹੈ ਅਤੇ ਓਨੀ ਹੀ ਤੇਜ਼ੀ ਨਾਲ ਉਹ ਸਭ ਕੁਝ ਭੁੱਲਣ ਲਈ ਤਿਆਰ ਹੋ ਜਾਂਦਾ ਹੈ। ਜ਼ਿੰਦਗੀ ਨੇ ਉਸਨੂੰ ਬੜੇ ਖੌਫਨਾਕ ਸਬਕ ਸਿਖਾਏ ਹਨ। ਲਗਾਤਾਰ ਬਾਹਰੀ ਹਮਲਿਆਂ ਦਾ ਸ਼ਿਕਾਰ ਰਿਹਾ ਪੰਜਾਬੀ, ਸੁਭਾਅ ਵੱਜੋਂ ਹੀ, ਟਿਕਾਓ ਵਾਲਾ ਜੀਵਨ ਬਤੀਤ ਕਰਨੋ ਇਨਕਾਰੀ ਬਣ ਗਿਆਂ ਹੈ। ਦੂਸਰੀ ਪ੍ਰਵਿਰਤੀ ਉੱਚੀ ਬੋਲਣ ਅਤੇ ਲੋੜੋਂ ਵਧੇਰੇ ਤੀਂਘੜਨ ਦੀ ਹੈ। ਉਸਦੀ ਗੱਲ-ਬਾਤ ਉੱਚੀ, ਸੰਗੀਤ ਤਿੱਖਾ, ਉੱਚਾ ਤੇ ਤੇਜ਼ ਅਤੇ ਵਿਖਾਵੇ ਦੀ ਰੁਚੀ ਅਥਾਹ ਹੈ। ਨਿਰੰਤਰ ਦਬਾਵਾਂ ਅਤੇ ਟਕਰਾਵਾਂ ਵਿੱਚ ਉੱਸਰੇ ਪੰਜਾਬੀ ਸਮੂਹਕ ਅਵਚੇਤਨ ਦਾ ਇਹ ਨਿਆਰਾ ਨਤੀਜਾ ਹੈ। ਇਸੇ ਕਰਕੇ ਪੰਜਾਬੀ ਨਾਇਕ ਦਾ ਮੁਹਾਂਦਰਾ ਵੀ ਅਜਿਹੇ ਵਿਅਕਤੀਆਂ ਦਾ ਹੀ ਹੈ ਜੋ ਪੂਰੀ ਸਰਗਰਮੀ, ਸਿਰੇ ਦੀ ਸ਼ਿੱਦਤ ਅਤੇ ਜਨੂੰਨ ਨਾਲ ਆਪਣੇ ਪੈੰਡੇ ਪੈਂਦੇ ਹਨ। ਪੰਜਾਬੀਆਂ ਦੇ ਨਾਇਕ ਹਨ ਜੋਗੀ, ਯੋਧਾ ਤੇ ਆਸ਼ਕ। ਰਾਜਾ ਪੰਜਾਬੀ ਸੱਭਿਆਚਾਰ ਦਾ ਲੋਕ-ਨਾਇਕ ਨਹੀਂ, ਸਗੋਂ ਰਾਜਾ ਤ੍ਰਿਸਕਾਰ ਦਾ ਪਾਤਰ ਹੈ। ਪੰਜਾਬੀਆਂ ਨੇ ਰਾਜੇ ਦੀ ਸ਼ਕਤੀ ਅਤੇ ਸ਼ਾਨੋ-ਸ਼ੌਕਤ ਦੀ ਬਜਾਏ ਫ਼ਕੀਰ ਦੀ ਉੱਚਤਾ-ਸੁੱਚਤਾ ਨੂੰ ਮਾਣ ਦਿੱਤਾ ਹੈ। ਇਹ ਧਰਤੀ ਹੈ ਜਿੱਥੇ ਦੇ ਫ਼ਕੀਰ ਰਾਜੇ ਨੂੰ ਪਰ੍ਹਾਂ ਹੋ ਖੜੋਣ ਅਤੇ ਧੁੱਪ ਛੱਡਣ ਦਾ ਬੋਲ ਬੇਖੌਫ਼ ਹੋ ਬੋਲਦੇ ਹਨ, ਪੰਜਾਬੀਆਂ ਨੇ ਬਾਦਸ਼ਾਹ ਦਰਵੇਸ਼ਾਂ ਨੂੰ ਲੋਕ-ਨਾਇਕ ਮੰਨਿਆ ਹੈ।
ਪੰਜਾਬੀ ਸੱਭਿਆਚਾਰ ਦੀ ਇੱਕ ਹੋਰ ਖ਼ਾਸੀਅਤ ਇਹ ਹੈ ਕਿ ਇਹ ਤਿਆਗਵਾਦੀ ਜੀਵਨ-ਫ਼ਲਸਫ਼ੇ ਨੂੰ ਪ੍ਰਵਾਨ ਨਹੀਂ ਕਰਦਾ। ਇਹ ਜੀਵਨ ਨੂੰ ਸੱਚਾ-ਸੁੱਚਾ ਮੰਨਦੇ ਹੋਏ ਇਸ ਵਿੱਚ ਮਨੁੱਖੀ ਵਡਿੱਤਣ ਸਿਰਜਣ ਦਾ ਮੱਤ ਪੇਸ਼ ਕਰਦਾ ਹੈ। ਇਸ ਜੀਵਨ, ਮਨੁੱਖ ਤੇ ਸੰਸਾਰ ਨੂੰ ਸੱਚਾ ਮੰਨਣ ਕਾਰਨ ਪੰਜਾਬੀਆਂ ਦੇ ਸਾਰੇ ਕਾਰ-ਵਿਹਾਰ, ਆਦਰਸ਼ ਅਤੇ ਮਨੋਰਥ ਮਨੁੱਖ ਕੇਂਦਰਿਤ ਬਣਦੇ ਗਏ। ਇਸੇ ਕਰਕੇ ਪੰਜਾਬੀ ਸੱਭਿਆਚਾਰ ਵਿੱਚ ਜੀਵਨ ਨੂੰ ਜਿਊਣ ਦੀ ਇੱਛਾ ਅਤੇ ਸ਼ਕਤੀ ਨੂੰ ਕੇਂਦਰੀ ਸਥਾਨ ਪ੍ਰਾਪਤ ਹੈ। ਭਰਪੂਰ ਜੀਵਨ ਲਈ ਸੰਘਰਸ਼ ਪੰਜਾਬੀਆਂ ਦਾ ਖ਼ਾਸਾ ਹੈ। 'ਖਾਧਾ ਪੀਤਾ ਲਾਹੇ ਦਾ' ਦੀ ਧਾਰਨਾ ਇਸੇ ਹੀ ਜੀਵਨ ਅਨੁਭਵ ਦਾ ਨਿਚੋੜ ਹੈ।
ਪੰਜਾਬੀਆਂ ਦਾ ਪਹਿਰਾਵਾ, ਰੀਤਾਂ, ਹਾਰ-ਸ਼ਿੰਗਾਰ ਅਤੇ ਲੋਕ-ਗੀਤ ਪੰਜਾਬੀ ਸੱਭਿਆਚਾਰ ਦੀ ਰੰਗੀਲੀ ਤਸਵੀਰ ਉਲੀਕਦੇ ਹਨ। ਜ਼ਿੰਦਗੀ ਦੇ ਹਰ ਮੌਕੇ ਲਈ ਰੌਚਕ ਰੀਤਾਂ ਦੀ ਲੜੀ ਹਰੇਕ ਪੰਜਾਬੀ ਧਰਤੀ ਨੂੰ ਆਪਣੀ ਅਤੇ ਭਾਈਚਾਰੇ ਨਾਲ ਪਰੋਈ ਰੱਖਦੀ ਹੈ।
No comments:
Post a Comment
All Suggestions welcome